ਚੰਡੀਗੜ੍ਹ। ਡਰੱਗਜ਼ ਕੇਸ ਵਿੱਚ ਫਸੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲ ਗਈ ਹੈ। ਹਾਈਕੋਰਟ ਦੀ ਡਬਲ ਬੈੰਚ ਨੇ ਮਜੀਠੀਆ ਨੂੰ ਜ਼ਮਾਨਤ ਦੇ ਦਿੱਤੀ ਹੈ। ਮਜੀਠੀਆ ਦੇ ਵਕੀਲ ਮੁਤਾਬਕ, ਕੋਰਟ ਦੇ ਲਿਖਿਤ ਆਰਡਰ ਤੋੰ ਬਾਅਦ ਸ਼ਾਮ ਨੂੰ ਉਹ ਜੇਲ੍ਹ ਤੋੰ ਬਾਹਰ ਆ ਜਾਣਗੇ।
24 ਫਰਵਰੀ ਤੋੰ ਜੇਲ੍ਹ ‘ਚ ਬੰਦ ਹਨ ਮਜੀਠੀਆ
ਬਿਕਰਮ ਸਿੰਘ ਮਜੀਠੀਆ ਖਿਲਾਫ਼ ਪਿਛਲੀ ਕਾੰਗਰਸ ਸਰਕਾਰ ਨੇ ਵਿਧਾਨ ਸਭਾ ਚੋਣਾੰ ਤੋੰ ਠੀਕ ਪਹਿਲਾੰ ਡਰੱਗਜ਼ ਦਾ ਕੇਸ ਦਰਜ ਕੀਤਾ ਸੀ, ਜਿਸ ਤੋੰ ਬਾਅਦ 24 ਫਰਵਰੀ ਤੋੰ ਉਹ ਪਟਿਆਲਾ ਦੀ ਕੇੰਦਰੀ ਜੇਲ੍ਹ ਵਿੱਚ ਬੰਦ ਹਨ।
ਇਹਨਾਂ 4 ਪੁਆਇੰਟਸ ‘ਤੇ ਮਜੀਠੀਆ ਖਿਲਾਫ਼ ਜਾਂਚ
ਡਰੱਗਜ਼ ਕੇਸ ਵਿੱਚ ਬਿਕਰਮ ਮਜੀਠੀਆ ‘ਤੇ ਇਲਜਾਮ ਹਨ ਕਿ ਕੈਨੇਡਾ ਵਿੱਚ ਰਹਿਣ ਵਾਲੇ ਡਰੱਗ ਤਸਕਰ ਸਤਪ੍ਰੀਤ ਸੱਤਾ ਉਹਨਾਂ ਦੀ ਅੰਮ੍ਰਿਤਸਰ ਤੇ ਚੰਡੀਗੜ੍ਹ ਸਥਿਤ ਸਰਕਾਰੀ ਕੋਠੀ ‘ਤੇ ਠਹਿਰਦੇ ਰਹੇ। ਇਥੋਂ ਤੱਕ ਕਿ ਮਜੀਠੀਆ ਨੇ ਉਹਨਾਂ ਨੂੰ ਗੱਡੀ ਤੇ ਗੰਨਮੈਨ ਵੀ ਦਿੱਤਾ ਹੋਇਆ ਸੀ। ਮਜੀਠੀਆ ਖਿਲਾਫ਼ ਇਸ ਮਾਮਲੇ ਵਿੱਚ ਜਿਹਨਾਂ 4 ਪੁਆਇੰਟਸ ‘ਤੇ ਜਾਂਚ ਕੀਤੀ ਜਾ ਰਹੀ ਹੈ, ਉਹ ਹਨ:-
- ਕੀ ਮਜੀਠੀਆ ਦੇ ਡਰੱਗ ਤਸਕਰ ਸਤਪ੍ਰੀਤ ਸਿੰਘ ਉਰਫ ਸੱਤਾ, ਮਨਿੰਦਰ ਸਿੰਘ ਔਲਖ ਉਰਫ ਬਿੱਟੂ ਔਲਖ, ਪਰਮਿੰਦਰ ਸਿੰਘ ਉਰਫ ਪਿੰਦੀ, ਅਮਰਿੰਦਰ ਸਿੰਘ ਉਰਫ ਲਾਡੀ ਅਤੇ ਜਗਜੀਤ ਸਿੰਘ ਚਹਿਲ ਨਾਲ ਕਰੀਬੀ ਸਬੰਧ ਜਾਂ ਮਿਲੀਭੁਗਤ ਹੈ?
- ਕੀ ਸਤਪਾਲ ਸਿੰਘ ਉਰਫ ਸੱਤਾ, ਜਗਜੀਤ ਸਿੰਘ ਚਹਿਲ, ਮਨਿੰਦਰ ਸਿੰਘ ਔਲਖ ਉਰਫ ਬਿੱਟੂ ਔਲਖ, ਪਰਮਿੰਦਰ ਸਿੰਘ ਉਰਫ ਪਿੰਦੀ ਅਤੇ ਅਮਰਿੰਦਰ ਸਿੰਘ ਉਰਫ ਲਾਡੀ ਡਰੱਗ ਟਰੇਡ ਵਿੱਚ ਸ਼ਾਮਲ ਹਨ?
- ਕੀ ਮਜੀਠੀਆ ਨੇ ਸੱਤਾ ਅਤੇ ਹੋਰ ਤਸਕਰਾਂ ਨੂੰ ਸਿਊਡੋਫੇਡ੍ਰਿਨ ਸਪਲਾਈ ਕਰਨ ਵਿੱਚ ਕੋਈ ਭੂਮਿਕਾ ਨਿਭਾਈ?
- ਕੀ ਡਰੱਗਜ਼ ਕੇਸ ‘ਚ ਜਿਹਨਾਂ 4 ਲੋਕਾਂ ਦੇ ਨਾਂਅ ਆਏ, ਉਹਨਾਂ ਦੇ ਅਤੇ ਮਜੀਠੀਆ ਵਿਚਕਾਰ ਪੈਸਿਆਂ ਦਾ ਕੋਈ ਲੈਣ-ਦੇਣ ਹੋਇਆ?