ਚੰਡੀਗੜ, October 25
(ਪੱਤਰਕਾਰ ਰਾਜਿੰਦਰ ਤੱਗੜ ਦੀ ਰਿਪੋਰਟ)
ਗੈਂਗਸਟਰ ਲਾਰੰਸ ਬਿਸ਼ਨੋਈ ਦੀ ਖਰੜ ਸੀਆਈਏ ਥਾਣੇ ਵਿੱਚੋਂ ਕਰਵਾਈ ਗਈ TV ਇੰਟਰਵਿਊ ਦੇ ਮਾਮਲੇ ਵਿੱਚ ਤਤਕਾਲੀ CIA ਸਟਾਫ਼ ਦੇ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਸਮੇਤ ਸੱਤ ਪੁਲਿਸ ਅਫਸਰਾਂ ਨੂੰ ਮੁਅਤਲ ਕਰ ਦਿੱਤਾ ਗਿਆ। ਮੁਅੱਤਲੀ ਸਬੰਧੀ ਨਿਰਦੇਸ਼ ਪੰਜਾਬ ਦੇ ਗ੍ਰਹ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਵੱਲੋਂ ਜਾਰੀ ਕੀਤੇ ਗਏ ਨੇ।
ਦਸਤਾਵੇਜ਼ੀ ਪੱਤਰਕਾਰ ਰਾਜਿੰਦਰ ਤੱਗੜ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਦਰਜ ਮਾਮਲੇ ‘ਚ ਤਤਕਾਲੀ ਆਰਥਿਕ ਅਪਰਾਧ ਵਿੰਗ ਦੇ ਡੀਐਸਪੀ ਸਮਰ ਵਨੀਤ, ਸੀਆਈਏ ਦੀ ਸਬ ਇੰਸਪੈਕਟਰ ਰੀਨਾ, AGTF ਦੇ ਸਬ ਇੰਸਪੈਕਟਰ ਜਗਤ ਪਾਲ ਜੰਗੂ, ਸਬ ਇੰਸਪੈਕਟਰ ਸ਼ਗੰਨ ਜੀਤ ਸਿੰਘ, ASI ਮੁਖਤਿਆਰ ਸਿੰਘ ਅਤੇ ਹੈੱਡ ਕਾਂਸਟੇਬਲ ਓਮ ਪ੍ਰਕਾਸ਼ ਵੀ ਸ਼ਾਮਿਲ ਨੇ।
ਜ਼ਿਕਰ ਏ ਖਾਸ ਹੈ ਕਿ ਗੈਂਗਸਟਰ ਲਾਰੰਸ ਬਿਸ਼ਨੋਈ ਦੀ ਇੰਟਰਵਿਊ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਦਖਲ ਤੋਂ ਬਾਅਦ ਮਾਮਲੇ ਵਿੱਚ ਦਰਜ ਹੋਈ ਐਫਆਈਆਰ ਵਿੱਚ ਇਹਨਾਂ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਜਾਏਗਾ। ਭਾਵੇਂ ਕਿ ਮਾਮਲੇ ਦੀ ਪੜਤਾਲ ਲਈ ਬਣੀ ਵਿਸ਼ੇਸ਼ ਜਾਂਚ ਟੀਮ ਵੱਲੋਂ ਦਰਜ ਕੀਤੇ ਗਏ ਮੁਕਦਮੇ ਤਹਿਤ ਸੱਤ ਵਿੱਚੋਂ ਛੇ ਧਾਰਾਵਾਂ ਖਾਰਜ ਕਰ ਦਿੱਤੀਆਂ ਗਈਆਂ ਨੇ ਮਗਰ ਸਾਹਮਣੇ ਆਏ ਨਵੇਂ ਤੱਥਾਂ ਤੋਂ ਬਾਅਦ ਲਾਰੰਸ ਬਿਸ਼ਨੋਈ ਨੂੰ ਇੰਟਰਵਿਊ ਵਿੱਚ ਸਹੂਲਤ ਦੇਣ ਵਾਲੇ ਅਫਸਰਾਂ ਦੇ ਚਿਹਰੇ ਬੇਨਕਾਬ ਹੋਏ ਨੇ ਅਤੇ ਕਈ ਅਪਰਾਧਿਕ ਮਾਮਲਿਆਂ ਚ ਪਹਿਲਾਂ ਤੋਂ ਹੀ ਬਦਨਾਮ ਚੱਲ ਰਹੇ DSP ਗੁਰਸ਼ੇਰ ਸਿੰਘ ਸੰਧੂ ਦੀ ਭੂਮਿਕਾ ਹੋਰ ਉਭਰ ਕੇ ਸਾਹਮਣੇ ਆਈ ਹੈ।
ਦਸਣ ਯੋਗ ਹੈ ਕਿ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਨੂੰ ਗੈਂਗਸਟਰ ਲਾਰੰਸ ਬਿਸ਼ਨੋਈ ਦੇ ਕਰੀਬੀ ਅਫ਼ਸਰਾਂ ਵਜੋਂ ਮੰਨਿਆ ਜਾਂਦਾ ਰਿਹਾ ਹੈ। DSP ਗੁਰਸ਼ੇਰ ਸੰਧੂ ਵਲੋਂ ਗੈਂਗਸਟਰਾਂ ਖਿਲਾਫ਼ ਕਾਰਵਾਈ ਦੇ ਨਾਂਅ ਉੱਤੇ ਸਰਕਾਰੀ ਸਨਮਾਨ ਪ੍ਰਾਪਤ ਕਰਨ ਦੇ ਮਾਮਲਿਆਂ ਦੀ ਵੀ ਮੁੜ ਸਮੀਖਿਆ ਹੋਣੀ ਲਾਜ਼ਮੀ ਮੰਨੀ ਜਾ ਰਹੀ ਹੈ।