December 7, 2022
(Mansa)
ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਹੁਣ ਪੰਜਾਬੀ ਇੰਡਸਟਰੀ ਦੇ ਕਈ ਵੱਡੇ ਚਿਹਰੇ ਮੁਸ਼ਕਿਲ ਵਿੱਚ ਘਿਰਦੇ ਨਜ਼ਰ ਆ ਰਹੇ ਹਨ। ਮਾਨਸਾ ਪੁਲਿਸ ਨੇ ਬੁੱਧਵਾਰ ਨੂੰ ਪੰਜਾਬੀ ਗਾਇਕ ਬੱਬੂ ਮਾਨ ਅਤੇ ਮਨਕੀਰਤ ਔਲਖ ਤੋਂ ਪੁੱਛਗਿੱਛ ਕੀਤੀ। ਦੋਵੇਂ ਗਾਇਕ ਪੁੱਛਗਿੱਛ ਲਈ ਮਾਨਸਾ ਦੇ CIA ਦਫ਼ਤਰ ਪਹੁੰਚੇ ਸਨ, ਜਿਥੇ SIT ਨੇ ਦੋਵਾਂ ਤੋਂ ਕਰੀਬ 2 ਘੰਟੇ ਪੁੱਛਗਿੱਛ ਕੀਤੀ।
ਬੱਬੂ ਮਾਨ ਅਤੇ ਮੂਸੇਵਾਲਾ ‘ਚ ਸੀ ਤਕਰਾਰ !
ਮੂਸੇਵਾਲਾ ਕਤਲ ਕਾਂਡ ਤੋਂ ਕੁਝ ਹੀ ਸਮਾਂ ਪਹਿਲਾਂ ਦੋਵਾਂ ਵਿਚਕਾਰ ਵਿਵਾਦ ਖੜ੍ਹਾ ਹੋਇਆ ਸੀ। ਸਿੱਧੂ ਮੂਸੇਵਾਲਾ ਨੇ ਬੱਬੂ ਮਾਨ ਦਾ ਨਾਂਅ ਲਏ ਬਿਨ੍ਹਾਂ ਲਾਈਵ ਹੋ ਕੇ ਇਸ ਵਿਵਾਦ ‘ਤੇ ਆਪਣੀ ਗੱਲ ਵੀ ਰੱਖੀ ਸੀ। ਇਥੋਂ ਤੱਕ ਕਿ ਇਸ ਮਾਮਲੇ ਵਿੱਚ ਦੋਵੇਂ ਧਿਰਾਂ ਦੇ ਫੈਨਸ ਵੀ ਸੋਸ਼ਲ ਮੀਡੀਆ ‘ਤੇ ਇੱਕ-ਦੂਜੇ ਨਾਲ ਆਹਮੋ-ਸਾਹਮਣੇ ਹੋ ਗਏ ਸਨ। ਇਸੇ ਦੌਰਾਨ ਇਸ ਪੂਰੇ ਵਿਵਾਦ ‘ਚ ਗੈਂਗਸਟਰ ਦਿਲਪ੍ਰੀਤ ਬਾਬਾ ਗਰੁੱਪ ਦੇ ਸਾਥੀ ਯਾਦੀ ਰਾਣਾ(ਯਾਦੀ ਰੰਗੜ) ਦੀ ਵੀ ਐਂਟਰੀ ਹੋਈ ਸੀ। ਹੁਣ ਪੁਲਿਸ ਨੇ ਇਸ ਮਾਮਲੇ ਨੂੰ ਲੈ ਕੇ ਬੱਬੂ ਮਾਨ ਤੋਂ ਪੁੱਛਗਿੱਛ ਕੀਤੀ ਹੈ।
ਕਈ ਹੋਰ ਗਾਇਕਾਂ ਤੋਂ ਵੀ ਹੋ ਸਕਦੀ ਹੈ ਪੁੱਛਗਿੱਛ
ਦੱਸ ਦਈਏ ਕਿ ਗਾਇਕ ਬੱਬੂ ਮਾਨ ਅਤੇ ਮਨਕੀਰਤ ਔਲਖ ਤੋਂ ਇਲਾਵਾ ਮਾਨਸਾ ਪੁਲਿਸ ਨੇ ਦਿਲਪ੍ਰੀਤ ਢਿੱਲੋਂ ਨੂੰ ਵੀ ਸੰਮਨ ਕੀਤਾ ਹੈ। ਨਾਲ ਹੀ ਮਿਊਜ਼ਿਕ ਪ੍ਰੋਡਿਊਸਰ ਨਿਸ਼ਾਨ ਸਿੰਘ ਅਤੇ ਵਿੱਕੀ ਮਿੱਡੂਖੇੜਾ ਦੇ ਭਰਾ ਅਜੈ ਪਾਲ ਨੂੰ ਵੀ ਤਲਬ ਕੀਤਾ ਗਿਆ ਹੈ। ਇਸ ਤੋਂ ਪਹਿਲਾਂ NIA ਵੀ ਕਈ ਗਾਇਕਾਂ ਤੋਂ ਪੁੱਛਗਿੱਛ ਕਰ ਚੁੱਕੀ ਹੈ। NIA ਨੇ ਮਨਕੀਰਤ ਔਲਖ ਅਤੇ ਦਿਲਪ੍ਰੀਤ ਢਿੱਲੋਂ ਤੋਂ ਪੁੱਛ-ਪੜਤਾਲ ਕੀਤੀ ਹੈ। ਇਸ ਤੋਂ ਇਲਾਵਾ ਅਫਸਾਨਾ ਖ਼ਾਨ ਅਤੇ ਜੈਨੀ ਜੌਹਲ ਤੋਂ ਵੀ ਸਵਾਲ-ਜਵਾਬ ਕੀਤੇ ਜਾ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਈ ਵਾਰ ਕਿਹਾ ਹੈ ਕਿ ਉਨ੍ਹਾਂ ਦੇ ਪੁੱਤਰ ਸੁ਼ਭਦੀਪ ਦੇ ਕਤਲ ਲਈ ਪੰਜਾਬੀ ਗਾਇਕਾਂ ਸਮੇਤ ਸੰਗੀਤ ਇੰਡਸਟਰੀ ਦੇ ਅਨੇਕਾਂ ਲੋਕ ਵੀ ਜ਼ਿੰਮੇਦਾਰ ਹੋ ਸਕਦੇ ਹਨ। ਅਜਿਹੇ ਵਿੱਚ ਪੁਲਿਸ ਦਾ ਇਹ ਕਦਮ ਜਾਂਚ ਵਿੱਚ ਬੇਹੱਦ ਅਹਿਮ ਸਾਬਿਤ ਹੋ ਸਕਦਾ ਹੈ।