October 6, 2022
(Bureau Report)
ਅਮਰੀਕਾ ਦੇ ਕੈਲੀਫੋਰਨੀਆ ਵਿੱਚ 3 ਦਿਨ ਪਹਿਲਾਂ ਅਗਵਾ ਕੀਤੇ ਗਏ ਪੰਜਾਬੀ ਪਰਿਵਾਰ ਦੇ ਸਾਰੇ 4 ਮੈਂਬਰਾਂ ਦਾ ਕਤਲ ਕਰ ਦਿੱਤਾ ਗਿਆ ਹੈ। ਪੂਰੇ ਪਰਿਵਾਰ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ ਗਿਆ ਹੈ। ਇਹਨਾਂ ਵਿੱਚ ਇੱਕ 8 ਮਹੀਨੇ ਦੀ ਬੱਚੀ ਵੀ ਸ਼ਾਮਲ ਹੈ। ਮਰਸਡ ਕਾਊਂਟੀ ਸ਼ੈਰਿਫ ਵਰਨ ਵਾਰਨਕੇ ਨੇ ਇਸਦੀ ਪੁਸ਼ਟੀ ਕੀਤੀ ਹੈ।
ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਮਰਸਡ ਕਾਊਂਟੀ ਸ਼ੈਰਿਫ ਵਰਨ ਵਾਰਨਕੇ ਨੇ ਕਿਹਾ ਕਿ 36 ਸਾਲਾ ਜਸਦੀਪ ਸਿੰਘ, 27 ਸਾਲਾ ਜਸਲੀਨ ਕੌਰ, ਉਹਨਾਂ ਦੀ 8 ਮਹੀਨਿਆਂ ਦੀ ਧੀ ਆਰੋਹੀ ਢੇਰੀ ਤੇ ਬੱਚੀ ਦੇ ਚਾਚਾ 39 ਸਾਲਾ ਅਮਨਦੀਪ ਸਿੰਘ ਦੀ ਲਾਸ਼ ਬਰਾਮਦ ਹੋਈ ਹੈ। ਉਹਨਾਂ ਨੇ ਇਸ ਪੂਰੀ ਘਟਨਾ ਨੂੰ ਭਿਆਨਕ ਅਤੇ ਡਰਾਵਨਾ ਕਰਾਰ ਦਿੱਤਾ।
ਪਾਰਕ ‘ਚੋਂ ਬਰਾਮਦ ਹੋਈਆਂ ਲਾਸ਼ਾਂ
ਪੁਲਿਸ ਮੁਤਾਬਕ, ਇਹ ਲਾਸ਼ਾਂ ਇੰਡੀਆਨਾ ਰੋਡ ਅਤੇ ਹਚਿਨਸ ਰੋਡ ਨੇੜੇ ਇੱਕ ਪਾਰਕ ‘ਚੋਂ ਬਰਾਮਦ ਹੋਈਆਂ ਹਨ। ਪਾਰਕ ਵਿੱਚ ਕੁਝ ਮਜ਼ਦੂਰ ਕੰਮ ਕਰ ਰਹੇ ਸਨ, ਜਿਹਨਾਂ ਨੇ ਸਭ ਤੋਂ ਪਹਿਲਾਂ ਲਾਸ਼ਾਂ ਨੂੰ ਵੇਖਿਆ ਅਤੇ ਪੁਲਿਸ ਨੂੰ ਇਸਦੀ ਸੂਚਨਾ ਦਿੱਤੀ। ਦੱਸ ਦਈਏ ਕਿ ਪੰਜਾਬੀ ਪਰਿਵਾਰ ਨੂੰ 3 ਦਿਨ ਪਹਿਲਾਂ ਦੱਖਣੀ ਹਾਈਵੇ 59 ਦੇ 800 ਬਲਾਕ ਤੋਂ ਅਗਵਾ ਕੀਤਾ ਗਿਆ ਸੀ।
ਟਾਂਡਾ ਦਾ ਰਹਿਣ ਵਾਲਾ ਹੈ ਪਰਿਵਾਰ
ਜ਼ਿਕਰਯੋਗ ਹੈ ਕਿ ਮੂਲ ਰੂਪ ਨਾਲ ਇਹ ਪਰਿਵਾਰ ਹੁਸ਼ਿਆਰਪੁਰ ਦੇ ਟਾਂਡਾ ਦਾ ਰਹਿਣ ਵਾਲਾ ਹੈ, ਜਦਕਿ ਮ੍ਰਿਤਕ ਜਸਲੀਨ ਕੌਰ ਦਾ ਪੇਕਾ ਪਰਿਵਾਰ ਜਲੰਧਰ ਵਿੱਚ ਰਹਿੰਦਾ ਹੈ। ਅਮਰੀਕਾ ਵਿੱਚ ਇਸ ਪਰਿਵਾਰ ਦਾ ਖੁਦ ਦਾ ਟਰਾਂਸਪੋਰਟ ਬਿਜ਼ਨਸ ਹੈ।
ਮੁਲਜ਼ਮ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼ !
