ਪੀਲ ਰੀਜਨਲ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਖੇਤਰ ਦੀ ਪੁਲਿਸ ਵੱਲੋਂ ਚਲਾਏ ਗਏ ਆਪਰੇਸ਼ਨ ਸਲੈਜ ਹੈਮਰ ਦੇ ਤਹਿਤ ਭਾਰੀ ਗਿਣਤੀ ਵਿੱਚ ਹਥਿਆਰਾਂ ਅਤੇ ਗੋਲੀ ਸਿੱਕੇ ਸਮੇਤ ਨਸ਼ੇ ਦੀ ਖੇਪ ਬਰਾਮਦ ਕੀਤੇ ਜਾਣ ਦੇ ਇੱਕ ਆਪਰੇਸ਼ਨ ਵਿੱਚ ਪੰਜ ਪੰਜਾਬੀ ਮੂਲ ਦੇ ਲੋਕਾਂ ਨੂੰ ਚਾਰਜ ਕੀਤਾ ਗਿਆ ਹੈ। ਇਸ ਆਪਰੇਸ਼ਨ ਨੂੰ ਨਜਾਇਜ਼ ਹਥਿਆਰਾਂ ਦੀ ਬਰਾਮਦਗੀ ਦਾ ਪੀਲ ਖੇਤਰ ਦਾ ਸਭ ਤੋਂ ਵੱਡਾ ਆਪਰੇਸ਼ਨ ਕਰਾਰ ਦਿੱਤਾ ਗਿਆ ਹੈ ਜਿਸ ਵਿੱਚ 11 ਫਾਇਰ ਆਰਮਜ਼, 36 ਮੈਗਜੀਨ, 900 ਕਾਰਤੂਸ ਅਤੇ 53 ਗਲੌਕ ਪਿਸਤੌਲਾਂ ਤੇ ਕਨਵਰਟਰ ਸ਼ਾਮਿਲ ਨੇ।
ਇਸ ਆਪਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਪੀਲ ਰੀਜਨਲ ਪੁਲਿਸ ਦੇ ਅਫਸਰਾਂ ਨੇ ਦੱਸਿਆ ਕਿ ਗਿਰਫਤਾਰ ਕੀਤੇ ਅਤੇ ਚਾਰਜ ਕੀਤੇ ਗਏ ਪੰਜ ਵਿਅਕਤੀ ਇੱਕ ਹੀ ਪੰਜਾਬੀ ਮੂਲ ਦੇ ਪਰਿਵਾਰ ਦੇ ਜੀਅ ਹਨ। ਇਹਨਾਂ ਵਿੱਚ ਨਵਦੀਪ ਨਾਗਰਾ ਰਵਨੀਤ ਨਾਗਰਾ ਅਤੇ ਇਹਨਾਂ ਦੀ ਮਾਂ ਨਰਿੰਦਰ ਨਾਗਰਾ ਸ਼ਾਮਿਲ ਨੇ। ਇਹਨਾਂ ਤੋਂ ਇਲਾਵਾ ਰਣਵੀਰ ਅੜੈਚ ਅਤੇ ਪਵਨੀਤ ਨਹਲ ਨੂੰ ਵੀ ਚਾਰਜ ਕੀਤਾ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਇੱਕ ਟਰੈਫਿਕ ਚੈਕਿੰਗ ਦੌਰਾਨ ਰੋਕੇ ਗਏ ਇੱਕ ਵਿਅਕਤੀ ਦੀ ਗਤੀਵਿਧੀਆਂ ਦੀ ਤਫਤੀਸ਼ ਮਗਰੋਂ ਪੀਲ ਖੇਤਰ ਵਿੱਚ ਨਾਜਾਇਜ਼ ਹਥਿਆਰਾਂ ਅਤੇ ਨਸ਼ੇ ਦੀ ਤਸਕਰੀ ਦੇ ਇਸ ਗਿਰੋਹ ਦਾ ਪਤਾ ਲੱਗਾ ਜੋ ਇਕ ਹੀ ਪਰਿਵਾਰ ਨਾਲ ਸਬੰਧ ਰੱਖਦਾ ਸੀ।