ਬਿਓਰੋ। ਹਿਮਾਚਲ ਪ੍ਰਦੇਸ਼ ਦੇ ਊਨਾ ਵਿੱਚ ਸੋਮਵਾਰ ਨੂੰ ਵੱਡਾ ਹਾਦਸਾ ਹੋ ਗਿਆ। ਇਥੇ ਗੋਬਿੰਦ ਸਾਗਰ ਝੀਲ ਵਿੱਚ 7 ਨੌਜਵਾਨਾੰ ਦੀ ਡੁੱਬਣ ਦੇ ਚਲਦੇ ਮੌਤ ਹੋ ਗਈ। ਸਾਰੇ ਨੌਜਵਾਨ ਮੋਹਾਲੀ ਜ਼ਿਲ੍ਹੇ ਦੇ ਬਨੂੜ ਦੇ ਰਹਿਣ ਵਾਲੇ ਸਨ। ਹਾਦਸਾ ਦੁਪਹਿਰ ਕਰੀਬ ਸਾਢੇ 3 ਵਜੇ ਹੋਇਆ। ਦੱਸਿਆ ਜਾ ਰਿਹਾ ਹੈ ਕਿ ਇਹਨਾੰ ਵਿੱਚੋੰ ਇੱਕ ਨੌਜਵਾਨ ਨਹਾਉਣ ਲਈ ਪਾਣੀ ਵਿੱਚ ਉਤਰਿਆ ਸੀ, ਪਰ ਵਹਾਅ ਤੇਜ਼ ਹੋਣ ਦੇ ਚਲਦੇ ਉਹ ਡੁੱਬਣ ਲੱਗਿਆ। ਡੁੱਬਦੇ ਹੋਏ ਨੌਜਵਾਨ ਨੂੰ ਬਚਾਉਣ ਲਈ ਬਾਕੀ 6 ਨੌਜਵਾਨ ਪਾਣੀ ਵਿੱਚ ਕੁੱਦੇ, ਪਰ ਉਹ ਵੀ ਬਾਹਰ ਨਹੀੰ ਆ ਸਕੇ।
7 ਮੁੰਡਿਆੰ ਨੂੰ ਡੁੱਬਦਾ ਵੇਖ ਕੇ ਕੋਈ ਪਾਣੀ ਵਿੱਚ ਜਾਣ ਦੀ ਹਿੰਮਤ ਨਹੀੰ ਕਰ ਸਕਿਆ। ਇਸ ਦੌਰਾਨ 4 ਬਾਕੀ ਸਾਥੀਆੰ ਨੇ ਸ਼ੋਰ ਮਚਾਇਆ, ਜਿਸ ਤੋੰ ਬਾਅਦ ਆਸਪਾਸ ਦੇ ਲੋਕ ਘਟਨਾ ਵਾਲੀ ਥਾੰ ‘ਤੇ ਇਕੱਠੇ ਹੋਣ ਲੱਗੇ। ਸਥਾਨਕ ਤੈਰਾਕਾੰ ਨੇ ਝੀਲ ਵਿੱਚ ਡੁੱਬੇ ਨੌਜਵਾਨਾੰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਅਸਫਲ ਰਹੇ। ਫਿਰ ਰਾਹਤ ਅਤੇ ਬਚਾਅ ਲਈ ਗੋਤਾਖੋਰ ਵੀ ਪਹੁੰਚੇ। ਆਖਰ 6 ਵਜੇ ਦੇ ਕਰੀਬ ਲਾਸ਼ਾੰ ਨੂੰ ਬਾਹਰ ਕੱਢਿਆ ਜਾ ਸਕਿਆ।
ਨੈਣਾਦੇਵੀ ਦੇ ਦਰਸ਼ਨਾੰ ਲਈ ਗਏ ਸਨ
ਇਹ ਸਾਰੇ ਨੌਜਵਾਨ ਨੈਣਾ ਦੇਵੀ ਦੇ ਦਰਸ਼ਨਾੰ ਲਈ ਗਏ ਸਨ। ਦਰਸ਼ਨ ਕਰਨ ਤੋੰ ਬਾਅਦ ਉਹ ਬਾਬਾ ਬਾਲਕ ਨਾਥ ਮੰਦਰ ਦੇ ਦਰਸ਼ਨਾੰ ਲਈ ਨਿਕਲੇ। ਰਸਤੇ ਵਿੱਚ ਬਾਬਾ ਗਰੀਬਨਾਥ ਮੰਦਿਰ ‘ਚ ਦਰਸ਼ਨ ਕਰਨ ਤੋੰ ਬਾਅਦ ਇਹ ਸਾਰੇ ਗੋਬਿੰਦ ਸਾਗਰ ਝੀਲ ਵਿੱਚ ਪਹੁੰਚ ਗਏ ਅਤੇ ਇਥੇ ਹਾਦਸੇ ਦਾ ਸ਼ਿਕਾਰ ਹੋ ਗਏ। ਮ੍ਰਿਤਕਾੰ ਦੇ ਦੋਸਤਾੰ ਨੇ ਦੱਸਿਆ ਕਿ ਡੁੱਬਣ ਵਾਲੇ ਨੌਜਵਾਨ 16 ਤੋੰ 19 ਸਾਲ ਦੀ ਉਮਰ ਦੇ ਹਨ, ਜਦਕਿ ਇੱਕ 32 ਸਾਲ ਦਾ ਹੈ।
