ਬੇਅਦਬੀ ਮਾਮਲਿਆਂ ਵਿਚ ਆਪਣੀ ਨਾਂਹ-ਪੱਖੀ ਭੂਮਿਕਾ ਕਾਰਨ ਧਾਰਮਿਕ ਤਨਖਾਹ ਭੁਗਤਣ ਅਤੇ ਦੰਡ ਲਗਵਾਉਣ ਮਗਰੋਂ ਅਕਾਲੀ ਦਲ ਆਗੂ ਸੁਖਬੀਰ ਸਿੰਘ ਬਾਦਲ ਦੀ ਬੇਟੀ ਹਰਕੀਰਤ ਕੌਰ ਦੇ ਵਿਆਹ ਸਮਾਗਮ ਸ਼ੁਰੂ ਹੋ ਗਏ ਨੇ। ਸੁਖਬੀਰ ਅਤੇ ਬਠਿੰਡਾ ਤੋਂ ਸਾਂਸਦ ਹਰਸਿਮਰਤ ਕੌਰ ਬਾਦਲ ਦੀ ਬੇਟੀ ਹਰਕੀਰਤ ਕੌਰ ਦੇ ਵਿਆਹ ਸਬੰਧੀ ਪਿੰਡ ਬਾਦਲ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਅਰਦਾਸ ਵਿੱਚ ਅਕਾਲੀ ਦਲ ਲੀਡਰਾਂ ਅਤੇ ਪਾਰਿਵਾਰਿਕ ਮੈਂਬਰ ਸ਼ਾਮਿਲ ਹੋਏ।
ਜ਼ਿਕਰਯੋਗ ਹੈ ਕਿ ਹਰਕੀਰਤ ਕੌਰ ਦੇ ਵਿਆਹ ਨੂੰ ਲੈ ਕੇ ਲੰਬੇ ਸਮੇਂ ਤੋਂ ਸੰਸਾ ਇਸ ਵਾਸਤੇ ਬਣਿਆ ਹੋਇਆ ਸੀ ਕਿਉਂਕਿ ਤਨਖਾਹੀਆ ਕਰਾਰ ਹੋਣ ਕਾਰਨ ਸੁਖਬੀਰ ਸਿੰਘ ਬਾਦਲ ਬੇਟੀ ਦੇ ਵਿਆਹ ਸਮਾਗਮ ਵਿੱਚ ਤਨਖਾਹਿਆ ਰਹਿੰਦੀਆਂ ਧਾਰਮਿਕ ਰਸਮਾਂ ਅਦਾ ਨਹੀਂ ਸਨ ਕਰ ਸਕਦੇ। ਇਹੀ ਕਾਰਨ ਵੀ ਮੰਨਿਆ ਜਾਂਦਾ ਰਿਹਾ ਕਿ ਸੁਖਬੀਰ ਬਾਦਲ ਕਈ ਮੌਕਿਆਂ ਉੱਤੇ ਸ਼੍ਰੀ ਅਕਾਲ ਤਖਤ ਸਾਹਿਬ ਸਕਤਰੇਤ ਸਾਹਮਣੇ ਪੇਸ਼ ਹੋ ਕੇ ਉਹਨਾਂ ਦੀ ਧਾਰਮਿਕ ਸਜ਼ਾ ਨੂੰ ਛੇਤੀ ਲਵਾਉਣ ਦੀ ਅਪੀਲ ਵੀ ਕਰਦੇ ਰਹੇ।
ਦਸੰਬਰ ਦੇ ਮਹੀਨੇ ਵਿੱਚ ਧਾਰਮਿਕ ਦੰਡ ਭੁਗਤਨ ਅਤੇ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਸੁਖਬੀਰ ਬਾਦਲ ਹੁਣ ਆਪਣੀ ਬੇਟੀ ਦੇ ਵਿਆਹ ਸਮਾਗਮਾਂ ਵਿੱਚ ਖੁੱਲ ਕੇ ਰਸਮਾਂ ਅਦਾ ਕਰ ਸਕਣਗੇ।