ਚੰਡੀਗੜ੍ਹ, October 9
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਹੇ ਭਰਤ ਇੰਦਰ ਸਿੰਘ ਚਹਿਲ ਦੀਆਂ ਮੁਸ਼ਕਿਲਾਂ ਹੋਰ ਵੱਧ ਗਈਆਂ ਨੇ। ਬੀਤੇ ਦਿਨੀਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਭਰਤ ਇੰਦਰ ਸਿੰਘ ਚਹਿਲ ਦੀ ਅਗਾਊਂ ਜ਼ਮਾਨਤ ਦੀ ਅਰਜੀ ਨੂੰ ਖਾਰਜ ਕਰ ਦਿਤਾ ਗਿਆ ਹੈ। ਆਮਦਨ ਤੋਂ ਵੱਧ ਜਾਇਦਾਦ ਇੱਕਠਾ ਕਰਨ ਦੇ ਇਕ ਮਾਮਲੇ ਵਿੱਚ ਬੀਤੇ ਸਾਲ ਭਰਤ ਇੰਦਰ ਸਿੰਘ ਚਹਿਲ ਦੇ ਖਿਲਾਫ ਅਪਰਾਧਿਕ ਮੁਕੱਦਮਾ ਦਰਜ ਕੀਤਾ ਗਿਆ ਸੀ।
ਵਿਜੀਲੈਂਸ ਬਿਊਰੋ ਵੱਲੋਂ ਮਾਮਲੇ ਦੀ ਪੜਤਾਲ ਤੋਂ ਬਾਅਦ ਅਦਾਲਤ ਦੇ ਸਾਹਮਣੇ ਰੱਖੇ ਗਏ ਵੇਰਵਿਆਂ ਮੁਤਾਬਿਕ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਆਪਣੇ ਅਹੁਦੇ ਉੱਤੇ ਰਹਿੰਦਿਆਂ ਚਾਹਲ ਦੀ ਇਕ ਅਪ੍ਰੈਲ 2017 ਤੋਂ ਲੈ ਕੇ 31 ਅਗਸਤ 2021 ਤੱਕ ਆਮਦਨ ₹ 7,85,16,905 ( 7 ਕਰੋੜ 85 ਲੱਖ ) ਸੀ ਲੇਕਿਨ ਇਸ ਦੌਰਾਨ ਭਰਤ ਇੰਦਰ ਸਿੰਘ ਚਹਿਲ ਨੇ ਤਕਰੀਬਨ ₹ 31,79,89,011 ( 31 ਕਰੋੜ 79 ਲੱਖ) ਤੋਂ ਵੱਧ ਖਰਚਾ ਕੀਤਾ । ਵਿਜੀਲੈਂਸ ਵਲੋਂ ਕੀਤੀ ਗਈ ਪੜਤਾਲ ਵਿਚ ਆਮਦਨ ਤੋਂ ਵੱਧ ਖਰਚੇ ਦਾ ਮੁੱਖ ਕੇਂਦਰ ਚਹਿਲ ਦਾ Alcazar ਮੈਰਿਜ ਪੈਲਸ ਰਿਹਾ।
ਵਿਜੀਲੈਂਸ ਬਿਊਰੋ ਵੱਲੋਂ ਭਾਰਤ ਇੰਦਰ ਸਿੰਘ ਚਹਿਲ ਦੇ ਖਿਲਾਫ 2022 ਵਿੱਚ ਕੀਤੀ ਗਈ ਇਨਕੁਆਇਰੀ ਨੰਬਰ 14 ਦੌਰਾਨ ਤੱਥ ਉਭਰੇ ਸਨ ਕਿ ਚਹਿਲ ਦੀ ਆਮਦਨ ਅਤੇ ਖਰਚੇ ਵਿੱਚ ਇਕ ਵੱਡਾ ਅੰਤਰ ਹੈ। ਉਹਨਾਂ ਦੀ ਆਮਦਨ ਨਾਲੋਂ ਚਹਿਲ ਦਾ ਖ਼ਰਚਾ 305 ਫੀਸਦੀ ਵੱਧ ਪਾਇਆ ਗਿਆ ਹੈ। ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਚਹਿਲ ਨੇ ਆਪਣੀ ਆਮਦਨ ਨਾਲੋਂ 24 ਕਰੋੜ ਵਾਧੂ ਖਰਚਾ ਕੈਪਟਨ ਅਮਰਿੰਦਰ ਸਿੰਘ ਦੀ 2017-2021 ਦੀ ਸਰਕਾਰ ਸਮੇਂ ਅਹੁਦੇ ਉੱਤੇ ਰਹਿੰਦਿਆਂ ਹੋਇਆਂ ਕੀਤਾ।
ਮਾਮਲੇ ਚ ਬੀਤੇ ਸਾਲ ਵਿਜਲੈਂਸ ਬਿਊਰੋ ਨੇ ਭਾਰਤ ਇੰਦਰ ਸਿੰਘ ਚਾਹਲ ਨੂੰ ਪੁੱਛ ਕਿਛ ਲਈ ਵੀ ਬੁਲਾਇਆ ਸੀ ਲੇਕਿਨ ਚਾਹਲ ਸਿਰਫ ਦੋ ਵਾਰ ਹੀ ਵਿਜਲੈਂਸ ਬਿਊਰੋ ਸਾਹਮਣੇ ਪੇਸ਼ ਹੋਏ ਜਿਸ ਉਪਰੰਤ ਵਿਜਲੈਂਸ ਬਿਊਰੋ ਵੱਲੋਂ ਇੱਕ ਐਫਆਈਆਰ ਦਰਜ ਕਰ ਲਈ ਗਈ। ਇਸ ਪੂਰੇ ਘਟਨਾਕ੍ਰਮ ਦੇ ਚਲਦਿਆਂ ਭਰਤ ਇੰਦਰ ਸਿੰਘ ਚਾਹਲ ਦੇ ਪਟਿਆਲਾ- ਸਰਹੰਦ ਰੋਡ ਉੱਤੇ ਪੈਂਦੇ ਮੈਰਿਜ ਪੈਲੇਸ ਅਤੇ ਇੱਕ ਹੋਰ ਸ਼ਾਪਿੰਗ ਮਾਲ ਉੱਤੇ ਛਾਪੇਮਾਰੀ ਵੀ ਕੀਤੀ ਗਈ ਸੀ।
ਜ਼ਿਕਰ-ਏ-ਖਾਸ ਹੈ ਕਿ ਭਰਤ ਇੰਦਰ ਸਿੰਘ ਚਹਿਲ ਕੈਪਟਨ ਅਮਰਿੰਦਰ ਸਿੰਘ ਦੇ ਬੇਹਦ ਕਰੀਬੀ ਸਨ। 2002 ਤੋਂ 2007 ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਸਮੇਂ ਵੀ ਭਰਤ ਇੰਦਰ ਸਿੰਘ ਚਹਿਲ ਨੂੰ ਲੈ ਕੇ ਕਈ ਵਿਵਾਦ ਖੜੇ ਹੋਏ। ਇਸ ਤੋਂ ਬਾਅਦ ਅਕਾਲੀ ਦਲ ਭਾਜਪਾ ਸਰਕਾਰਾਂ ਸਮੇਂ ਭਰਤ ਇੰਦਰ ਸਿੰਘ ਚਾਹਲ ਨੂੰ ਇਕ ਵੱਖਰੇ ਮਾਮਲੇ ਚ ਗਿਰਫਤਾਰ ਵੀ ਕੀਤਾ ਗਿਆ। 2017 ਤੋਂ 2021 ਵਿੱਚ ਚਹਿਲ ਲੋ ਪ੍ਰੋਫਾਈਲ ਰਹੇ ਲੇਕਿਨ ਸਰਕਾਰ ਦੇ ਕੱਮ ਕਾਜ ਵਿਚ ਉਹਨਾਂ ਦਾ ਦਖ਼ਲ ਜਾਰੀ ਰਿਹਾ।