December 21, 2022
(New Delhi)
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ਵਿੱਚ ਕਿਹਾ ਕਿ ਦੇਸ਼ ਵਿੱਚ ਡਰੱਗਜ਼ ਇੱਕ ਗੰਭੀਰ ਸਮੱਸਿਆ ਹੈ। ਉਹਨਾਂ ਕਿਹਾ ਕਿ ਡਰੱਗਜ਼ ਨਾਲ ਹੋਣ ਵਾਲੇ ਮੁਨਾਫੇ ਦਾ ਇਸਤੇਮਾਲ ਭਾਰਤ ਵਿੱਚ ਅੱਤਵਾਦ ਨੂੰ ਵਧਾਉਣ ਲਈ ਕੀਤਾ ਜਾ ਰਿਹਾ ਹੈ। ਇਸ ਗੰਦੇ ਪੈਸੇ ਦੀ ਮੌਜੂਦਗੀ ਵੀ ਹੌਲੀ-ਹੌਲੀ ਸਾਡੀ ਅਰਥਵਿਵਸਥਾ ਨੂੰ ਖੋਖਲਾ ਕਰ ਦਿੰਦੀ ਹੈ।
‘ਆਉਣ ਵਾਲੀਆਂ ਪੀੜ੍ਹੀਆਂ ਨੂੰ ਖਤਮ ਕਰ ਰਿਹਾ ਨਸ਼ਾ’
ਇਸਦੇ ਨਾਲ ਹੀ ਅਮਿਤ ਸ਼ਾਹ ਨੇ ਕਿਹਾ, “ਡਰੱਗਜ਼ ਦਾ ਖਤਰਾ ਇੱਕ ਗੰਭੀਰ ਸਮੱਸਿਆ ਹੈ, ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਖਤਮ ਕਰ ਰਿਹਾ ਹੈ। ਨਾਲ ਹੀ ਕਾਨੂੰਨ-ਵਿਵਸਥਾ ਨੂੰ ਵੀ ਪ੍ਰਭਾਵਿਤ ਕਰਦਾ ਹੈ।” ਸ਼ਾਹ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਦੀ ਡਰੱਗਜ਼ ਦੇ ਮੁੱਦੇ ‘ਤੇ ਜ਼ੀਰੋ ਟੌਲਰੈਂਸ ਦੀ ਨੀਤੀ ਹੈ।
ਸਾਰਿਆਂ ਨੂੰ ਮਿਲ ਕੇ ਲੜਨਾ ਪਏਗਾ- ਸ਼ਾਹ
ਸ਼ਾਹ ਨੇ ਕਿਹਾ, “ਡਰੱਗਜ਼ ਦੇ ਖਿਲਾਫ਼ ਇਹ ਲੜਾਈ ਨਾ ਕੇਂਦਰ ਸਰਕਾਰ ਦੀ, ਨਾ ਸੂਬੇ ਦੀ ਅਤੇ ਨਾ ਸਿਰਫ਼ ਇੱਕ ਵਿਭਾਗ ਦੀ ਹੈ, ਬਲਕਿ ਸਾਰੀਆਂ ਸੂਬਾ ਸਰਕਾਰਾਂ, ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਨਾਲ ਮਿਲ ਕੇ ਇਸ ਲੜਾਈ ਨੂੰ ਲੜਨਾ ਹੈ। ਸਰਹੱਦਾਂ ਤੋਂ ਵੀ ਡਰੱਗਜ਼ ਦੀ ਸਪਲਾਈ ਰੋਕਣੀ ਪਵੇਗੀ ਅਤੇ ਏਅਰਪੋਰਟ ਤੇ ਬੰਦਰਗਾਹਾਂ ਤੋਂ ਵੀ ਡਰੱਗਜ਼ ਨੂੰ ਭਾਰਤ ਵਿੱਚ ਆਉਣ ਤੋਂ ਰੋਕਣਾ ਪਵੇਗਾ।”
‘ਖਾੜੀ ਦੇਸ਼ਾਂ ਤੋਂ ਭਾਰਤ ਆ ਰਿਹਾ ਨਸ਼ਾ’
ਅਮਿਤ ਸ਼ਾਹ ਨੇ ਕਿਹਾ, “ਨਸ਼ਾ ਖਾੜੀ ਦੇਸ਼ਾਂ ਤੋਂ ਭਾਰਤ ਵੱਲ ਆ ਰਿਹਾ ਹੈ ਅਤੇ ਇਸ ਵਿੱਚ ਸ਼ਾਮਲ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਕਾਰਖਾਨਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸਦੇ ਅਧਾਰ ‘ਤੇ 12 ਸੂਬਿਆਂ ਵਿੱਚ ਛਾਪੇਮਾਰੀ ਕਰਕੇ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ।”
ਅਮਿਤ ਸ਼ਾਹ ਨੇ ਕਿਹਾ, “ਮੈਂ ਸਵੀਕਾਰ ਕਰਦਾ ਹਾਂ ਕਿ ਡਰੱਗਜ਼ ਦੇ ਖਿਲਾਫ਼ ਸਾਰੇ ਸੂਬਿਆਂ ਨੇ ਸਰਕਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ ਹੈ। ਜੋ ਸੂਬੇ ਕੇਂਦਰੀ ਏਜੰਸੀਆਂ ਦੀ ਮਦਦ ਨਹੀਂ ਕਰਦੇ, ਉਹ ਡਰੱਗ ਤਸਕਰਾਂ ਨੂੰ ਮਜਬੂਤ ਕਰ ਰਹੇ ਹਨ।” ਉਹਨਾਂ ਕਿਹਾ ਕਿ ਕੌਮੀ ਜਾਂਚ ਏਜੰਸੀ(NIA) ਨੂੰ ਸੰਸਦ ਨੇ NCB ਦੇ ਨਾਲ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਜਾਂਚ ਕਰਨ ਦਾ ਵੀ ਅਧਿਕਾਰ ਦਿੱਤਾ ਹੈ।