ਹਿਮਾਚਲ ਦੇ ਮੰਡੀ ਤੋਂ ਬੀਜੇਪੀ ਸਾਂਸਦ ਰਾਮ ਸਵਰੂਪ ਸ਼ਰਮਾ ਦਾ ਸ਼ੱਕੀ ਹਾਲਾਤ ‘ਚ ਦੇਹਾਂਤ ਹੋ ਗਿਆ ਹੈ। ਦਿੱਲੀ ‘ਚ ਸਾਂਸਦ ਦੀ ਸਰਕਾਰੀ ਰਿਹਾਇਸ਼ ‘ਚੋਂ ਉਹਨਾਂ ਦੀ ਮ੍ਰਿਤਕ ਦੇਹ ਫਾਹੇ ਨਾਲ ਲਟਕੀ ਬਰਾਮਦ ਹੋਈ ਹੈ। ਸ਼ੁਰੂਆਤੀ ਜਾਂਚ ‘ਚ ਇਸ ਘਟਨਾ ਨੂੰ ਸੁਸਾਈਡ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਹਾਲਾਂਕਿ ਮੌਕੇ ਤੋਂ ਪੁਲਿਸ ਨੂੰ ਕੋਈ ਵੀ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ।
ਦਿਲੀ ਪੁਲਿਸ ਮੁਤਾਬਕ, ਸਾਂਸਦ ਦੇ ਸਟਾਫ਼ ਨੇ ਦਸਿਆ ਕਿ ਜਦੋਂ ਸਵੇਰੇ ਉਹ ਕਮਰਾ ਖੋਲ੍ਹਣ ਗਏ, ਤਾਂ ਉਹ ਅੰਦਰ ਤੋਂ ਲੌਕ ਸੀ। ਵਾਰ-ਵਾਰ ਅਵਾਜ਼ ਲਗਾਉਣ ‘ਤੇ ਵੀ ਜਦੋਂ ਕਮਰਾ ਨਾ ਖੁਲ੍ਹਿਆ, ਤਾਂ ਫਿਰ ਪੁਲਿਸ ਨੂੰ ਫੋਨ ਕੀਤਾ ਗਿਆ। ਪੁਲਿਸ ਦੇ ਆਉਣ ‘ਤੇ ਦਰਵਾਜ਼ਾ ਤੋੜਿਆ ਗਿਆ, ਤਾਂ ਸਾਂਸਦ ਦੀ ਮ੍ਰਿਤਕ ਦੇਹ ਫਾਹੇ ਨਾਲ ਝੂਲਦੀ ਪਾਈ ਗਈ।
ਬੀਜੇਪੀ ਨੇ ਰੱਦ ਕੀਤੀ ਸੰਸਦੀ ਦਲ ਦੀ ਬੈਠਕ
ਬੀਜੇਪੀ ਸਾਂਸਦ ਰਾਮ ਸਵਰੂਪ ਸ਼ਰਮਾ ਦੇ ਦੇਹਾਂਤ ਦੇ ਚਲਦੇ ਬੀਜੇਪੀ ਦੀ ਬੁੱਧਵਾਰ ਨੂੰ ਹੋਣ ਵਾਲੀ ਸੰਸਦੀ ਦਲ ਦੀ ਬੈਠਕ ਰੱਦ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਣੇ ਤਮਾਮ ਸਿਆਸੀ ਹਸਤੀਆਂ ਨੇ ਸਾਂਸਦ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਮੰਡੀ ਤੋਂ ਲਗਾਤਾਰ ਦੂਜੀ ਵਾਰ ਸਾਂਸਦ ਬਣੇ ਰਾਮ ਸਵਰੂਪ ਸ਼ਰਮਾ
ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਜੋਗਿੰਦਰਨਗਰ ਦੇ ਰਹਿਣ ਵਾਲੇ ਰਾਮ ਸਵਰੂਪ ਸ਼ਰਮਾ ਲਗਾਤਾਰ ਦੂਜੀ ਵਾਰ ਸਾਂਸਦ ਬਣੇ। ਉਹ ਲੰਮੇ ਸਮੇਂ ਤੱਕ RSS ਨਾਲ ਜੁੜੇ ਰਹੇ। ਸਾਂਸਦ ਬਣਨ ਤੋਂ ਪਹਿਲਾਂ ਉਹ ਮੰਡੀ ਜ਼ਿਲ੍ਗੇ ਦੇ ਬੀਜੇਪੀ ਸਕੱਤਰ ਅਤੇ ਫਿਰ ਹਿਮਾਚਲ ਪ੍ਰਦੇਸ਼ ਬੀਜੇਪੀ ਦੇ ਸਕੱਤਰ ਰਹੇ। ਸ਼ਰਮਾ ਹਿਮਾਚਲ ਫੂਡ ਐਂਡ ਸਿਵਲ ਸਪਲਾਈ ਕਾਰਪੋਰੇਸ਼ਨ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। 2014 ‘ਚ ਬੀਜੇਪੀ ਨੇ ਰਾਮ ਸਵਰੂਪ ਸ਼ਰਮਾ ਨੂੰ ਮੰਡੀ ਲੋਕ ਸਭਾ ਹਲਕੇ ਤੋਂ ਟਿਕਟ ਦਿੱਤੀ ਸੀ। ਉਹਨਾਂ ਕਾਂਗਰਸ ਦੀ ਪ੍ਰਤਿਭਾ ਸਿੰਘ ਨੂੰ ਕਰੀਬ 40 ਹਜ਼ਾਰ ਵੋਟਾਂ ਨਾਲ ਹਰਾਇਆ ਸੀ। 2019 ‘ਚ ਵੀ ਰਾਮ ਸਵਰੂਪ ਸ਼ਰਮਾ ਮੰਡੀ ਸੀਟ ਤੋਂ ਚੋਣ ਲੜੇ ਅਤੇ ਜਿੱਤ ਕੇ ਲੋਕ ਸਭਾ ਪਹੁੰਚੇ ਸਨ।