ਬਿਓਰੋ। ਖਾਲਿਸਤਾਨੀ ਦਹਿਸ਼ਤਗਰਦੀ ਜਥੇਬੰਦੀ ‘ਸਿੱਖਸ ਫਾਰ ਜਸਟਿਸ’(SFJ) ‘ਤੇ ਕੇਂਦਰ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ। ਕੇਂਦਰ ਨੇ ਦਹਿਸ਼ਤਗਰਦੀ ਜਥੇਬੰਦੀ ਨਾਲ ਜੁੜੇ ਐਪ, ਵੈੱਬਸਾਈਟ ਅਤੇ ਚੈਨਲ ਬਲਾਕ ਕਰ ਦਿੱਤੇ ਹਨ। ਇਹਨਾਂ ਵਿੱਚ ਸਭ ਤੋਂ ਅਹਿਮ ਨਾਂਅ ਪੰਜਾਬ ਪਾਲੀਟਿਕਸ ਟੀਵੀ ਚੈਨਲ ਦਾ ਹੈ, ਜਿਸ ਨੂੰ ਬਲਾਕ ਕਰਵਾ ਦਿੱਤਾ ਗਿਆ ਹੈ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਇਹ ਕਾਰਵਾਈ ਕੀਤੀ ਹੈ। ਸਰਕਾਰ ਨੂੰ ਇਨਪੁੱਟ ਮਿਲਿਆ ਸੀ ਕਿ ਇਸ ਚੈਨਲ ਦੇ ਜ਼ਰੀਏ ਆਨਲਾਈਨ ਮਾਧਿਅਮ ਦਾ ਗਲਤ ਇਸਤੇਮਾਲ ਕਰਕੇ ਪੰਜਾਬ ਦੀਆਂ ਚੋਣਾਂ ਵਿੱਚ ਗੜਬੜੀ ਫੈਲਾਈ ਜਾ ਰਹੀ ਸੀ।
ਕੇਂਦਰੀ ਇੰਟੈਲੀਜੈਂਸ ਏਜੰਸੀਆਂ ਨੂੰ ਮਿਲਿਆ ਸੀ ਇਨਪੁੱਟ
ਕੇਂਦਰ ਮੁਤਾਬਕ, ਪੰਜਾਬ ਪਾਲੀਟਿਕਸ ਟੀਵੀ ਦੇ SFJ ਨਾਲ ਕਰੀਬੀ ਸਬੰਧ ਹਨ। ਕੇਂਦਰੀ ਇੰਟੈਲੀਜੈਂਸ ਏਜੰਸੀਆਂ ਨੂੰ ਇਨਪੁੱਟ ਮਿਲਿਆ ਸੀ ਕਿ ਇਸ ਚੈਨਲ ਦੇ ਜ਼ਰੀਏ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ‘ਚ ਗੜਬੜੀ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਵਿਦੇਸ਼ ਤੋਂ ਚੱਲਣ ਵਾਲਾ ਇਹ ਚੈਨਲ ਆਨਲਾਈਨ ਮਾਧਿਅਮ ਨਾਲ ਗੜਬੜੀ ਫੈਲਾ ਰਿਹਾ ਸੀ।
ਕੀ ਹੈ ‘ਸਿੱਖਸ ਫਾਰ ਜਸਟਿਸ’ ?
‘ਸਿੱਖਸ ਫਾਰ ਜਸਟਿਸ’ ਖਾਲਿਸਤਾਨੀ ਜਥੇਬੰਦੀ ਹੈ, ਜਿਸਦਾ ਹੈੱਡਕੁਆਰਟਰ US ਵਿੱਚ ਹੈ। ਕਾਫੀ ਸਮੇਂ ਪਹਿਲਾਂ ਭਾਰਤ ਸਰਕਾਰ ਇਸ ਜਥੇਬੰਦੀ ਨੂੰ ਗੈਰ-ਕਾਨੂੰਨੀ ਕਰਾਰ ਦੇ ਚੁੱਕੀ ਹੈ। ਜਥੇਬੰਦੀ ਦੇ ਮੈਂਬਰ ਭਾਰਤੀ ਜਾਂਚ ਏਜੰਸੀ ਦੇ ਰਡਾਰ ‘ਤੇ ਹਨ। ਜਥੇਬੰਦੀ ਦਾ ਮੁਖੀ ਗੁਰਪਤਵੰਤ ਸਿੰਘ ਪੰਨੂੰ ਭਾਰਤ ਵਿੱਚ ਆਗੂਆਂ ਨੂੰ ਧਮਕਾਉਣ ਦੇ ਨਾਲ-ਨਾਲ ਲਾਲ ਕਿਲ੍ਹੇ ‘ਤੇ ਖਾਲਿਸਤਾਨੀ ਝੰਡਾ ਫਹਿਰਾਉਣ ਵਰਗੇ ਕਈ ਐਲਾਨਾਂ ਨੂੰ ਲੈ ਕੇ ਵਿਵਾਦਾਂ ਵਿੱਚ ਰਹਿ ਚੁੱਕਿਆ ਹੈ।