November 23, 2022
(Bureau Report)
ਸਾਬਕਾ ਇੰਡੀਅਨ ਕ੍ਰਿਕਟਰ ਯੁਵਰਾਜ ਸਿੰਘ ਗੋਆ ਵਿੱਚ ਮੁਸ਼ਕਿਲ ਵਿੱਚ ਫਸ ਗਏ ਹਨ। ਦਰਅਸਲ, ਗੋਆ ਵਿੱਚ ਯੁਵਰਾਜ ਨੇ ਇੱਕ ਵਿਲਾ ਦਾ ਵਪਾਰਕ ਗਤੀਵਿਧੀਆਂ ਲਈ ਇਸਤੇਮਾਲ ਸ਼ੁਰੂ ਕਰ ਦਿੱਤਾ। ਇਸਦਾ ਪਤਾ ਲੱਗਿਆ, ਤਾਂ ਗੋਆ ਟੂਰਿਜ਼ਮ ਵਿਭਾਗ ਨੇ ਉਹਨਾਂ ਨੂੰ ਨੋਟਿਸ ਜਾਰੀ ਕਰ ਦਿੱਤਾ। ਯੁਵਰਾਜ ਨੂੰ ‘ਕਾਸਾ ਸਿੰਘ’ ਨਾਮੀ ਵਿਲਾ ਦੇ ਪਤੇ ‘ਤੇ ਨੋਟਿਸ ਜਾਰੀ ਕੀਤਾ ਗਿਆ ਹੈ।
ਨੋਟਿਸ ਵਿੱਚ ਕਿਹਾ ਗਿਆ ਹੈ ਕਿ ਯੁਵਰਾਜ ਨੇ ਗੋਆ ਦੇ ਮੋਰਜਿਮ ਵਿੱਚ ਬਣਾਏ ਵਿਲਾ ਦਾ ਹੋਮ ਸਟੇਅ ਦੇ ਤੌਰ ‘ਤੇ ਇਸਤੇਮਾਲ ਸ਼ੁਰੂ ਕਰ ਦਿੱਤਾ। ਇਸਦੇ ਲਈ ਗੋਆ ਵਿੱਚ ਸਬੰਧਤ ਐਕਟ ਦੇ ਤਹਿਤ ਰਜਿਸਟ੍ਰੇਸ਼ਨ ਨਹੀਂ ਕਰਵਾਇਆ ਗਿਆ। ਯੁਵਰਾਜ ਨੂੰ 8 ਦਸੰਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ।
ਵਿਭਾਗ ਨੇ ਪੁੱਛਿਆ- “ਕਾਰਵਾਈ ਕਿਉਂ ਨਾ ਕੀਤੀ ਜਾਵੇ?”
ਨੋਟਿਸ ਵਿੱਚ ਯੁਵਰਾਜ ਸਿੰਘ ਤੋਂ ਇਹ ਪੁੱਛਿਆ ਗਿਆ ਹੈ ਕਿ ਸੈਰ-ਸਪਾਟਾ ਵਪਾਰ ਐਕਟ ਦੇ ਤਹਿਤ ਵਿਲਾ ਦਾ ਰਜਿਸਟ੍ਰੇਸ਼ਨ ਨਾ ਕਰਾਉਣ ‘ਤੇ ਉਹਨਾਂ ਦੇ ਖਿਲਾਫ਼ ਦੰਡਕਾਰੀ ਕਾਰਵਾਈ ਕਿਉਂ ਨਾ ਕੀਤੀ ਜਾਵੇ? ਨੋਟਿਸ ਵਿੱਚ ਕਿਹਾ ਗਿਆ ਹੈ ਕਿ ਪਤਾ ਲੱਗਿਆ ਹੈ ਮੋਰਜਿਮ ਵਿੱਚ ਸਥਿਤ ਤੁਹਾਡੇ ਹਾਊਸਿੰਗ ਕੰਪਲੈਕਸ ਨੂੰ ਕਥਿਤ ਤੌਰ ‘ਤੇ ਹੋਮ ਸਟੇਅ ਦੇ ਰੂਪ ਵਿੱਚ ਇਸਤੇਮਾਲ ਕੀਤਾ ਜਾ ਰਿਹਾ ਹੈ ਅਤੇ ਇਹ ਆਨਲਾਈਨ ਵੀ ਬੁਕਿੰਗ ਲਈ ਉਪਲਬਧ ਹੈ।
ਨੋਟਿਸ ‘ਚ ਯੁਵਰਾਜ ਦੇ ਟਵੀਟ ਦਾ ਵੀ ਜ਼ਿਕਰ
ਨੋਟਿਸ ਵਿੱਚ ਯੁਵਰਾਜ ਦੇ ਇੱਕ ਟਵੀਟ ਦਾ ਵੀ ਜ਼ਿਕਰ ਹੈ, ਜਿਸ ਵਿੱਚ ਉਹਨਾਂ ਨੇ ਗੋਆ ਸਥਿਤ ਆਪਣੇ ਵਿਲਾ ਨੂੰ ਬੁਕਿੰਗ ਲਈ ਉਪਲਬਧ ਦੱਸਿਆ ਸੀ। ਨੋਟਿਸ ਵਿੱਚ ਕਿਹਾ ਗਿਆ ਹੈ ਕਿ ਜੇਕਰ 8 ਦਸੰਬਰ ਤੱਕ ਜਵਾਬ ਨਹੀਂ ਆਉਂਦਾ, ਤਾਂ ਇਹ ਮੰਨਿਆ ਜਾਵੇਗਾ ਕਿ ਨੋਟਿਸ ਵਿੱਚ ਇਲਜ਼ਾਮ ਸਹੀ ਹਨ ਅਤੇ ਧਾਰਾ 22 ਦੇ ਤਹਿਤ ਐਕਟ ਦੀ ਉਲੰਘਣਾ ਕਰਨ ‘ਤੇ ਤੁਹਾਡੇ ‘ਤੇ ਜੁਰਮਾਨਾ ਲਗਾਇਆ ਜਾ ਸਕਦਾ ਹੈ।