ਪੁਲਿਸ ਨੇ ਇਸ ਮਾਮਲੇ ਵਿੱਚ 48 ਸਾਲਾ ਇੱਕ ਸ਼ਖਸ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲਿਸ ਮੁਤਾਬਕ, ਮੁਲਜ਼ਮ ਮੈਨੁਅਲ ਸਾਲਗਾਡੋ ਨੇ ਖੁਦ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਵਕਤ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ। ਜਾਣਕਾਰੀ ਇਹ ਵੀ ਹੈ ਕਿ ਮੁਲਜ਼ਮ ਮ੍ਰਿਤਕ ਪਰਿਵਾਰ ਦੇ ਨਾਲ ਉਹਨਾਂ ਦੇ ਆਫਿਸ ਵਿੱਚ ਕੰਮ ਕਰ ਚੁੱਕਿਆ ਹੈ ਅਤੇ ਇਸ ਤੋਂ ਪਹਿਲਾਂ ਵੀ ਕਿਡਨੈਪਿੰਗ ਦੇ ਕੇਸ ਵਿੱਚ ਸਜ਼ਾ ਭੁਗਤ ਚੁੱਕਿਆ ਹੈ। ਪੁਲਿਸ ਨੂੰ ਸ਼ੱਕ ਹੈ ਕਿ ਪਰਿਵਾਰ ਵੱਲੋਂ ਨੌਕਰੀ ਤੋਂ ਕੱਢੇ ਜਾਣ ਦੇ ਚਲਦੇ ਰੰਜਿਸ਼ ਵਿੱਚ ਉਸਨੇ ਇਹ ਕਾਰਾ ਕੀਤਾ।
ਬੰਦੂਕ ਦੀ ਨੋਕ ‘ਤੇ ਕੀਤਾ ਗਿਆ ਸੀ ਅਗਵਾ
ਅਮਰੀਕੀ ਪੁਲਿਸ ਅਧਿਕਾਰੀਆਂ ਨੇ ਕਿਡਨੈਪਿੰਗ ਦੀ ਫੁਟੇਜ ਵੀ ਜਾਰੀ ਕੀਤੀ ਸੀ, ਜਿਸ ਵਿੱਚ ਬੰਦੂਕ ਦੀ ਨੋਕ ‘ਤੇ ਪਰਿਵਾਰ ਨੂੰ ਅਗਵਾ ਕਰਦੇ ਸਾਫ ਵੇਖਿਆ ਜਾ ਸਕਦਾ ਸੀ। ਕਿਡਨੈਪਿੰਗ ਦੇ ਦਿਨ ਅਮਨਦੀਪ ਅਤੇ ਜਸਦੀਪ ਸਵੇਰੇ 8.30 ਤੋਂ 8.40 ਦੇ ਵਿਚ ਆਪਣੇ ਦਫ਼ਤਰ ਪਹੁੰਚੇ ਸਨ। ਫੁਟੇਜ ਤੋਂ ਪਤਾ ਲੱਗਿਆ ਕਿ ਰਾਤ ਦੇ ਕਰੀਬ 9 ਵਜੇ ਜਸਦੀਪ ਇਮਾਰਤ ਦੇ ਬਾਹਰ ਸ਼ੱਕੀ ਮੁਲਜ਼ਮ ਮੈਨੁਅਲ ਦੇ ਨਾਲ ਗੱਲਬਾਤ ਕਰਦੇ ਨਜ਼ਰ ਆਏ। ਦੋਵੇਂ ਗੇਟ ਵੱਲ ਚੱਲਣ ਲੱਗੇ। ਜਸਦੀਪ ਸਿੰਘ ਅੱਗੇ ਚੱਲ ਰਹੇ ਸਨ। ਇਸ ਤੋਂ ਬਾਅਦ ਸ਼ੱਕੀ ਨੇ ਆਪਣੇ ਇੱਕ ਚਿੱਟੇ ਬੈਗ ‘ਚੋਂ ਬੰਦੂਕ ਕੱਢੀ ਅਤੇ ਫਿਰ ਚਾਰਾਂ ਨੂੰ ਪਿਕਅਪ ਵਿੱਚ ਅਗਵਾ ਕਰਕੇ ਫ਼ਰਾਰ ਹੋ ਗਿਆ।
ਸੜਿਆ ਹੋਇਆ ਟਰੱਕ ਵੀ ਹੋਇਆ ਬਰਾਮਦ
ਪੁਲਿਸ ਨੂੰ ਇਸ ਮਾਮਲੇ ਵਿੱਚ ਪਹਿਲੀ ਲੀਡ ਜਸਦੀਪ ਦੇ ATM ਦੇ ਇਸਤੇਮਾਲ ਤੋਂ ਮਿਲੀ ਸੀ। ਇਸ ਤੋਂ ਪਹਿਲਾਂ ਕੈਲੀਫੋਰਨੀਆ ਦੇ ਫਾਇਰ ਅਧਿਕਾਰੀਆਂ ਨੇ ਬੀਤੇ ਸੋਮਵਾਰ ਮੇਰੇਡ ਦੇ ਬਾਹਰ ਇੱਕ ਪੇਂਡੂ ਇਲਾਕੇ ਵਿੱਚ ਅਮਨਦੀਪ ਸਿੰਘ ਦਾ ਅੱਗ ਲੱਗਿਆ ਟਰੱਕ ਬਰਾਮਦ ਕੀਤਾ ਸੀ। ਪੁਲਿਸ ਨੇ ਸ਼ੱਕ ਜ਼ਾਹਿਰ ਕੀਤਾ ਕਿ ਅਗਵਾਕਾਰਾਂ ਨੇ ਅੱਗ ਲਗਾ ਕੇ ਸਬੂਤ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ।