Home CRIME ਅਜ਼ਾਦੀ ਦਿਹਾੜੇ ਤੋੰ ਪਹਿਲਾੰ ਵੱਡੀ ਸਾਜ਼ਿਸ਼ ਨਾਕਾਮ...ਦਿੱਲੀ ਤੋੰ 4 ਦਹਿਸ਼ਤਗਰਦ ਹਥਿਆਰਾੰ ਦੇ...

ਅਜ਼ਾਦੀ ਦਿਹਾੜੇ ਤੋੰ ਪਹਿਲਾੰ ਵੱਡੀ ਸਾਜ਼ਿਸ਼ ਨਾਕਾਮ…ਦਿੱਲੀ ਤੋੰ 4 ਦਹਿਸ਼ਤਗਰਦ ਹਥਿਆਰਾੰ ਦੇ ਨਾਲ ਗ੍ਰਿਫ਼ਤਾਰ

ਚੰਡੀਗੜ੍ਹ। ਅਜ਼ਾਦੀ ਦਿਹਾੜੇ ਤੋਂ ਠੀਕ ਪਹਿਲਾਂ ਪੰਜਾਬ ਪੁਲਿਸ ਨੇ ਵੱਡੀ ਅੱਤਵਾਦੀ ਸਾਜਿਸ਼ ਨੂੰ ਨਾਕਾਮ ਕੀਤਾ ਹੈ। ਪੰਜਾਬ ਪੁਲਿਸ ਨੇ 4 ਦਹਿਸ਼ਤਗਰਦਾੰ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਪਾਕਿ-ISI ਦੇ ਸਮਰਥਨ ਵਾਲੇ ਅੱਤਵਾਦੀ ਮੌਡਿਊਲ ਦਾ ਪਰਦਾਫਾਸ਼ ਕੀਤਾ ਹੈ। ਮੁਲਜ਼ਮਾਂ ਨੂੰ ਪੰਜਾਬ ਪੁਲਿਸ ਦੀ ਕਾਊਂਟਰ-ਇੰਟੈਲੀਜੈਂਸ ਯੂਨਿਟ ਵੱਲੋਂ ਦਿੱਲੀ ਪੁਲਿਸ ਦੀ ਮਦਦ ਨਾਲ ਚਲਾਏ ਗਏ ਖੁਫੀਆ ਆਪਰੇਸ਼ਨ ਦੌਰਾਨ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਇਹਨਾਂ ਕੋਲੋਂ 3 ਗ੍ਰਨੇਡ(ਪੀ-86), 1 IED, ਦੋ 9 ਐਮ.ਐਮ. ਦੀਆਂ ਪਿਸਤੌਲਾਂ ਅਤੇ 40 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।

DGP ਪੰਜਾਬ ਦੇ ਮੁਤਾਬਕ, ਫੜੇ ਗਏ ਦਹਿਸ਼ਤਗਰਦਾਂ ਦਾ ਸਬੰਧ ਕੈਨੇਡਾ ਦੇ ਅਰਸ਼ ਡੱਲਾ ਅਤੇ ਆਸਟ੍ਰੇਲੀਆ ਦੇ ਗੁਰਜੰਟ ਸਿੰਘ ਨਾਲ ਹੈ। ਖ਼ਦਸ਼ਾ ਹੈ ਕਿ ਇਹ ਦਹਿਸ਼ਤਗਰਦ ਅਜ਼ਾਦੀ ਦਿਹਾੜੇ ਤੋਂ ਪਹਿਲਾਂ ਕਿਸੇ ਵੱਡੀ ਦਹਿਸ਼ਤਗਰਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਸਨ।

ਇੱਕ ਹਫ਼ਤੇ ਚੇ ਤੀਜਾ ਮਡਿਊਲ ਬੇਨਕਾਬ

ਪੰਜਾਬ ਪੁਲਿਸ ਵੱਲੋਂ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਬੇਨਕਾਬ ਕੀਤਾ ਗਿਆ ਅਜਿਹਾ ਤੀਜਾ ਮਡਿਊਲ ਹੈ ਜੋ ਹਥਿਆਰਾਂ ਅਤੇ ਧਮਾਕਾਖੇਜ਼ ਸਮੱਗਰੀ ਦੀ ਸਰਹੱਦ ਪਾਰੋਂ ਤਸਕਰੀ ਵਿੱਚ ਸ਼ਾਮਲ ਸੀ ।ਫੜੇ ਗਏ ਵਿਅਕਤੀਆਂ ਦੀ ਪਛਾਣ ਪ੍ਰੀਤ ਨਗਰ ਮੋਗਾ ਦੇ ਦੀਪਕ ਸ਼ਰਮਾ; ਫਿਰੋਜ਼ਪੁਰ ਦੇ ਪਿੰਡ ਕੋਟ ਕਰੋੜ ਕਲਾਂ ਦੇ ਸੰਦੀਪ ਸਿੰਘ; ਦਿੱਲੀ ਦੇ ਨਜਫਗੜ੍ਹ ਦੇ ਪਿੰਡ ਈਸ਼ਾਪੁਰ ਦੇ ਸੰਨੀ ਡਾਗਰ ਅਤੇ ਨਵੀਂ ਦਿੱਲੀ ਦੇ ਗੋਇਲਾ ਖੁਰਦ ਦੇ ਵਸਨੀਕ ਵਿਪਨ ਜਾਖੜ ਵਜੋਂ ਹੋਈ ਹੈ।

ਵਿਪਨ ਜਾਖੜ ਦੇ ਘਰ ਵਿੱਚ ਲੁਕੇ ਹੋਏ ਸਨ

ਇਹ ਸਾਰੇ ਮੁਲਜ਼ਮ ਵਿਪਨ ਜਾਖੜ ਦੇ ਘਰ ਵਿੱਚ ਲੁਕੇ ਹੋਏ ਸਨ। DGP ਗੌਰਵ ਯਾਦਵ ਨੇ ਦੱਸਿਆ ਕਿ ਇਹ ਸੂਚਨਾ ਮਿਲਣ ਕਿ ਵਿਪਿਨ ਜਾਖੜ ਨੇ ਨਵੀਂ ਦਿੱਲੀ ਦੇ ਪਿੰਡ ਗੋਇਲਾ ਖੁਰਦ ਵਿਖੇ ਆਪਣੇ ਘਰ ‘ਚ ਅਰਸ਼ ਡੱਲਾ ਦੇ ਸਾਥੀਆਂ ਨੂੰ ਪਨਾਹ ਦਿੱਤੀ ਹੋਈ ਹੈ, ਤੋਂ ਬਾਅਦ ਪੰਜਾਬ ਪੁਲਿਸ ਐਸਐਸਓਸੀ ਮੋਹਾਲੀ ਦੀਆਂ ਟੀਮਾਂ ਨੇ ਦਵਾਰਕਾ ਪੁਲਿਸ ਨਾਲ ਮਿਲ ਕੇ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ‘ਚੋਂ 40 ਜਿੰਦਾ ਕਾਰਤੂਸ ਸਮੇਤ ਦੋ 9 ਐਮ.ਐਮ. ਦੇ ਪਿਸਤੌਲ (ਵਿਦੇਸ਼ੀ) ਬਰਾਮਦ ਕੀਤੇ।

ਅਰਸ਼ ਨੇ ਸੌਂਪਿਆ ਸੀ ਅਮਨ-ਸ਼ਾਂਤੀ ਭੰਗ ਕਰਨ ਦਾ ਕੰਮ 

DGP ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਤੋਂ ਪੁੱਛਗਿੱਛ ਦੌਰਾਨ ਮਿਲੇ ਸੁਰਾਗਾਂ ਜ਼ਰੀਏ ਪੁਲਿਸ ਟੀਮਾਂ ਨੇ ਸ਼ਨੀਵਾਰ ਨੂੰ ਉਨ੍ਹਾਂ ਵੱਲੋਂ ਦੱਸੇ ਗਏ ਪੰਜਾਬ ‘ਚ ਸਥਿਤ ਟਿਕਾਣਿਆਂ ਤੋਂ ਇੱਕ ਆਈਈਡੀ ਅਤੇ ਤਿੰਨ ਹੈਂਡ ਗ੍ਰਨੇਡ ਵੀ ਬਰਾਮਦ ਕੀਤੇ। ਉਨ੍ਹਾਂ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਅਰਸ਼ ਡੱਲਾ ਵੱਲੋਂ ਸੁਤੰਤਰਤਾ ਦਿਵਸ ਤੋਂ ਪਹਿਲਾਂ ਦਿੱਲੀ ਅਤੇ ਪੰਜਾਬ ਦੇ ਇਲਾਕਿਆਂ ਵਿੱਚ ਅਮਨ-ਸ਼ਾਂਤੀ ਨੂੰ ਭੰਗ ਕਰਨ ਲਈ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਦਾ ਕੰਮ ਸੌਂਪਿਆ ਗਿਆ ਸੀ।