CM ਭਗਵੰਤ ਮਾਨ ਨੇ ਜਤਾਇਆ ਦੁੱਖ
ਸੀਐੱਮ ਭਗਵੰਤ ਮਾਨ ਨੇ ਹਾਦਸੇ ‘ਤੇ ਦੁੱਖ ਜਤਾਉੰਦੇ ਹੋਏ ਟਵਿਟਰ ‘ਤੇ ਲਿਖਿਆ, “ਬਾਬਾ ਬਾਲਕ ਨਾਥ ਜਾਂਦੇ ਸਮੇਂ ਗੋਬਿੰਦ ਸਾਗਰ ਝੀਲ ‘ਚ ਨਹਾਉਣ ਲਈ ਰੁਕੇ ਪੰਜਾਬ ‘ਚੋਂ ਬਨੂੜ ਦੇ 7 ਨੌਜਵਾਨਾਂ ਦੇ ਡੁੱਬਣ ਦੀ ਦੁਖਦਾਈ ਖ਼ਬਰ ਮਿਲੀ। ਪਰਿਵਾਰਾਂ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦਾ ਹਾੰ। ਪਰਮਾਤਮਾ ਅੱਗੇ ਅਰਦਾਸ…ਵਿੱਛੜੀਆਂ ਰੂਹਾਂ ਨੂੰ ਆਤਮਿਕ ਸ਼ਾਂਤੀ ਬਖ਼ਸ਼ਣ। ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।”
ਬਾਬਾ ਬਾਲਕ ਨਾਥ ਜਾਂਦੇ ਸਮੇਂ ਗੋਬਿੰਦ ਸਾਗਰ ਝੀਲ ‘ਚ ਨਹਾਉਣ ਲਈ ਰੁਕੇ ਪੰਜਾਬ ‘ਚੋਂ ਬਨੂੜ ਦੇ 7 ਨੌਜਵਾਨਾਂ ਦੇ ਡੁੱਬਣ ਦੀ ਦੁਖਦਾਈ ਖ਼ਬਰ ਮਿਲੀ…ਪਰਿਵਾਰਾਂ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦਾ ਹਾਂ…ਪਰਮਾਤਮਾ ਅੱਗੇ ਅਰਦਾਸ…ਵਿੱਛੜੀਆਂ ਰੂਹਾਂ ਨੂੰ ਆਤਮਿਕ ਸ਼ਾਂਤੀ ਬਖ਼ਸ਼ਣ..ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ…
— Bhagwant Mann (@BhagwantMann) August 1, 2022
2 ਮਹੀਨੇ ਪਹਿਲਾੰ ਵੀ ਡੁੱਬੇ ਸਨ ਪੰਜਾਬ ਦੇ 2 ਨੌਜਵਾਨ
ਗੋਬਿੰਦ ਸਾਗਰ ਝੀਲ ਵਿੱਚ ਪੰਜਾਬ ਜਾੰ ਬਾਹਰੀ ਸੂਬਿਆੰ ਤੋੰ ਆਉਣ ਵਾਲੇ ਲੋਕ ਨਹਾਉਣ ਲਈ ਉਤਰਦੇ ਹਨ, ਪਰ ਹਾਦਸੇ ਦਾ ਸ਼ਿਕਾਰ ਹੋ ਜਾੰਦੇ ਹਨ। ਜੂਨ ਦੇ ਮਹੀਨੇ ਵਿੱਚ ਵੀ ਇਥੇ ਪੰਜਾਬ ਤੋੰ ਆਏ 2 ਨੌਜਵਾਨ ਡੁੱਬ ਗਏ ਸਨ। ਪ੍ਰਸ਼ਾਸਨ ਵੱਲੋੰ ਗੋਬਿੰਦ ਸਾਗਰ ਝੀਲ ਵਿੱਚ ਉਤਰਣ ‘ਤੇ ਰੋਕ ਲਗਾਈ ਗਈ ਹੈ। ਬਾਵਜੂਦ ਇਸਦੇ ਬਾਹਰੀ ਸੂਬਿਆੰ ਤੋੰ ਆਉਣ ਵਾਲੇ ਲੋਕ ਪਾਣੀ ਵਿੱਚ ਉਤਰ ਜਾੰਦੇ ਹਨ। ਡੂੰਘਾਈ ਦਾ ਅੰਦਾਜ਼ਾ ਨਾ ਹੋਣ ਦੇ ਚਲਦੇ ਅਕਸਰ ਘਟਨਾਵਾੰ ਵਾਪਰ ਜਾੰਦੀਆੰ ਹਨ।