Brampton November 4
ਪੀਲ ਰੀਜਨਲ ਪੁਲਿਸ ਦੇ Sergeant ਹਰਿੰਦਰ ਸਿੰਘ ਸੋਹੀ ਨੂੰ ਬਰੈਮਟਨ ਵਿਖੇ ਹਿੰਦੂ ਮੰਦਿਰ ਦੇ ਬਾਹਰ ਖਾਲਿਸਤਾਨ ਸਮਰਥਕਾਂ ਦੇ ਨਾਲ ਮੁਜ਼ਾਹਰਾ ਕਰਨ ਦੇ ਮਾਮਲੇ ਵਿੱਚ ਮੁਅਤਲ ਕਰ ਦਿੱਤਾ ਗਿਆ ਹੈ। ਪੀਲ ਰੀਜਨਲ ਪੁਲਿਸ ਵੱਲੋਂ ਇਸ ਘਟਨਾ ਉੱਤੇ ਇੱਕ ਕਾਰਕੂਨ ਵੱਲੋਂ ਮੰਗੇ ਗਏ ਇੱਕ ਸਪਸ਼ਟੀਕਰਨ ਦੇ ਜਵਾਬ ਵਿੱਚ ਭੇਜੇ ਗਏ ਇੱਕ ਈਮੇਲ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ 3 ਨਵੰਬਰ ਨੂੰ ਬਰੈਮਟਨ ਦੇ ਇੱਕ ਮੰਦਿਰ ਦੇ ਬਾਹਰ ਮੁਜ਼ਾਰਾ ਕਰ ਰਹੇ ਖਾਲਿਸਤਾਨੀ ਪ੍ਰਦਰਸ਼ਨਕਾਰੀਆਂ ਵਿੱਚ ਹਰਿੰਦਰ ਸਿੰਘ ਸੋਹੀ ਸਭ ਤੋਂ ਅੱਗੇ ਸੀ। ਇਸ ਪ੍ਰਦਰਸ਼ਨ ਦੌਰਾਨ ਹੋਈ ਹਿੰਸਕ ਝੜਪ ਦੌਰਾਨ ਖਾਲਿਸਤਾਨੀ ਪ੍ਰਦਰਸ਼ਨਕਾਰੀਆਂ ਨੇ ਮੰਦਰ ਦੇ ਕੰਪਾਉਂਡ ਵਿੱਚ ਵੜ ਕੇ ਗੁੰਡਾਗਰਦੀ ਕੀਤੀ ਸੀ ਜਿਸ ਦੀਆਂ ਵੀਡੀਓਜ ਦੁਨੀਆਂ ਭਰ ਵਿੱਚ ਵਾਇਰਲ ਹੋ ਰਹੀਆਂ ਨੇ। ਇਹਨਾਂ ਹੀ ਵੀਡੀਓਜ਼ ਵਿੱਚ ਵੇਖੇ ਗਏ ਇੱਕ ਵਿਅਕਤੀ ਦੀ ਪਛਾਣ ਹਰਿੰਦਰ ਸਿੰਘ ਸੋਹੀ ਦੇ ਰੂਪ ਵਿੱਚ ਹੋਈ ਸੀ।
ਪੀਲ ਰੀਜਨਲ ਪੁਲਿਸ ਦੇ ਅਫਸਰਾਂ ਦੇ ਤਿੰਨ ਨਵੰਬਰ ਦੇ ਵਤੀਰੇ ਦੌਰਾਨ ਖਾਲਿਸਤਾਨੀ ਹਿਮਾਇਤੀਆਂ ਪ੍ਰਤੀ ਨਰਮੀ ਵਰਤਣ ਅਤੇ ਹਿੰਦੂ ਮੁਜ਼ਾਰਾਕਾਰੀਆਂ ਪ੍ਰਤੀ ਸਖਤੀ ਕਰਨ ਦੇ ਇਲਜ਼ਾਮ ਵੀ ਲੱਗੇ ਸਨ। ਪੀਲ ਰੀਜਨਲ ਪੁਲਿਸ ਦੇ ਇੱਕ ਮੌਜੂਦਾ ਅਫਸਰ ਦਾ ਖੁਦ ਖਾਲਿਸਤਾਨ ਦੇ ਹੱਕ ਵਿੱਚ ਸਮਰਥਨ ਲਈ ਉਤਰਨਾ ਅਤੇ ਹਮਲਾਵਰ ਭੀੜ ਦਾ ਹਿੱਸਾ ਹੋਣਾ ਪੀਲ ਰੀਜਨਲ ਪੁਲਿਸ ਲਈ ਇੱਕ ਵੱਡੀ ਨਮੋਸ਼ੀ ਸਾਬਿਤ ਹੋਇਆ ਹੈ।
ਖਾਲਿਸਤਾਨੀਆਂ ਪ੍ਰਤੀ ਕੈਨੇਡਾ ਵਿੱਚ ਦੀ ਮੌਜੂਦਾ ਸਰਕਾਰ ਦੇ ਨਰਮ ਰੁੱਖ ਨੂੰ ਲੈ ਕੇ ਟਰੂਡੋ ਸਰਕਾਰ ਪਹਿਲਾਂ ਤੋਂ ਹੀ ਆਲੋਚਕਾਂ ਦੇ ਨਿਸ਼ਾਨੇ ਤੇ ਰਹੀ ਹੈ। ਇਸ ਤੋਂ ਪਹਿਲਾਂ ਕੈਨੇਡੀਅਨ ਬਾਰਡਰ ਸੁਰੱਖਿਆ ਏਜੰਸੀ ਦੇ ਇੱਕ ਅਧਿਕਾਰੀ ਸੰਦੀਪ ਸਿੰਘ ਸਿੱਧੂ ਦੇ ਭਾਰਤ ਵਿੱਚ ਹੋਈ ਕਾਮਰੇਡ ਬਲਵਿੰਦਰ ਸਿੰਘ ਦੀ ਹੱਤਿਆ ਦੇ ਮਾਮਲੇ ਵਿੱਚ ਲੁੜੀਂਦੇ ਹੋਣ ਦਾ ਮਾਮਲਾ ਸਾਹਮਣੇ ਆ ਚੁੱਕਾ ਹੈ।