ਫਗਵਾੜਾ; 13 ਅਗਸਤ
ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਪੂਰਥਲਾ ਜ਼ਿਲ੍ਹੇ ਵਿੱਚ ‘ਇੱਕ ਸ਼ਾਮ ਭਗਵਾਨ ਸ਼ਿਵ ਕੇ ਨਾਮ’ ਭਜਨ ਸੰਧਿਆ ਵਿੱਚ ਸ਼ਰਧਾਲੂਆਂ ਨਾਲ ਸ਼ਾਮਲ ਹੋਏ। ‘ਆਪ’ ਸੁਪਰੀਮੋ ਨੇ ਕਿਹਾ ਕਿ ਪੰਜਾਬ ਵਿੱਚ ਅੱਜ ਤੱਕ ਕਿਸੇ ਵੀ ਸਰਕਾਰ ਨੇ ਸਨਾਤਨ ਧਰਮ ਲਈ ਇੰਨਾ ਕੰਮ ਨਹੀਂ ਕੀਤਾ, ਜਿੰਨਾ ਭਗਵੰਤ ਮਾਨ ਸਰਕਾਰ ਕਰ ਰਹੀ ਹੈ।
ਭਜਨ ਸੰਧਿਆ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ, “ਭਗਵੰਤ ਮਾਨ ਸਰਕਾਰ ਨੇ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦਾ ਵਿਸਥਾਰ ਕੀਤਾ ਹੈ। ਸਾਲਾਸਰ ਜੀ-ਸ਼੍ਰੀ ਖਾਟੂ ਸ਼ਿਆਮ, ਹਰਿਦੁਆਰ-ਰਿਸ਼ੀਕੇਸ਼ ਅਤੇ ਮਥੁਰਾ ਜੀ-ਵ੍ਰਿੰਦਾਵਨ ਧਾਮ ਲਈ ਤੀਰਥ ਯਾਤਰਾ ਦੇ ਰੂਟ ਹੁਣ ਸ਼ੁਰੂ ਕਰ ਦਿੱਤੇ ਗਏ ਹਨ। ਇਹਨਾਂ ਤੀਰਥ ਯਾਤਰਾਵਾਂ ਲਈ ਬਹੁਤ ਜ਼ਿਆਦਾ ਮੰਗ ਹੈ ਅਤੇ ਲੰਬੀਆਂ ਵੇਟਿੰਗ ਲਿਸਟਾਂ ਹਨ, ਇਸ ਲਈ ਲੋਕਾਂ ਨੂੰ ਆਪਣੀ ਬੁਕਿੰਗ ਪਹਿਲਾਂ ਹੀ ਕਰਵਾ ਲੈਣੀ ਚਾਹੀਦੀ ਹੈ। ਅਸੀਂ ਇਹਨਾਂ ਅਸਥਾਨਾਂ ਲਈ 1.5 ਲੱਖ ਸ਼ਰਧਾਲੂਆਂ ਨੂੰ ਤੀਰਥ ਯਾਤਰਾ ‘ਤੇ ਲੈ ਕੇ ਜਾਵਾਂਗੇ।”
ਪਟਿਆਲਾ ਦੇ ਕਾਲੀ ਮਾਤਾ ਮੰਦਰ ਦੇ ਪੁਨਰਵਿਕਾਸ ਬਾਰੇ ਬੋਲਦਿਆਂ ‘ਆਪ’ ਸੁਪਰੀਮੋ ਨੇ ਕਿਹਾ, “ਪਟਿਆਲਾ ਦੇ ਕਾਲੀ ਮਾਤਾ ਮੰਦਰ ਦਾ 80 ਕਰੋੜ ਰੁਪਏ ਦੀ ਲਾਗਤ ਨਾਲ ਪੂਰੀ ਤਰ੍ਹਾਂ ਮੁੜ ਵਿਕਾਸ ਕੀਤਾ ਜਾ ਰਹਾ ਹੈ। ਇਹ ਕੰਮ 10 ਅਕਤੂਬਰ ਦੇ ਆਸ-ਪਾਸ ਸ਼ੁਰੂ ਹੋ ਜਾਵੇਗਾ। ਉੱਥੇ ਇੱਕ ਬਹੁਤ ਹੀ ਸ਼ਾਨਦਾਰ ਅਤੇ ਆਕਰਸ਼ਕ ਮੰਦਰ ਬਣਾਇਆ ਜਾ ਰਿਹਾ ਹੈ। ਲੋਕਾਂ ਦੀ ਮਾਤਾ ਕਾਲੀ ਵਿੱਚ ਅਥਾਹ ਸ਼ਰਧਾ ਹੈ ਅਤੇ ਲੋਕ ਉੱਥੇ ਜੋ ਵੀ ਮੰਗਦੇ ਹਨ, ਉਨ੍ਹਾਂ ਦੀ ਮੰਨਤ ਪੂਰੀ ਹੁੰਦੀ ਹੈ। ਇਸ ਲਈ ਹਰ ਕਿਸੇ ਨੂੰ ਘੱਟੋ-ਘੱਟ ਇੱਕ ਵਾਰ ਮਾਤਾ ਕਾਲੀ ਦੇ ਦਰਸ਼ਨ ਕਰਨੇ ਚਾਹੀਦੇ ਹਨ ਅਤੇ ਉਨ੍ਹਾਂ ਦਾ ਆਸ਼ੀਰਵਾਦ ਲੈਣਾ ਚਾਹੀਦਾ ਹੈ।”
‘ਇੱਕ ਸ਼ਾਮ ਭਗਵਾਨ ਸ਼ਿਵ ਕੇ ਨਾਮ’ ਉਪਰਾਲੇ ‘ਤੇ ਚਾਨਣਾ ਪਾਉਂਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ, “ਅੱਜ ਫਗਵਾੜਾ ਵਿੱਚ ਭਗਵਾਨ ਸ਼ਿਵ ਨੂੰ ਸਮਰਪਿਤ ਭਜਨ ਸੰਧਿਆ ਦਾ ਆਯੋਜਨ ਕੀਤਾ ਗਿਆ ਹੈ। ਇਸੇ ਤਰ੍ਹਾਂ ਪੰਜਾਬ ਦੇ 23 ਸ਼ਹਿਰਾਂ ਵਿੱਚ ‘ਇੱਕ ਸ਼ਾਮ ਭਗਵਾਨ ਸ਼ਿਵ ਕੇ ਨਾਮ’ ਭਜਨ ਸੰਧਿਆਵਾਂ ਕਰਵਾਈਆਂ ਜਾ ਰਹੀਆਂ ਹਨ। ਪੰਜਾਬ ਦੀ ‘ਆਪ’ ਸਰਕਾਰ ਸਨਾਤਨ ਧਰਮ ਲਈ ਬਹੁਤ ਕੰਮ ਕਰ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਮੈਂ ਹਰ ਸ਼ਿਵ ਭਜਨ ਸੰਧਿਆ ਵਿੱਚ ਸ਼ਿਰਕਤ ਕਰਦੇ ਹਾਂ ਅਤੇ ਮਾਨ ਸਾਹਿਬ ਖੁਦ ਇਹਨਾਂ ਪਹਿਲਕਦਮੀਆਂ ਵਿੱਚ ਸਰਗਰਮੀ ਨਾਲ ਜੁੜੇ ਹੋਏ ਹਨ।”




