ਭਾਖੜਾ ਡੈਮ ਸਬੰਧੀ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਸਿਰੇ ਤੋਂ ਖਾਰਜ, ਡੈਮ ਪੂਰੀ ਤਰ੍ਹਾਂ ਸੁਰੱਖਿਅਤ: ਬਰਿੰਦਰ ਕੁਮਾਰ ਗੋਇਲ

0
41

ਚੰਡੀਗੜ੍ਹ, 6 ਅਗਸਤ:

ਪੰਜਾਬ ਦੇ ਜਲ ਸਰੋਤ ਅਤੇ ਖਣਨ ਤੇ ਭੂ-ਵਿਗਿਆਨ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਭਾਖੜਾ ਡੈਮ ਦੀ ਢਾਂਚਾਗਤ ਸੁਰੱਖਿਆ ਸਬੰਧੀ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਤੇ ਕਿਆਸ-ਅਰਾਈਆਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਸਪੱਸ਼ਟ ਕੀਤਾ ਕਿ ਭਾਖੜਾ ਡੈਮ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ।

ਪੰਜਾਬ ਵਿਧਾਨ ਸਭਾ ਬੋਲਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਕੁਝ ਗੁਮਰਾਹਕੁੰਨ ਰਿਪੋਰਟਾਂ ਕਾਰਨ ਲੋਕਾਂ ਵਿੱਚ ਬੇਲੋੜਾ ਸਹਿਮ ਪੈਦਾ ਹੋ ਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਡੈਮ ਵਿੱਚ ਹੋਣ ਵਾਲੀ ਅਸਥਾਈ ਗਤੀਵਿਧੀ ਇਸ ਦੇ ਇੰਜੀਨੀਅਰਿੰਗ ਡਿਜ਼ਾਈਨ ਦਾ ਹੀ ਇੱਕ ਹਿੱਸਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਖਣਨ ਖੇਤਰ ਵਿੱਚ ਪੰਜਾਬ ਸਰਕਾਰ ਦੀਆਂ ਮਹੱਤਵਪੂਰਨ ਪ੍ਰਾਪਤੀਆਂ ਦਾ ਵੀ ਜ਼ਿਕਰ ਕੀਤਾ, ਜਿਨ੍ਹਾਂ ਵਿੱਚ ਮਾਲੀਏ ’ਚ ਰਿਕਾਰਡ ਵਾਧਾ, ਸੁਧਾਰਾਂ ਲਈ ਰਾਸ਼ਟਰੀ ਪੱਧਰ ’ਤੇ ਮਾਨਤਾ ਅਤੇ ਸੂਬੇ ਦੇ ਖਣਿਜਾਂ ਦੀ ਖੋਜ ਲਈ ਨਵੇਂ ਯਤਨ ਸ਼ਾਮਲ ਹਨ।

ਭਾਖੜਾ ਡੈਮ ਦੇ ਝੁਕ ਜਾਣ ਸਬੰਧੀ ਕੁਝ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਅਜਿਹੀਆਂ ਗ਼ਲਤ ਤੇ ਭਰਮਾਊ ਰਿਪੋਰਟਾਂ ਕਾਰਨ ਪੰਜਾਬ ਦੇ ਲੋਕਾਂ ਵਿੱਚ ਬੇਲੋੜੀ ਦਹਿਸ਼ਤ ਫੈਲੀ ਗਈ ਹੈ। ਉਨ੍ਹਾਂ ਕਿਹਾ ਕਿ ਭਾਖੜਾ ਡੈਮ ਦੁਨੀਆ ਦੇ ਸਭ ਤੋਂ ਉੱਤਮ ਇੰਜੀਨੀਅਰਿੰਗ ਨਮੂਨਿਆਂ ਵਿੱਚੋਂ ਇੱਕ ਹੈ, ਜਿਸ ਦੇ ਸ਼ਾਨਦਾਰ ਡਿਜ਼ਾਈਨ ਅਤੇ ਇੰਜੀਨੀਅਰਿੰਗ ਮਾਪਦੰਡਾਂ ਦੀ ਅਮਰੀਕਾ ਅਤੇ ਕੈਨੇਡਾ ਸਮੇਤ ਕਈ ਦੇਸ਼ਾਂ ਦੇ ਮਾਹਿਰ ਵੀ ਸ਼ਾਅਦੀ ਭਰਦੇ ਹਨ।

ਜਲ ਸਰੋਤ ਮੰਤਰੀ ਨੇ ਦੱਸਿਆ ਕਿ ਡੈਮ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਪਾਣੀ ਦਾ ਦਬਾਅ ਵਧਣ ’ਤੇ ਇਸ ਵਿੱਚ ਮਾਮੂਲੀ ਜਿਹਾ ਝੁਕਾਅ ਆਉਂਦਾ ਹੈ ਅਤੇ ਦਬਾਅ ਘਟਣ ’ਤੇ ਇਹ ਫਿਰ ਆਪਣੀ ਅਸਲ ਸਥਿਤੀ ਵਿੱਚ ਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਾਣੀ ਦੇ ਦਬਾਅ ਕਾਰਨ ਡੈਮ ਵਿੱਚ 1.03 ਇੰਚ ਦਾ ਝੁਕਾਅ ਇਸ ਦੇ ਇੰਜੀਨੀਅਰਿੰਗ ਡਿਜ਼ਾਈਨ ਦੀਆਂ ਨਿਰਧਾਰਿਤ ਸੀਮਾਵਾਂ ਦੇ ਅੰਦਰ ਹੈ। ਸਾਲ 1995 ਤੋਂ 2025 ਤੱਕ ਡੈਮ ਵਿੱਚ ਅਜਿਹੀ ਹਿਲਜੁਲ 15 ਵਾਰ ਦਰਜ ਕੀਤੀ ਗਈ ਅਤੇ ਹਰ ਵਾਰ ਡੈਮ ਆਪਣੀ ਆਮ ਸਥਿਤੀ ਵਿੱਚ ਸੁਰੱਖਿਅਤ ਵਾਪਸ ਆ ਗਿਆ।

Bhakhra Dam totally safe
Bhakhra Dam totally safe

ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਸਾਲ 2025 ਵਿੱਚ ਦਰਜ ਕੀਤੀ ਗਈ ਹਾਲੀਆ ਗਤੀਵਿਧੀ ਵੀ ਡੈਮ ਦੇ ਆਮ ਢਾਂਚਾਗਤ ਵਿਵਹਾਰ ਦਾ ਹੀ ਹਿੱਸਾ ਸੀ ਅਤੇ ਇਹ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਜਾਂ ਖ਼ਤਰੇ ਦਾ ਸੰਕੇਤ ਨਹੀਂ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਫ਼ਵਾਹਾਂ ਅਤੇ ਗ਼ਲਤ ਜਾਣਕਾਰੀ ਤੋਂ ਗੁੰਮਰਾਹ ਨਾ ਹੋਣ ਕਿਉਂਕਿ ਭਾਖੜਾ ਡੈਮ ਪੂਰੀ ਤਰ੍ਹਾਂ ਸੁਰੱਖਿਅਤ ਹੈ।

ਗਾਰ ਜਮ੍ਹਾਂ ਹੋਣ ਸਬੰਧੀ ਖ਼ਦਸ਼ਿਆਂ ਦਾ ਜਵਾਬ ਦਿੰਦਿਆਂ ਕੈਬਨਿਟ ਮੰਤਰੀ ਨੇ ਸਪੱਸ਼ਟ ਕੀਤਾ ਕਿ ਜਮ੍ਹਾਂ ਹੋਈ ਗਾਰ ਡੈਮ ਦੀ ਕੰਧ ਤੋਂ ਲਗਭਗ 12 ਕਿਲੋਮੀਟਰ ਉੱਪਰਲੇ ਹਿੱਸੇ ਵਿੱਚ ਮੌਜੂਦ ਹੈ ਅਤੇ ਇਸ ਦਾ ਡੈਮ ਦੀ ਢਾਂਚਾਗਤ ਸੁਰੱਖਿਆ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਕਰੀਬ 26 ਫ਼ੀਸਦੀ ਸਿਲਟ ਜਮ੍ਹਾਂ ਹੋਣ ਕਾਰਨ ਭੰਡਾਰਨ ਸਮਰੱਥਾ ਜ਼ਰੂਰ ਘਟੀ ਹੈ ਪਰ ਇਸ ਦਾ ਡੈਮ ਦੀ ਸੁਰੱਖਿਆ ’ਤੇ ਕੋਈ ਅਸਰ ਨਹੀਂ ਹੈ। ਉਨ੍ਹਾਂ ਕਿਹਾ ਕਿ ਗਾਰ ਕੱਢਣ ਦੀ ਜ਼ਿੰਮੇਵਾਰੀ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀ.ਬੀ.ਐਮ.ਬੀ) ਅਤੇ ਕੇਂਦਰ ਸਰਕਾਰ ਦੀ ਹੈ।

ਜਲ ਸਰੋਤ ਮੰਤਰੀ ਨੇ ਕਿਹਾ, ‘‘ਪੰਜਾਬ ਨੇ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀ.ਬੀ.ਐਮ.ਬੀ) ਦੀਆਂ ਮੀਟਿੰਗਾਂ ਦੌਰਾਨ ਡੀ-ਸਿਲਟਿੰਗ ਦਾ ਮੁੱਦਾ ਲਗਾਤਾਰ ਉਠਾਇਆ ਹੈ।’’ ਉਨ੍ਹਾਂ ਸਦਨ ਨੂੰ ਦੱਸਿਆ ਕਿ ਸੂਬਾ ਸਰਕਾਰ ਨੇ ਹਾਲ ਹੀ ਵਿੱਚ ਬੀ.ਬੀ.ਐਮ.ਬੀ ਅਤੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਜਲਦ ਤੋਂ ਜਲਦ ਡੀ-ਸਿਲਟਿੰਗ ਦਾ ਕੰਮ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ ਕਿਉਂਕਿ ਇਹ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਦੱਸਿਆ ਕਿ ਗਾਰ ਹਟਾਉਣ ਨਾਲ ਜਲ ਭੰਡਾਰਨ ਸਮਰੱਥਾ ਮੁੜ ਬਹਾਲ ਹੋਵੇਗੀ ਅਤੇ ਪਾਣੀ ਦੀ ਉਪਲਬਧਤਾ ਵਿੱਚ ਵੀ ਵਾਧਾ ਹੋਵੇਗਾ।

LEAVE A REPLY

Please enter your comment!
Please enter your name here