ਚੰਡੀਗੜ੍ਹ। ਪੰਜਾਬ ‘ਚ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਨੇ ਤਿਆਰੀ ਖਿੱਚੀ ਹੋਈ ਹੈ। ਆਮ ਆਦਮੀ ਪਾਰਟੀ ਮੁੱਖ ਵਿਰੋਧੀ ਧਿਰ ਤੋਂ ਸੱਤਾ ਧਿਰ ਦਾ ਸਫ਼ਰ ਤੈਅ ਕਰਨ ਦੀਆਂ ਕੋਸ਼ਿਸ਼ਾਂ ‘ਚ ਹੈ, ਤਾਂ ਅਕਾਲੀ ਦਲ ਅਤੇ ਬੀਜੇਪੀ ਆਪਣੀ ਸਿਆਸੀ ਜ਼ਮੀਨ ਮਜਬੂਤ ਕਰਨ ਦੀ ਤਿਆਰੀ ‘ਚ ਹਨ। ਪਰ ਸੱਤਾਧਿਰ ਕਾਂਗਰਸ ਅਤੇ ਖੁਦ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਹਨਾਂ ਤਿੰਨੇ ਪਾਰਟੀਆਂ ਨੂੰ ਆਪਣੇ ਲਈ ਕਿਸੇ ਤਰ੍ਹਾਂ ਦਾ ਮੁਕਾਬਲਾ ਨਹੀਂ ਸਮਝਦੇ।
ਇੱਕ ਨਿੱਜੀ ਚੈਨਲ ‘ਤੇ ਇੰਟਰਵਿਊ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਪਹਿਲਾਂ ਵੀ ਪੰਜਾਬ ‘ਚ 100 ਸੀਟਾਂ ਦਾ ਦਾਅਵਾ ਕਰਦੀ ਸੀ, ਪਰ ਜੋ ਹਸ਼ਰ ਹੋਇਆ ਉਹ ਸਾਰਿਆਂ ਦੇ ਸਾਹਮਣੇ ਹੈ। ਨਾਲ ਹੀ ਉਹਨਾਂ ਅਰਵਿੰਦ ਕੇਜਰੀਵਾਲ ਵੱਲੋਂ ਮੋਗਾ ਰੈਲੀ ‘ਚ ਕੀਤੇ ਵਾਅਦਿਆਂ ‘ਤੇ ਵੀ ਨਿਸ਼ਾਨਾ ਸਾਧਿਆ ਅਤੇ ਦੋਹਰਾਇਆ ਕਿ ਪੰਜਾਬ ਦੇ ਲੋਕਾਂ ਨੂੰ ਕੋਈ ਵੀ ਵਾਅਦਾ ਕਰਨ ਤੋਂ ਪਹਿਲਾਂ ਉਹ ਦਿੱਲੀ ‘ਚ ਆਪਣੇ ਵਾਅਦੇ ਪੂਰੇ ਕਰਨ।
ਸ਼੍ਰੋਮਣੀ ਅਕਾਲੀ ਦਲ ਬਾਰੇ ਬੋਲਦਿਆਂ ਕੈਪਟਨ ਨੇ ਕਿਹਾ ਕਿ ਇਹ ਇੱਕ ਵੰਡੀ ਹੋਈ ਪਾਰਟੀ ਹੈ, ਜਿਸ ਨੂੰ ਜੋੜ ਕੇ ਰੱਖਣ ਵਾਲਾ ਕੋਈ ਨਹੀਂ ਹੈ। ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਇਸ ਉਮਰ ‘ਚ ਪਾਰਟੀ ਨੂੰ ਲੀਡ ਨਹੀਂ ਕਰ ਸਕਦੇ।
ਕੈਪਟਨ ਨੇ ਕਿਹਾ ਕਿ ਬੀਜੇਪੀ ਦਾ ਪੰਜਾਬ ‘ਚ ਕੋਈ ਵਜੂਦ ਨਹੀਂ ਹੈ। ਵੈਸੇ ਵੀ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਦੇ ਲੋਕ ਬੀਜੇਪੀ ਤੋਂ ਖਫ਼ਾ ਹਨ। ਲਿਹਾਜ਼ਾ ਇਸ ਗੱਲੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਆਖਰ ਬੀਜੇਪੀ ਵਾਪਸ ਜਾ ਕੇ ਅਕਾਲੀ ਦਲ ਨਾਲ ਵੀ ਰਲ ਸਕਦੀ ਹੈ।
ਕਾਂਗਰਸ ਵੱਲੋਂ CM ਚਿਹਰੇ ਦੀ ਦਾਅਵੇਦਾਰੀ ‘ਤੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ, “ਮੇਰਾ ਤਜ਼ਰਬਾ ਮੇਰੀ ਸਭ ਤੋਂ ਵੱਡੀ ਕਾਬਲੀਅਤ ਹੈ। ਮੈਂ ਸਮਝਦਾ ਹਾਂ ਕਿ ਮੇਰਾ ਤਜ਼ਰਬਾ ਪੰਜਾਬ ਨੂੰ ਅੱਗੇ ਵੀ ਚਲਾਉਣ ‘ਚ ਮੇਰੀ ਮਦਦ ਕਰੇਗਾ। ਮੈਂ 1985 ‘ਚ ਖੇਤੀਬਾੜੀ ਮੰਤਰੀ ਰਿਹਾ ਹਾੰ। ਪਹਿਲਾਂ ਵੀ 5 ਸਾਲ ਮੁੱਖ ਮੰਤਰੀ ਰਹਿੰਦਿਆਂ ਖੇਤੀਬਾੜੀ ਮਹਿਕਮਾ ਸੰਭਾਲ ਚੁੱਕਿਆ ਹਾਂ। ਇਸ ਵੇਲੇ ਮੁੱਖ ਮੰਤਰੀ ਰਹਿੰਦਿਆਂ ਖੇਤੀਬਾੜੀ ਮਹਿਕਮਾ ਸੰਭਾਲ ਰਿਹਾ ਹਾਂ। ਕਿਉ੍ਕਿ ਪੰਜਾਬ ਦੀ ਜਾਨ ਖੇਤੀ ਹੈ, ਇਸ ਲਈ ਮੇਰਾ ਤਜ਼ਰਬਾ ਪੰਜਾਬ ਦੀ ਮਦਦ ਕਰੇਗਾ। ਇਸਦੇ ਨਾਲ ਹੀ ਪਾਕਿਸਤਾਨ ਪ੍ਰਤੀ ਵੀ ਮੇਰਾ ਸਖ਼ਤ ਸਟੈਂਡ ਹੈ ਤੇ ਮੇਰੀ ਪੁਰਾਣੀ ਟ੍ਰੇਨਿੰਗ ਵੀ ਕੰਮ ਆ ਸਕਦੀ ਹੈ। ਮੈਂ 2 ਵਾਰ ਸੰਸਦ ਛੱਡ ਕੇ ਪੰਜਾਬ ਆਇਆ ਹਾਂ। ਮੇਰੇ ਤਾਂ ਦਿਲ ‘ਚ ਪੰਜਾਬ ਵਸਿਆ ਹੈ। ਇਸ ਲਈ ਮੈਂ ਸਮਝਦਾ ਹਾਂ ਕਿ ਂਮੇਰਾ ਤਜ਼ਰਬਾ 2022 ਤੋਂ ਬਾਅਦ ਵੀ ਮੇਰੀ ਮਦਦ ਕਰੇਗਾ।”