ਗਿੱਦੜਬਾਹਾ, 10 ਅਕਤੁਬਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਕਿ ਸੂਬੇ ਵਿਚ ਚਲ ਰਹੀਆਂ ਪੰਚਾਇਤ ਚੋਣਾਂ ਫੌਰੀ ਰੱਦ ਕੀਤੀਆਂ ਜਾਣ ਕਿਉਂਕਿ ਇਹਨਾਂ ਵਿਚ ਵਿਆਪਕ ਬੇਨਿਯਮੀਆਂ ਹੋਈਆਂ ਹਨ ਅਤੇ ਵਿਰੋਧੀ ਧਿਰ ਦੇ ਉਮੀਦਵਾਰਾਂ ਨਾਲ ਧੱਕੇਸ਼ਾਹੀ ਕੀਤੀ ਗਈ ਹੈ। ਬਾਦਲ ਨੇ ਚੋਣਾਂ ਨਵੇਂ ਸਿਰੇ ਤੋਂ ਕਰਵਾਉਣ ਦੀ ਮੰਗ ਕੀਤੀ।
ਐਸ ਡੀ ਐਮ ਦਫਤਰ ਮੂਹਰੇ ਵਿਸ਼ਾਲ ਧਰਨੇ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪੰਚਾਇਤ ਚੋਣਾਂ ਵਿਚ ਜਿਹਨਾਂ ਦੇ ਨਾਮਜ਼ਦਗੀ ਪੱਤਰ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਆਨੇ ਬਹਾਨੇ ਰੱਦ ਕੀਤੇ ਗੲ ਹਨ, ਉਹਨਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਦੀ ਲੀਗਲ ਟੀਮ ਨਾਲ ਸੰਪਰਕ ਕਰਨ ਜਾਂ ਆਪਣੀਆਂ ਸ਼ਿਕਾਇਤਾਂ ਪਾਰਟੀ ਦਫਤਰਾਂ ਵਿਚ ਸੌਂਪਣ ਤੋਂ ਜੋ ਨਿਆਂ ਹਾਸਲ ਕਰਨ ਵਾਸਤੇ ਹਾਈ ਕੋਰਟ ਕੋਲ ਪਹੁੰਚ ਕੀਤੀ ਜਾ ਸਕੇ।
ਬਾਦਲ ਨੇ ਐਲਾਨ ਕੀਤਾ ਕਿ ਅਕਾਲੀ ਦਲ ਪਾਰਟੀ ਲੀਹਾਂ ਤੋਂ ਉਪਰ ਉਠ ਕੇ ਜ਼ਮੀਨੀ ਪੱਧਰ ’ਤੇ ਲੋਕਤੰਤਰ ਦੀ ਬਹਾਲੀ ਵਾਸਤੇ ਵਚਨਬੱਧ ਹੈ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਯਕੀਨੀ ਬਣਾਵੇਗਾ ਕਿ ਆਪ ਦੇ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਦੇ ਨਾਲ-ਨਾਲ ਜਿਹੜੇ ਅਫਸਰਾਂ ਨੇ ਲੋਕਤੰਤਰ ਦਾ ਕਤਲ ਕੀਤਾ, ਉਹਨਾਂ ਨੂੰ ਉਹਨਾਂ ਦੇ ਕੰਮਾਂ ਲਈ ਜਵਾਬਦੇਹ ਠਹਿਰਾਇਆ ਜਾਵੇ। ਉਹਨਾਂ ਕਿਹਾ ਕਿ ਅਸੀਂ ਅਜਿਹੇ ਅਨਸਰਾਂ ਖਿਲਾਫ ਕੇਸ ਦਰਜ ਕਰਵਾਉਣ ਲਈ ਕੰਮ ਕਰਾਂਗੇ।
ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਨੇ ਆਪਣੇ 40 ਸਾਲਾਂ ਦੇ ਸਿਆਸੀ ਸਫਰ ਦੌਰਾਨ ਵਿਰੋਧੀ ਧਿਰ ਖਿਲਾਫ ਅਜਿਹੀ ਧੱਕੇਸ਼ਾਹੀ ਕਦੇ ਨਹੀਂ ਵੇਖੀ। ਉਹਨਾਂ ਕਿਹਾ ਕਿ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਅਤੇ ਦਸਤਾਵੇਜ਼ਾਂ ਦੀ ਪੜਤਾਲ ਦੇ ਬਾਅਦ ਸੂਚੀਆਂ ਨਵੇਂ ਸਿਰੇ ਤੋਂ ਸੋਧ ਕੇ ਤਿਆਰ ਕੀਤੀਆਂ ਗਈਆਂ ਤਾਂ ਜੋ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਚੋਣ ਲੜਨ ਤੋਂ ਰੋਕਿਆ ਜਾ ਸਕੇ। ਉਹਨਾਂ ਨੇ ਆਪ ਦੇ ਮੰਤਰੀਆਂ ਤੇ ਵਿਧਾਇਕਾਂ ’ਤੇ ਨਾਮਜ਼ਦਗੀ ਪੱਤਰ ਸੌਂਪਣ ਅਤੇ ਜ਼ਬਰੀ ਸਰਬਸੰਮਤੀ ਕਰਵਾਉਣ ਲਈ ਪੈਸੇ ਲੈਣ ਦੇ ਦੋਸ਼ ਲਗਾਏ।
ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਆਪ ਨੂੰ ਇਹ ਧੱਕੇਸ਼ਾਹੀ ਗਿੱਦੜਬਾਹਾ ਜ਼ਿਮਨੀ ਚੋਣ ਵਿਚ ਮਹਿੰਗੀ ਪਵੇਗੀ। ਉਹਨਾਂ ਕਿਹਾ ਕਿ ਮੈਂ ਭਰੋਸਾ ਦੁਆਉਂਦਾ ਹਾਂ ਕਿ ਮੈਂ ਇਸ ਹਲਕੇ ਵਿਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਵਿਰਾਸਤ ਕਾਇਮ ਰੱਖਾਂਗਾ। ਬਾਦਲ ਨੇ ਕਿਹਾ ਕਿ ਲੋਕ ਅੱਜ ਤੋਂ ਹੀ ਉਹਨਾਂ ਨੂੰ ਆਪਣਾ ਸਰਪੰਚ ਤੇ ਵਿਧਾਇਕ ਸਮਝਣ l