ਦੀਪਕ ਸ਼ਰਮਾ ਦਾ ਪੁਰਾਣਾ ਅਪਰਾਧਕ ਰਿਕਾਰਡ

ਡੀ.ਜੀ.ਪੀ. ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਦੀਪਕ ਸ਼ਰਮਾ ਦਾ ਪੁਰਾਣਾ ਅਪਰਾਧਕ ਰਿਕਾਰਡ ਹੈ ਜੋ ਪੰਜਾਬ ਪੁਲਿਸ ਨੂੰ ਦੋ ਮਾਮਲਿਆਂ, ਮੋਗਾ ਦੇ ਜਸਵਿੰਦਰ ਸਿੰਘ ਉਰਫ਼ ਜੱਸੀ, ਜੋ ਮਾਰਚ 2022 ਵਿੱਚ ਮਾਰਿਆ ਗਿਆ ਸੀ, ਦੇ ਕਤਲ ਅਤੇ ਜੂਨ 2022 ਵਿੱਚ ਪਿੰਡ ਡੱਲਾ, ਮੋਗਾ ਦੇ ਪੰਚਾਇਤ ਸਕੱਤਰ ਦੇ ਘਰ ‘ਤੇ ਗੋਲੀਬਾਰੀ ਕਰਨ ਦੇ ਮਾਮਲੇ ਵਿੱਚ ਸ਼ਾਮਲ ਸੀ। ਜਦਕਿ ਮੁਲਜ਼ਮ ਸੰਦੀਪ, ਜੋ ਹਾਲ ਹੀ ਵਿੱਚ ਦੁਬਈ ਤੋਂ ਭਾਰਤ ਆਇਆ ਸੀ, ਨੇ ਪੰਚਾਇਤ ਸਕੱਤਰ ਦੇ ਘਰ ਗੋਲੀਬਾਰੀ ਕਰਨ ਲਈ ਦੀਪਕ ਨੂੰ ਲੌਜਿਸਟਿਕ ਸਹਾਇਤਾ ਮੁਹੱਈਆ ਕਰਵਾਈ ਸੀ।

ਨੀਰਜ ਬਵਾਨਾ ਗੈਂਗ ਦਾ ਸਰਗਰਮ ਮੈਂਬਰ ਹੈ ਸੰਨੀ ਡਾਗਰ

ਉਨ੍ਹਾਂ ਦੱਸਿਆ ਕਿ ਮੁਲਜ਼ਮ ਸੰਨੀ ਡਾਗਰ ਜੋ ਕਿ ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਆਇਆ ਹੈ, ਦਿੱਲੀ ਅਤੇ NCR ਖੇਤਰ ਵਿੱਚ ਸਰਗਰਮ ਨੀਰਜ ਬਵਾਨਾ ਗੈਂਗ ਅਤੇ ਟਿੱਲੂ ਤਾਜਪੁਰੀਆ ਗੈਂਗ ਦਾ ਸਰਗਰਮ ਮੈਂਬਰ ਹੈ ਅਤੇ ਉਹ ਕਤਲ, ਕਤਲ ਦੀ ਕੋਸ਼ਿਸ਼, ਜਬਰੀ ਵਸੂਲੀ ਸਮੇਤ ਕਈ ਘਿਨਾਉਣੇ ਅਪਰਾਧਾਂ ਦੇ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ। ਸੰਨੀ ਡਾਗਰ ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਦੀਪਕ ਸ਼ਰਮਾ ਅਤੇ ਸੰਦੀਪ ਸਿੰਘ ਨੂੰ ਲੁਕਣ ਲਈ ਥਾਂ ਮੁਹੱਈਆ ਕਰਵਾ ਰਿਹਾ ਸੀ, ਜਦਕਿ ਦੋਸ਼ੀ ਵਿਪਨ ਜਾਖੜ ਗ੍ਰਿਫਤਾਰ ਕੀਤੇ ਗਏ ਦੂਜੇ ਦੋਸ਼ੀਆਂ ਨੂੰ ਮਾਲੀ ਅਤੇ ਲੌਜਿਸਟਿਕ ਸਹਾਇਤਾ ਪ੍ਰਦਾਨ ਕਰ ਰਿਹਾ ਸੀ ਅਤੇ ਦੋਸ਼ੀਆਂ ਦੀ ਇੱਕ ਟਿਕਾਣੇ ਤੋਂ ਦੂਜੇ ਟਿਕਾਣੇ ‘ਤੇ ਆਉਣ-ਜਾਣ ‘ਚ ਮਦਦ ਕਰ ਵੀ ਰਿਹਾ ਸੀ।

ਪੁਲੀਸ ਨੇ ਗ੍ਰਿਫ਼ਤਾਰ ਕੀਤੇ ਸਾਰੇ ਵਿਅਕਤੀਆਂ ਨੂੰ ਸ਼ਨੀਵਾਰ ਦੇ ਦਿਨ ਸਥਾਨਕ ਮੁਹਾਲੀ ਅਦਾਲਤ ਵਿੱਚ ਪੇਸ਼ ਕਰਕੇ ਪੰਜ ਦਿਨਾਂ ਦਾ ਰਿਮਾਂਡ ਹਾਸਲ ਕਰ ਲਿਆ ਹੈ।

ਕੌਣ ਹੈ ਅਰਸ਼ ਡੱਲਾ?

