Fresno, October 9
(Bureau ਰਿਪੋਰਟ)
ਅਮਰੀਕਾ ਦੇ ਫਰਿਜ਼ਨੋ ਸ਼ਹਿਰ ਵਿੱਚ ਹੋਈ ਇੱਕ ਗੋਲੀਬਾਰੀ ਦੀ ਘਟਨਾ ਵਿੱਚ ਪੰਜਾਬੀ ਮੂਲ ਦੇ ਇਕ ਨੌਜਵਾਨ ਨੇ ਇੱਕ ਹੋਰ ਪੰਜਾਬੀ ਨੌਜਵਾਨ ਦਾ ਕਤਲ ਕਰ ਦਿੱਤਾ ਹੈ। 8 ਅਕਤੂਬਰ ਨੂੰ ਨੌਰਥ ਵੈਸਟ ਪੁਲਿਸ ਜਿਲੇ ਦੇ ਕਰੀ ਹਾਊਸ ਰੈਸਟੋਰੈਂਟ ਅਤੇ ਬਾਰ ਵਿਖੇ ਵਾਪਰੀ ਇਸ ਘਟਨਾ ਵਿੱਚ 28 ਸਾਲਾਂ ਲਵਪ੍ਰੀਤ ਸਿੰਘ ਨੇ 29 ਸਾਲਾ ਹਰਮਨ ਪ੍ਰੀਤ ਸਿੰਘ ਨੂੰ ਸਰੀਰ ਦੇ ਉੱਪਰਲੇ ਹਿੱਸੇ ਵਿੱਚ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਫਰਿਜ਼ਨੋ ਦੇ ਐਸ਼ਲਨ ਅਤੇ ਵੈਸਟ ਅਵੇਨਿਓ ਉੱਤੇ ਪੈਂਦੇ ਇਸ ਰੈਸਟੋਰੈਂਟ ਵਿੱਚ ਇੱਕ ਪਾਰਟੀ ਚਲਦੀ ਪਈ ਸੀ ਜਿੱਥੇ ਇਹ ਦੋਵੇਂ ਪੰਜਾਬੀ ਨੌਜਵਾਨ ਮਹਿਮਾਨ ਸਨ। ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਵੀ 28 ਸਾਲਾਂ ਲਵਪ੍ਰੀਤ ਨੇ ਆਪਣੀ ਪਿਸਤੌਲ ਕੱਢ ਕੇ ਹਰਮਨਪ੍ਰੀਤ ਉੱਤੇ ਗੋਲੀਆਂ ਚਲਾਈਆਂ ਅਤੇ ਰੈਸਟੋਰੈਂਟ ਤੋਂ ਬਾਹਰ ਜਾਂਦਿਆਂ ਸਮੇਂ ਇੱਕ ਹੋਰ ਵਿਅਕਤੀ ਨੂੰ ਵੀ ਸ਼ੂਟ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਲਵਪ੍ਰੀਤ ਨੇ ਖੁਦ 911 ਉੱਤੇ ਕਾਲ ਕੀਤੀ ਅਤੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਸ ਹੱਥੋਂ ਇਕ ਵਿਅਕਤੀ ਉੱਤੇ ਗੋਲੀ ਚੱਲ ਗਈ ਹੈ ਅਤੇ ਉਹ ਖ਼ੁਦ ਨੂੰ ਪੁਲਿਸ ਦੇ ਹਵਾਲੇ ਕਰਨਾ ਚਾਹੁੰਦਾ ਹੈ।
ਵਾਰਦਾਤ ਦੀ ਥਾਂ ਉੱਤੇ ਪਹੁੰਚੀ ਪੁਲਿਸ ਪਾਰਟੀ ਨੇ ਲਵਪ੍ਰੀਤ ਨੂੰ ਗ੍ਰਿਫਤਾਰ ਕਰ ਲਿਆ ਅਤੇ ਰੈਸਟੋਰੈਂਟ ਦੇ ਅੰਦਰੋਂ ਹਰਮਨ ਪ੍ਰੀਤ ਨੂੰ ਬੁਰੀ ਤਰ੍ਹਾਂ ਜ਼ਖਮੀ ਹਾਲਤ ਵਿੱਚ ਪਾਇਆ। ਹਸਪਤਾਲ ਲਿਜਾਏ ਗਏ ਹਰਮਨਪ੍ਰੀਤ ਨੂੰ ਮਰਿਆ ਹੋਇਆ ਘੋਸ਼ਿਤ ਕਰ ਦਿੱਤਾ ਗਿਆ।
ਪੁਲਿਸ ਤਫਤੀਸ਼ ਵਿੱਚ ਪਤਾ ਲੱਗਾ ਹੈ ਕਿ ਦੋਵੇਂ ਲਵਪ੍ਰੀਤ ਅਤੇ ਹਰਮਨਪ੍ਰੀਤ ਇੱਕ ਦੂਸਰੇ ਦੇ ਜਾਣੂ ਸਨ ਅਤੇ Modesto ਸ਼ਹਿਰ ਦੇ ਰਹਿਣ ਵਾਲੇ ਸਨ। ਲਵਪ੍ਰੀਤ ਖਿਲਾਫ ਫਰਿਜ਼ਨੋ ਕਾਉਂਟੀ ਜੇਲ ਵਿੱਚ ਕਤਲ ਅਤੇ ਹੱਤਿਆ ਦੀ ਕੋਸ਼ਿਸ ਕਰਨ ਦੀਆਂ ਧਾਰਾਵਾਂ ਤਹਿਤ ਮੁਕਦਮਾ ਦਰਜ ਕੀਤਾ ਗਿਆ ਹੈ।