November 17, 2022
(Chandigarh)
ਪੰਜਾਬੀ ਗਾਇਕ ਬੱਬੂ ਮਾਨ ਦੀ ਸੁਰੱਖਿਆ ਵੀਰਵਾਰ ਨੂੰ ਅਚਾਨਕ ਵਧਾ ਦਿੱਤੀ ਗਈ। ਸੂਤਰਾਂ ਮੁਤਾਬਕ, ਬੱਬੂ ਮਾਨ ਨੂੰ ਕੋਈ ਧਮਕੀ ਭਰਿਆ ਫੋਨ ਮਿਲਿਆ ਹੈ। ਨਾਲ ਹੀ ਕੁਝ ਇੰਟੈਲੀਜੈਂਸ ਇਨਪੁੱਟ ਵੀ ਮਿਲੇ ਹਨ, ਜਿਹਨਾਂ ਵਿੱਚ ਕਿਹਾ ਗਿਆ ਹੈ ਕਿ ਕੋਈ ਫੈਨ ਦੇ ਭੇਸ ਵਿੱਚ ਆ ਕੇ ਉਹਨਾਂ ਲਈ ਖ਼ਤਰਾ ਬਣ ਸਕਦਾ ਹੈ।
ਇਹਨਾਂ ਇਨਪੁੱਟ ਤੋਂ ਬਾਅਦ ਉਹਨਾਂ ਦੇ ਮੋਹਾਲੀ ਸਥਿਤ ਘਰ ‘ਤੇ ਸੁਰੱਖਿਆ ਵਿੱਚ ਤੈਨਾਤ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਬੱਬੂ ਮਾਨ ਨੂੰ ਪਹਿਲਾਂ ਵੀ ਪੁਲਿਸ ਸੁਰੱਖਿਆ ਮਿਲੀ ਹੋਈ ਹੈ, ਪਰ ਪੰਜਾਬ ਸਰਕਾਰ ਨੇ ਸਕਿਓਰਿਟੀ ਰਿਵਿਊ ਦੌਰਾਨ ਉਹਨਾਂ ਦੀ ਸੁਰੱਖਿਆ ਵਧਾਉਣ ਦਾ ਫ਼ੈਸਲਾ ਲਿਆ ਹੈ। ਸੋਸ਼ਲ ਮੀਡੀਆ ‘ਤੇ ਵੀ ਬੱਬੂ ਮਾਨ ਦੇ ਵੀਡੀਓਜ਼ ‘ਤੇ ਲੋਕ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ।
ਮਨਕੀਰਤ ਔਲਖ ਵੀ ਗੈਂਗਸਟਰਾਂ ਦੇ ਨਿਸ਼ਾਨੇ ‘ਤੇ
ਸੋਸ਼ਲ ਮੀਡੀਆ ‘ਤੇ ਗਾਇਕ ਮਨਕੀਰਤ ਔਲਖ ਦੀ ਵੀ ਇੱਕ ਵੀਡੀਓ ਪੋਸਟ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹਨਾਂ ਨੇ ਇੱਕ ਰੋਪੜ ਜੇਲ੍ਹ ‘ਚ ਇੱਕ ਸਟੇਜ ਸ਼ੋਅ ਦੌਰਾਨ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਆਪਣਾ ਯਾਰ ਦੱਸਿਆ ਸੀ। ਲਾਰੈਂਸ ਉਸ ਵਕਤ ਰੋਪੜ ਜੇਲ੍ਹ ਵਿੱਚ ਹੀ ਬੰਦ ਸੀ। ਜੇਲ੍ਹ ਵਿੱਚ ਹੋਇਆ ਇਹ ਸ਼ੋਅ ਵਿੱਕੀ ਮਿੱਡੂਖੇੜਾ ਨੇ ਸਪਾਂਸਰ ਕੀਤਾ ਸੀ, ਜਿਸਦਾ ਬਾਅਦ ਵਿੱਚ ਮੋਹਾਲੀ ‘ਚ ਕਤਲ ਕਰ ਦਿੱਤਾ ਗਿਆ। ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲਾਰੈਂਸ ਗੈਂਗ ਨੇ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਦੱਸਿਆ ਸੀ।