September 10, 2022
(Mohali)
ਮੋਹਾਲੀ ਪੁਲਿਸ ਨੇ ਗੈੰਗਸਟਰ ਲਾਰੈੰਸ ਬਿਸ਼ਨੌਈ ਦੇ ਇੱਕ ਸ਼ਾਤਰ ਬਦਮਾਸ਼ ਨੂੰ ਲਗਜ਼ਰੀ ਕਾਰ ਅਤੇ ਹਥਿਆਰਾੰ ਦੇ ਨਾਲ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਮੁਲਜ਼ਮ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸੀ, ਪਰ ਪੁਲਿਸ ਨੇ ਉਸ ਨੂੰ ਸੂਚਨਾ ਦੇ ਅਧਾਰ ‘ਤੇ ਕਾਬੂ ਕਰ ਲਿਆ।
ਫੜੇ ਗਏ ਮੁਲਜ਼ਮ ਦੀ ਪਛਾਣ ਮਨਪ੍ਰੀਤ ਸਿੰਘ ਉਰਫ ਭੀਮਾ ਨਿਵਾਸੀ ਦੋਰਾਹਾ, ਲੁਧਿਆਣਾ ਦੇ ਰੂਪ ‘ਚ ਹੋਈ ਹੈ। ਮੁਲਜ਼ਮ ਦੇ ਕਬਜ਼ੇ ‘ਚੋੰ ਪੁਲਿਸ ਨੇ 11 ਪਿਸਤੌਲਾੰ ਵੀ ਬਰਾਮਦ ਕੀਤੀਆੰ ਹਨ, ਜਿਹਨਾੰ ਦਾ ਇਸਤੇਮਾਲ ਵਾਰਦਾਤ ਨੂੰ ਅੰਜਾਮ ਦੇਣ ਲਈ ਕਰਨਾ ਸੀ। ਮੋਹਾਲੀ ਦੇ SSP ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਭੀਮਾ ਨੂੰ ਖਰੜ ਸਥਿਤ ਕ੍ਰਿਸ਼ਚੀਅਨ ਸਕੂਲ ਦੇ ਨੇੜਿਓੰ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਅਦਾਲਤ ਤੋੰ ਮਿਲਣ ਵਾਲੇ ਰਿਮਾੰਡ ਦੇ ਦੌਰਾਨ ਉਸ ਤੋੰ ਕਈ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਪੁਲਿਸ ਮੁਤਾਬਕ, ਮਨਪ੍ਰੀਤ ਸਿੰਘ ਉਰਫ ਭੀਮਾ ਸੁਨੀਲ ਕੁਮਾਰ ਉਰਫ ਮੋਨੂੰ ਗੁੱਜਰ, ਜਸਮੀਤ ਸਿੰਘ ਉਰਫ ਲੱਕੀ ਅਤੇ ਨਿਖਿਲਕਾਂਤ ਸ਼ਰਮਾ ਦਾ ਪੁਰਾਣਾ ਸਾਥੀ ਹੈ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਬਰਾਮਦ ਕੀਤੇ ਗਏ ਅਸਲੇ ਦੀ ਸਪਲਾਈ ਕੁਰੂਕਸ਼ੇਤਰ ਦੇ ਪਿਹੋਵਾ ‘ਚ ਪਿੰਡ ਖਿੱਜਰਪੁਰ ਦੇ ਵਾਸੀ ਅਸ਼ਵਨੀ ਕੁਮਾਰ ਨੇ ਭੀਮਾ ਅਤੇ ਉਸਦੇ ਸਾਥੀਆੰ ਨੂੰ ਕੀਤੀ ਸੀ। ਅਸ਼ਵਨੀ ਕੁਮਾਰ ਨੂੰ ਪਹਿਲਾੰ ਹੀ CIA ਸਟਾਫ ਵੱਲੋੰ ਖਰੜ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ।
SSP ਨੇ ਦੱਸਿਆ ਕਿ ਬਰਾਮਦ ਕੀਤੀ ਬੀ.ਐਮ.ਡਬਲਿਊ ਕਾਰ ਨੰਬਰ HR26-BT-1558 ਜੋ ਕਿ ਜਸਮੀਤ ਸਿੰਘ ਉਰਫ ਲੱਕੀ ਉਕਤ ਦੇ ਨਾਮ ਤੇ ਹੈ, ਇਹ ਕਾਰ ਨਸ਼ੇ ਅਤੇ ਅਸਲੇ ਐਮਨੀਸ਼ਨ ਦੀ ਸਪਲਾਈ ਲਈ ਵਰਤੀ ਜਾਂਦੀ ਸੀ।