December 22, 2022
(New Delhi)
ਚੀਨ ਵਿੱਚ ਕੋਰੋਨਾ ਮੁੜ ਤਬਾਹੀ ਮਚਾ ਰਿਹਾ ਹੈ। ਭਾਰਤ ਵਿੱਚ ਵੀ ਕੋਰੋਨਾ ਦੇ ਵੈਰੀਏਂਟ ਓਮੀਕ੍ਰੋਨ ਦੇ ਨਵੇਂ ਸਬ-ਵੈਰੀਏਂਟ BF.7 ਦੇ ਚਾਰ ਕੇਸ ਮਿਲੇ ਹਨ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀਰਵਾਰ ਨੂੰ ਹਾਈ ਲੈਵਲ ਮੀਟਿੰਗ ਲਈ। ਬੈਠਕ ਵਿੱਚ ਪੀਐੱਮ ਮੋਦੀ ਵਰਚੁਅਲੀ ਸ਼ਾਮਲ ਹੋਏ। ਪੀਐੱਮ ਨੇ ਕਿਹਾ, “ਕੋਰੋਨਾ ਅਜੇ ਖਤਮ ਨਹੀਂ ਹੋਇਆ ਹੈ। ਇੰਟਰਨੈਸ਼ਨਲ ਏਅਰਪੋਰਟ ਅਤੇ ਬਾਕੀ ਥਾਵਾਂ ‘ਤੇ ਸਰਗਰਮੀ ਹੋਰ ਵਧਾਈ ਜਾਵੇ।” ਪੀਐੱਮ ਮੋਦੀ ਨੇ ਜੀਨੋਮ ਸੀਕਵੈਂਸਿੰਗ ਅਤੇ ਟੈਸਟਿੰਗ ਵਧਾਉਣ ‘ਤੇ ਫੋਕਸ ਦੇ ਨਾਲ-ਨਾਲ ਮਜਬੂਤ ਨਿਗਰਾਨੀ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ। ਉਹਨਾਂ ਨੇ ਸਾਰੇ ਲੋਕਾਂ ਨੂੰ ਮਾਸਕ ਪਾਉਣ ਦੀ ਅਪੀਲ ਕੀਤੀ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਹਾਈ ਲੈਵਲ ਮੀਟਿੰਗ ‘ਚ ਕਿਹਾ, “ਕੋਵਿਡ ਨੂੰ ਲੈ ਕੇ ਪੂਰੀ ਤਿਆਰੀ ਰੱਖੋ। ਕੋਰੋਨਾ ਅਜੇ ਖਤਮ ਨਹੀਂ ਹੋਇਆ ਹੈ।” ਉਹਨਾਂ ਨੇ ਸੂਬਿਆਂ ਨੂੰ ਆਕਸੀਜ਼ਨ ਸਲੰਡਰ, ਪੀਐੱਸਏ ਪਲਾਂਟ, ਵੈਂਟੀਲੇਟਰ ਅਤੇ ਬੁਨਿਆਦੀ ਢਾਂਚੇ ਦੀ ਤਿਆਰੀ ਸੁਨਿਸ਼ਚਿਤ ਕਰਨ ਲਈ ਆਡਿਟ ਕਰਾਉਣ ਦੀ ਸਲਾਹ ਦਿੱਤੀ। ਮੀਟਿੰਗ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ, ਸਿਹਤ ਮੰਤਰੀ ਮਨਸੁਖ ਮਾਂਡਵੀਆ, ਸਿਹਤ ਸਕੱਤਰ ਰਾਜੇਸ਼ ਭੂਸ਼ਣ, ICMR ਦੇ ਅਧਿਕਾਰੀ, ਸਿਵਲ ਐਵੀਏਸ਼ਨ ਦੇ ਅਧਿਕਾਰੀ, ਨੀਤੀ ਆਯੋਗ ਦੇ ਵੀ.ਕੇ. ਪੌਲ ਅਤੇ ਹੋਰ ਸਾਰੇ ਪ੍ਰਮੁੱਖ stakeholders ਮੌਜੂਦ ਰਹੇ।
ਬਜ਼ੁਰਗਾਂ ਨੂੰ ਬੂਸਟਰ ਡੋਜ਼ ਲਗਾਉਣ ਦੀ ਸਲਾਹ
ਪ੍ਰਧਾਨ ਮੰਤਰੀ ਨੇ ਬਜ਼ੁਰਗਾਂ ਅਤੇ ਬਿਮਾਰ ਲੋਕਾਂ ਨੂੰ ਬੂਸਟਰ ਡੋਜ਼ ਲਗਵਾਉਣ ਦੀ ਅਪੀਲ ਕੀਤੀ ਹੈ। ਇਸ ਦੌਰਾਨ ਪੀਐੱਮ ਨੇ ਫਰੰਟਲਾਈਨ ਵਰਕਰ ਅਤੇ ਕੋਰੋਨਾ ਯੋਧਾਵਾਂ ਦੀ ਬਿਨ੍ਹਾਂ ਸਵਾਰਥ ਸੇਵਾ ਦੀ ਸ਼ਲਾਘਾ ਵੀ ਕੀਤੀ।
ਏਅਰਪੋਰਟ ‘ਤੇ ਰੈਂਡਮ ਸੈਂਪਲਿੰਗ ਸ਼ੁਰੂ
ਓਧਰ ਕੇਂਦਰ ਸਰਕਾਰ ਨੇ ਕੋਰੋਨਾ ਦੇ ਨਵੇਂ ਵੈਰੀਏਂਟ ਤੋਂ ਸੰਕ੍ਰਮਣ ਨੂੰ ਰੋਕਣ ਲਈ ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਲਈ ਖਾਸ ਦਿਸ਼ਾ-ਨਿਰਦੇਸ਼ ਦਿੱਤੇ ਹਨ। ਦੇਸ਼ ਭਰ ਦੇ ਹਵਾਈ ਅੱਡਿਆਂ ‘ਤੇ ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਦੀ ਰੈਂਡਮ ਸੈਂਪਲਿੰਗ ਸ਼ੁਰੂ ਕਰ ਦਿੱਤੀ ਗਈ ਹੈ।