ਚੰਡੀਗੜ੍ਹ। ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ ਇੱਕ ਸਾਲ ਤੋਂ ਵੀ ਘੱਟ ਦਾ ਸਮਾਂ ਬਾਕੀ ਹੈ। ਲਿਹਾਜ਼ਾ ਹਰ ਪਾਰਟੀ ਸੱਤਾ ‘ਚ ਆਉਣ ਲਈ ਪੂਰੀ ਵਾਹ ਲਗਾ ਰਹੀ ਹੈ। ਪਰ ਇੱਕ ਪਾਰਟੀ ਅਜਿਹੀ ਵੀ ਹੈ, ਜਿਸਨੇ ਪਿਛਲੇ ਸਾਲ 100 ਤੋਂ ਵੱਧ ਸੀਟਾਂ ਆਪਣੀ ਝੋਲੀ ਪਾਉਣ ਦਾ ਸੁਫਨਾ ਵੇਖਿਆ ਸੀ, ਪਰ ਉਹ ਸੁਫਨਾ ਧਰਿਆ ਦਾ ਧਰਿਆ ਰਹਿ ਗਿਆ।
ਗੱਲ ਕਰ ਰਹੇ ਹਾਂ ਦਿੱਲੀ ‘ਚ ਲਗਾਤਾਰ 2 ਵਾਰ ਸਰਕਾਰ ਬਣਾਉਣ ਵਾਲੀ ਆਮ ਆਦਮੀ ਪਾਰਟੀ ਦੀ, ਜੋ ਪਿਛਲੀਆਂ ਚੋਣਾਂ ‘ਚ ਤਾਂ ਪੰਜਾਬ ‘ਚ ਸਰਕਾਰ ਬਣਾਉਣ ‘ਚ ਕਾਮਯਾਬ ਨਹੀਂ ਹੋਈ, ਪਰ ਇਸ ਵਾਰ ਇੱਕ ਅਜਿਹਾ ਸਰਵੇ ਸਾਹਮਣੇ ਆਇਆ ਹੈ, ਜਿਸਨੇ ‘ਆਪ’ ਨੂੰ 7ਵੇਂ ਅਸਮਾਨ ‘ਤੇ ਪਹੁੰਚਾ ਦਿੱਤਾ ਹੈ। ਦਰਅਸਲ, ABP ਨਿਊਜ਼-C ਵੋਟਰ ਦੇ ਸਰਵੇ ‘ਚ ਆਮ ਆਦਂਮੀ ਪਾਰਟੀ ਨੂੰ 51-57 ਸੀਟਾਂ ਮਿਲ ਸਕਦੀਆਂ ਨੇ ਤੇ ਕਾਂਗਰਸ ਦੀਆਂ ਸੀਟਾਂ ਘੱਟ ਕੇ ਮਹਿਜ਼ 43-49 ਰਹਿ ਸਕਦੀਆਂ ਹਨ।
ਹਾਲਾਂਕਿ ਇਸ ਸਰਵੇ ਦੇ ਅਧਾਰ ‘ਤੇ ਕੁਝ ਵੀ ਕਹਿਣਾ ਬੇਹੱਦ ਜਲਦਬਾਜ਼ੀ ਹੋਵੇਗਾ, ਕਿਉਂਕਿ ਹਾਲੇ ਚੋਣਾਂ ਨੂੰ ਇੱਕ ਸਾਲ ਬਾਕੀ ਹੈ। ਪਰ ਜੇਕਰ ਇਹ ਸਰਵੇ ਸਹੀ ਸਾਬਿਤ ਹੁੰਦਾ ਹੈ, ਤਾਂ ਸੱਤਾਧਿਰ ਕਾਂਗਰਸ ਦਾ ਪੱਤਾ ਪੰਜਾਬ ‘ਚੋਂ ਸਾਫ਼ ਹੋ ਸਕਦਾ ਹੈ ਤੇ ‘ਆਪ’ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰ ਸਕਦੀ ਹੈ। ਓਧਰ ਅਕਾਲੀ ਦਲ ਤੀਜੇ ਅਤੇ ਬੀਜੇਪੀ ਚੌਥੇ ਨੰਬਰ ‘ਤੇ ਰਹਿ ਸਕਦੀ ਹੈ। ਅਕਾਲੀ ਦਲ ਦੇ ਖਾਤੇ 12-18 ਸੀਟਾਂ ਆਉਣ ਦਾ ਅਨੁਮਾਨ ਹੈ, ਜਦਕਿ ਬੀਜੇਪੀ ਦੇ ਖਾਤੇ 0-5 ਸੀਟਾਂ ਅਤੇ ਹੋਰਾਂ ਦੇ ਖਾਤੇ 0-3 ਸੀਟਾਂ ਆ ਸਕਦੀਆਂ ਹਨ।
ਵੋਟ ਸ਼ੇਅਰ ਦੀ ਗੱਲ ਕਰੀਏ, ਤਾਂ ਕਾਂਗਰਸ ਨੂੰ 32%, ‘ਆਪ’ ਨੂੰ 37%, ਅਕਾਲੀ ਦਲ ਨੂੰ 21%, ਬੀਜੇਪੀ ਅਤੇ ਹੋਰਨਾਂ ਨੂੰ 5-5 ਫ਼ੀਸਦ ਵੋਟਾਂ ਮਿਲ ਸਕਦੀਆਂ ਹਨ।
ਦੱਸ ਦਈਏ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਨੇ ਸਪੱਸ਼ਟ ਬਹੁਮਤ ਹਾਸਲ ਕਰ ਪੰਜਾਬ ‘ਚ ਸਰਕਾਰ ਬਣਾਈ ਸੀ। ਕਾਂਗਰਸ ਨੇ ਸੂਬੇ ਦੀਆਂ 117 ਸੀਟਾਂ ‘ਚੋਂ 77 ‘ਤੇ ਜਿੱਤ ਹਾਸਲ ਕੀਤੀ ਸੀ। ਉਥੇ ਹੀ, ਪਹਿਲੀ ਵਾਰ ਆਮ ਆਦਮੀ ਪਾਰਟੀ ਦੂਜੀ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਸੀ। ‘ਆਪ’ ਨੇ 20 ਸੀਟਾਂ ‘ਤੇ ਜਿੱਤ ਹਾਸਲ ਕੀਤੀ ਸੀ। ਇਸ ਤੋਂ ਇਲਾਵਾ ਅਕਾਲੀ ਦਲ 15 ਅਤੇ ਬੀਜੇਪੀ ਤਿੰਨ ਸੀਟਾਂ ‘ਤੇ ਕਾਬਜ਼ ਰਹੀ ਸੀ।