ਗੈਂਗਸਟਰ ਤੋਂ ਦਹਿਸ਼ਤਗਰਦ ਬਣਿਆ ਅਰਸ਼ ਡੱਲਾ ਮੂਲ ਰੂਪ ਨਾਲ ਮੋਗਾ ਦਾ ਨਿਵਾਸੀ ਹੈ ਅਤੇ ਹੁਣ ਕੈਨੇਡਾ ਵਿੱਚ ਰਹਿੰਦਾ ਹੈ। ਉਹ ਪਿਛਲੇ ਲੰਮੇ ਸਮੇਂ ਤੋਂ ਗੈਂਗਸਟਰ ਅਤੇ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਰਿਹਾ ਹੈ। ਪੰਜਾਬ ਪੁਲਿਸ ਨੇ ਪਹਿਲਾਂ ਹੀ ਅਰਸ਼ ਡੱਲਾ ਦੇ ਕਈ ਮੌਡਿਊਲ ਦਾ ਪਰਦਾਫਾਸ਼ ਕਰਕੇ ਉਸਦੇ ਨਜ਼ਦੀਕੀ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਹਨਾਂ ਕੋਲੋਂ IED, ਹਥਗੌਲੇ ਅਤੇ ਹੋਰ ਹਥਿਆਰ ਤੇ ਗੋਲਾ-ਬਾਰੂਦ ਬਰਾਮਦ ਕੀਤੇ ਸਨ।

ਅਰਸ਼ ਡਾਲਾ ਦੀ ਸ਼ਮੂਲੀਅਤ ਪੰਜਾਬ ਦੇ ਸਰਹੱਦੀ ਰਾਜ ਵਿੱਚ ਵਾਪਰੀਆਂ ਵੱਖ-ਵੱਖ ਟਾਰਗੇਟ ਕਿਲਿੰਗ ਵਿੱਚ ਵੀ ਸਾਹਮਣੇ ਆਈ ਸੀ, ਇਸ ਤੋਂ ਇਲਾਵਾ ਪਾਕਿਸਤਾਨ ਤੋਂ ਆਰ.ਡੀ.ਐਕਸ, ਆਈ.ਈ.ਡੀ., ਏ.ਕੇ.-47 ਅਤੇ ਹੋਰ ਹਥਿਆਰਾਂ ਅਤੇ ਗੋਲਾ ਬਾਰੂਦ ਨੂੰ ਰਾਜ ਵਿੱਚ ਮੰਗਵਾਉਣ ਤੋਂ ਬਾਅਦ ਮਾਡਿਊਲਾਂ ਨੂੰ ਸਪਲਾਈ ਕਰਨ ਦੇ ਮਾਮਲਿਆਂ ਵਿੱਚ ਵੀ ਸ਼ਾਮਲ ਹੈ।

ਹਵਾਲਗੀ ਲਈ ਪੰਜਾਬ ਪੁਲਿਸ ਨੇ ਸ਼ੁਰੂ ਕੀਤੀ ਕਾਰਵਾਈ

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਪੁਲੀਸ ਨੇ ਉਸ ਦੀ ਕੈਨੇਡਾ ਤੋਂ ਹਵਾਲਗੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਜਲਦੀ ਹੀ ਉਸ ਨੂੰ ਭਾਰਤ ਲਿਆਂਦਾ ਜਾਵੇਗਾ। ਜ਼ਿਕਰਯੋਗ ਹੈ ਕਿ ਅਰਸ਼ ਡਾਲਾ ਖਿਲਾਫ ਰੈੱਡ ਕਾਰਨਰ ਨੋਟਿਸ ਮਈ 2022 ‘ਚ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਹੈ।

RELATED ARTICLES

1 COMMENT

  1. […] ਪੰਜਾਬ ਪੁਲਿਸ ਨੇ ਦਿੱਲੀ ਪੁਲਿਸ ਦੇ ਨਾਲ ਸਾੰਝੇ ਅਪਰੇਸ਼ਨ ਤਹਿਤ ਐਤਵਾਰ ਨੂੰ ਹੀ ਦਿੱਲੀ ਤੋੰ 4 ਦਹਿਸ਼ਤਗਰਦਾੰ ਨੂੰ ਕਾਬੂ ਕੀਤਾ ਸੀ। ਪੁਲਿਸ ਮੁਤਾਬਕ, ਇਹ ਚਾਰੇ ਅਜ਼ਾਦੀ ਦਿਹਾੜੇ ਮੌਕੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ‘ਚ ਸਨ। (ਪੂਰੀ ਖ਼ਬਰ ਇਥੇ ਪੜ੍ਹੋ) […]

LEAVE A REPLY

Please enter your comment!
Please enter your name here

Most Popular

Recent Comments