ਭਾਰਤ ਵਿੱਚ ਪਿਛਲੇ 70 ਦਿਨਾਂ ਤੋਂ ਜਾਰੀ ਕਿਸਾਨ ਅੰਦੋਲਨ ਨੂੰ ਦੁਨੀਆ ਦੀਆਂ ਕਈ ਵੱਡੀਆਂ ਹਸਤੀਆਂ ਦਾ ਸਮਰਥਨ ਮਿਲਿਆ ਹੈ। ਨੌਰਵੇ ਦੀ ਪੌਪ ਸਟਾਰ ਰਿਹਾਨਾ ਤੇ 18 ਸਾਲਾ ਕਲਾਈਮੇਟ ਐਕਟੀਵਿਸਟ ਗ੍ਰੇਟਾ ਥਨਬਰਗ ਸਮੇਤ ਕਈ ਵਿਦੇਸ਼ੀ ਹਸਤੀਆਂ ਨੇ ਕਿਸਾਨਾਂ ਨੂੰ ਆਪਣਾ ਸਮਰਥਨ ਦਿੱਤਾ ਹੈ। ਇਹਨਾਂ ਹਸਤੀਆਂ ਦੇ ਸਮਰਥਨ ‘ਤੇ ਦੇਸ਼ ਦਾ ਕਿਸਾਨ ਪੱਬਾਂ-ਭਾਰ ਹੈ। ਸੰਯੁਕਤ ਕਿਸਾਨ ਮੋਰਚਾ ਨੇ ਇਹਨਾਂ ਹਸਤੀਆਂ ਦੇ ਸਮਰਥਨ ਦਾ ਸਵਾਗਤ ਕੀਤਾ ਹੈ ਤੇ ਖੁਸ਼ੀ ਜਤਾਈ ਹੈ ਕਿ ਵੱਡੀਆਂ ਹਸਤੀਆਂ ਕਿਸਾਨਾਂ ਪ੍ਰਤੀ ਆਪਣੀ ਸੰਵੇਦਨਾ ਜ਼ਾਹਿਰ ਕਰ ਰਹੀਆਂ ਨੇ।
ਓਧਰ ਭਾਰਤ ਸਰਕਾਰ ਨੂੰ ਇਸ ਸਮਰਥਨ ਵਿੱਚ ਸਾਜ਼ਿਸ਼ ਨਜ਼ਰ ਆ ਰਹੀ ਹੈ। ਭਾਰਤੀ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਵਧੇਰੇਤਰ ਲੋਕ ਆਪਣੇ ਭਾਰਤ ਵਿਰੋਧੀ ਏਜੰਡੇ ਨੂੰ ਪੂਰਾ ਕਰਨ ਲਈ ਇਸ ਅੰਦੋਲਨ ਦਾ ਸਹਾਰਾ ਲੈ ਰਹੇ ਹਨ। ਅਜਿਹੇ ਲੋਕਾਂ ਨੂੰ ਕਮੈਂਟ ਕਰਨ ਤੋਂ ਪਹਿਲਾਂ ਇਸਦੇ ਬਾਰੇ ਪੂਰੀ ਜਾਣਕਾਰੀ ਹਾਸਲ ਕਰ ਲੈਣੀ ਚਾਹੀਦੀ ਹੈ। ਸੋਸ਼ਲ ਮੀਡੀਆ ‘ਤੇ ਇਸ ਨੂੰ ਸੈਂਸੇਸ਼ਨਲ ਨਹੀਂ ਬਣਾਉਣਾ ਚਾਹੀਦਾ। ਸੰਸਦ ਵਿਖ਼ਚ ਚਰਚਾ ਤੋਂ ਬਾਅਦ ਹੀ ਇਹ ਬਿਲ ਪਾਸ ਕੀਤੇ ਗਏ ਹਨ।
ਦੂਜੇ ਪਾਸੇ, ਸੰਯੁਕਤ ਕਿਸਾਨ ਮੋਰਚਾ ਦਾ ਕਹਿਣਾ ਹੈ ਕਿ ਸਰਕਾਰ ਕਿਸਾਨਾਂ ਦਾ ਦਰਦ ਨਹੀਂ ਸਮਝ ਰਹੀ ਹੈ। ਮੋਰਚੇ ਨੇ ਇਸ ‘ਤੇ ਵੀ ਚਿੰਤਾ ਜਤਾਈ ਕਿ ਕੁਝ ਲੋਕ ਸ਼ਾਂਤੀਪੂਰਵਕ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਅੱਤਵਾਦੀ ਕਹਿ ਰਹੇ ਹਨ।
ਕਾਬਿਲੇਗੌਰ ਹੈ ਕਿ ਨੌਰਵੇ ਦੀ ਪੌਪ ਸਟਾਰ ਰਿਹਾਨਾ ਨੇ ਕਿਸਾਨਾਂ ਦੇ ਸਮਰਥਨ ਵਿੱਚ ਸੋਸ਼ਲ ਮੀਡੀਆ ‘ਤੇ ਲਿਖਿਆ ਸੀ ਕਿ ਆਖਰ ਅਸੀਂ ਕਿਸਾਨ ਅੰਦੋਲਨ ਦੇ ਬਾਰੇ ਚਰਚਾ ਕਿਉਂ ਨਹੀਂ ਕਰ ਰਹੇ ਹਾਂ? ਕਲਾਈਮੇਟ ਐਕਟੀਵਿਸਟ ਗ੍ਰੇਟਾ ਥਨਬਰਗ ਨੇ ਲਿਖਿਆ, “ਅਸੀਂ ਕਿਸਾਨਾਂ ਦੇ ਅੰਦੋਲਨ ਦੇ ਨਾਲ ਖੜ੍ਹੇ ਹਾਂ।” ਪੋਰਨ ਸਟਾਰ ਰਹਿ ਚੁੱਕੀ ਮਿਆਂ ਖਲੀਫਾ ਤੇ ਹਾਲੀਵੁੱਡ ਅਦਾਕਾਰਾ ਅਮਾਂਡਾ ਕਰਨੀ ਨੇ ਵੀ ਕਿਸਾਨਾਂ ਦੇ ਅੰਦੋਲਨ ਨੂੰ ਆਪਣਾ ਸਮਰਥਨ ਦੇਣ ਦੀ ਗੱਲ ਕਹੀ ਹੈ।