ਬਠਿੰਡਾ। ਕੁਝ ਲੋਕ ਅਕਸਰ ਆਪਣੇ ਰਿਸ਼ਤੇਦਾਰਾਂ ਜਾਂ ਹੋਰ ਥਾਈਂ ਘੁੰਮਣ-ਫਿਰਨ ਲਈ ਜਾਂਦੇ ਰਹਿੰਦੇ ਹਨ, ਪਰ ਪਿੱਛੋਂ ਉਹਨਾਂ ਦੇ ਘਰ ਦੀ ਰਾਖੀ ਕਰਨ ਵਾਲਾ ਕੋਈ ਨਹੀਂ ਹੁੰਦਾ। ਅਜਿਹੇ ਘਰਾਂ ‘ਤੇ ਚੋਰਾਂ-ਡਾਕੂਆਂ ਦੀ ਪੂਰੀ ਨਜ਼ਰ ਹੁੰਦੀ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਬਠਿੰਡਾ ‘ਚ, ਜਿਥੇ CIA ਸਟਾਫ ਨੇ ਲੱਖਾਂ ਰੁਪਏ ਦੇ ਗਹਿਣੇ ਚੋਰੀ ਕਰਨ ਦੇ ਮਾਮਲੇ ’ਚ 2 ਮੁਲਜਮਾਂ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ।
ਪੁਲਿਸ ਨੇ ਮੁਲਜਮਾਂ ਕੋਲੋਂ 9 ਤੋਲੇ ਸੋਨੇ ਦੇ ਜੇਵਰ ਬਰਾਮਦ ਕੀਤੇ ਹਨ। ਮੁਲਜਮਾਂ ਦੀ ਪਛਾਣ ਕਰਨਵੀਰ ਸਿੰਘ ਉਰਫ ਜੌਨੀ ਬਾਬਾ ਵਾਸੀ ਭਾਗੂ ਰੋਡ ਸਿਵਲ ਲਾਈਨ ਅਤੇ ਮੁਕੇਸ਼ ਕੁਮਾਰ ਵਾਸੀ ਰਾਮ ਬਾਗ ਰੋਡ ਵਜੋਂ ਹੋਈ ਹੈ। ਦੋਵੇਂ ਮੁਲਜਮ ਆਪਸ ’ਚ ਦੋਸਤ ਹਨ, ਜਿੰਨ੍ਹਾਂ ਨੇ ਬੰਦ ਪਈ ਕੋਠੀ ’ਚ ਗਹਿਣਿਆਂ ਤੇ ਹੱਥ ਸਾਫ ਕੀਤਾ ਸੀ। ਪੁਲਿਸ ਮੁਤਾਬਕ, ਕਰਨਵੀਰ ਸਿੰਘ ਦਾ ਘਰ ਮਨਜੀਤ ਸਿੰਘ ਦੀ ਰਿਹਾਇਸ਼ ਦੇ ਨਜ਼ਦੀਕ ਹੈ। ਮੁਲਜਮ ਨੂੰ ਮਨਜੀਤ ਸਿੰਘ ਦੇ 4-5 ਦਿਨਾਂ ਲਈ ਆਪਣੀ ਰਿਸ਼ਤੇਦਾਰੀ ਵਿਚ ਜਾਣ ਦੀ ਜਾਣਕਾਰੀ ਸੀ। ਇਸ ਸਬੰਧੀ ਪਤਾ ਹੋਣ ਕਾਰਨ ਜੌਨੀ ਬਾਬਾ ਨੇ ਆਪਣੇ ਦੋਸਤ ਮੁਕੇਸ਼ ਨਾਲ ਮਿਲਕੇ ਰਾਤ ਨੂੰ ਘਰ ਵਿਚ ਦਾਖਲ ਹੋ ਕੇ ਗਹਿਣੇ ਚੋਰੀ ਕਰ ਲਏ ।
20 ਅਪ੍ਰੈਲ ਨੂੰ ਚੋਰੀ ਹੋਏ ਸਨ ਗਹਿਣੇ
CIA ਏ ਸਟਾਫ ਦੇ ਇੰਚਾਰਜ ਇੰਸਪੈਕਟਰ ਰਾਜਿੰਦਰ ਕੁਮਾਰ ਨੇ ਦੱਸਿਆ ਕਿ 20 ਅਪ੍ਰੈਲ ਨੂੰ ਪੁਰਾਣੀ ਜੇਲ੍ਹ ਵਾਲੀ ਸੜਕ ‘ਤੇ ਮਨਜੀਤ ਸਿੰਘ ਦੇ ਘਰ ਹੋਈ ਚੋਰੀ ਦੌਰਾਨ ਚੋਰਾਂ ਨੇ 9 ਤੋਲੇ ਸੋਨੇ ਦੇ ਗਹਿਣੇ ਚੁਰਾ ਲਏ ਸਨ। ਉਨ੍ਹਾਂ ਦੱਸਿਆ ਕਿ ਮਨਜੀਤ ਸਿੰਘ ਦੀ ਸ਼ਿਕਾਇਤ ਦੇ ਅਧਾਰ ‘ਤੇ ਥਾਣਾ ਸਿਵਲ ਲਾਈਨ ’ਚ ਮੁਕੱਦਮਾ ਦਰਜ ਕੀਤਾ ਗਿਆ ਸੀ, ਜਿਸਦੀ ਪੜਤਾਲ CIA ਸਟਾਫ ਨੂੰ ਸੌਂਪੀ ਗਈ ਸੀ। ਉਨ੍ਹਾਂ ਦੱਸਿਆ ਕਿ CCTV ਦੀ ਫੁੱਟੇਜ਼ ਅਤੇ ਵੱਖ-ਵੱਖ ਤਕਨੀਕਾਂ ਰਾਹੀਂ ਤਫਤੀਸ਼ ਦੌਰਾਨ ਇਸ ਵਾਰਦਾਤ ਦੇ ਮਾਮਲੇ ‘ਚ ਕਰਨਵੀਰ ਸਿੰਘ ਅਤੇ ਮੁਕੇਸ਼ ਕੁਮਾਰ ਨੂੰ ਨਾਮਜਦ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਬਠਿੰਡਾ-ਗੋਨਿਆਣਾ ਸੜਕ ‘ਤੇ ਸਥਿੱਤ ਟਰਾਂਸਪੋਰਟ ਨਗਰ ਵਿਚੋਂ ਦੋਵਾਂ ਨੂੰ ਗਿ੍ਰਫਤਾਰ ਕੀਤਾ ਅਤੇ ਉਨ੍ਹਾਂ ਦੀ ਨਿਸ਼ਾਨਦੇਹੀ ਤੇ ਗਹਿਣੇ ਬਰਾਮਦ ਕੀਤੇ ਹਨ।
ਨਸ਼ੇ ਦੀ ਪੂਰਤੀ ਲਈ ਇਸ ਰਾਹ ਪਏ ਮੁਲਜ਼ਮ
ਇੰਸਪੈਕਟਰ ਰਜਿੰਦਰ ਕੁਮਾਰ ਨੇ ਦੱਸਿਆ ਕਿ ਮੁਢਲੀ ਪੁੱਛ ਪੜਤਾਲ ’ਚ ਸਾਹਮਣੇ ਆਇਆ ਹੈ ਕਿ ਕਰਨਵੀਰ ਸਿੰਘ ਨਸ਼ਾ ਕਰਨ ਦਾ ਆਦੀ ਹੈ, ਜਦੋਂਕਿ ਮੁਕੇਸ਼ ਕੁਮਾਰ ਉਸ ਦੀ ਸੰਗਤ ਵਿਚ ਆ ਕੇ ਨਸ਼ਿਆਂ ਦੇ ਰਾਹ ਪੈ ਗਿਆ। ਉਨ੍ਹਾਂ ਦੱਸਿਆ ਕਿ ਨਸ਼ੇ ਦੀ ਪੂਰਤੀ ਲਈ ਹੀ ਮੁਲਜਮਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲਿਸ ਅਨੁਸਾਰ ਇਸ ਚੋਰੀ ਦਾ ਮੁੱਖ ਸੂਤਰਧਾਰ ਕਰਨਵੀਰ ਸਿੰਘ ਉਰਫ ਜੌਨੀ ਬਾਬਾ ਹੈ, ਜੋ ਫਰਵਰੀ ’ਚ ਜ਼ੇਲ੍ਹ ਵਿੱਚੋਂ ਜ਼ਮਾਨਤ ’ਤੇ ਬਾਹਰ ਆਇਆ ਸੀ।
ਇਹਨਾਂ ਮਾਮਲਿਆਂ ‘ਚ ਲੋੜੀਂਦਾ ਜੌਨੀ ਬਾਬਾ
ਮੁਲਜਮ ਜੌਨੀ ਬਾਬਾ ਚੋਰੀਆਂ, ਆਮਜ਼ ਐਕਟ, ਝਪਟਮਾਰੀ ਅਤੇ ਨਸ਼ਿਆਂ ਦੀ ਸਮਗਲਿੰਗ ਦੇ ਇੱਕ ਦਰਜਨ ਤੋਂ ਵੱਧ ਪੁਲਿਸ ਕੇਸ ਦਰਜ ਹਨ। ਕਰਨਵੀਰ ਅਤੇ ਮੁਕੇਸ਼ ਉਹ ਦਸਵੀਂ ਕਲਾਸ ਤੱਕ ਸਹਿਪਾਠੀ ਸਨ ਅਤੇ ਨਸ਼ਿਆਂ ਦੇ ਚੁੰਗਲ ਵਿਚ ਫਸ ਕੇ ਦੋਵਾਂ ਨੇ ਅਪਰਾਧ ਦੀ ਦੁਨੀਆਂ ’ਚ ਪੈਰ ਧਰ ਲਿਆ। ਉਨ੍ਹਾਂ ਦੱਸਿਆ ਕਿ ਅਦਾਲਤ ’ਚ ਪੇਸ਼ ਕਰਕੇ ਦੋਵਾਂ ਦਾ ਰਿਮਾਂਡ ਹਾਸਲ ਕਰਨ ਉਪਰੰਤ ਪੁੱਛਗਿੱਛ ਕੀਤੀ ਜਾਏਗੀ ਤਾਂ ਜੋ ਹੋਰ ਵਾਰਦਾਤਾਂ ਸਬੰਧੀ ਵੀ ਭੇਦ ਖੁੱਲ੍ਹ ਸਕੇ। ਪੁਲਿਸ ਨੂੰ ਉਮੀਦ ਵੀ ਹੈ ਕਿ ਪਿਛਲਾ ਰਿਕਾਰਡ ਅਪਰਾਧਿਕ ਹੋਣ ਕਾਰਨ ਜੌਨੀ ਬਾਬਾ ਅਤੇ ਮੁਕੇਸ਼ ਵਾਰਦਾਤਾਂ ਸਬੰਧੀ ਹੋਰ ਵੀ ਤੱਥ ਸਾਹਮਣੇ ਲਿਆ ਸਕਦੇ ਹਨ।