Home CRIME ਅਮਿਤ ਸ਼ਾਹ ਨੂੰ ਮਿਲੇ ਕੈਪਟਨ...BSF ਲਈ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਅਤੇ ਡਰੋਨ...

ਅਮਿਤ ਸ਼ਾਹ ਨੂੰ ਮਿਲੇ ਕੈਪਟਨ…BSF ਲਈ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਅਤੇ ਡਰੋਨ ਨੂੰ ਨਸ਼ਟ ਕਰਨ ਵਾਲੇ ਉਪਕਰਣ ਦੀ ਕੀਤੀ ਮੰਗ

ਨਵੀਂ ਦਿੱਲੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਸੁਰੱਖਿਆ ਮਾਮਲਿਆਂ ‘ਤੇ ਵਿਸਥਾਰ ‘ਚ ਚਰਚਾ ਕੀਤੀ। ਅਜ਼ਾਦੀ ਦਿਹਾੜੇ ਤੋਂ ਪਹਿਲਾਂ ਅਤੇ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਕਿਸਤਾਨ ਦੀ ISI ਦੀਆਂ ਵਧਦੀਆਂ ਸਰਗਰਮੀਆਂ ਨਾਲ ਸੂਬੇ ਵਿੱਚ ਹਾਲੀਆ ਸਮੇਂ ਵਿੱਚ ਹਥਿਆਰਾਂ, ਹੱਥ ਗੋਲਿਆਂ ਅਤੇ IEDs ਦੀ ਵੱਡੀ ਪੱਧਰ ‘ਤੇ ਘੁਸਪੈਠ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੁਰੱਖਿਆ ਦੀ ਸਥਿਤੀ ਬਹੁਤ ਭਿਆਨਕ ਹੈ, ਜਿਸ ਲਈ ਕੇਂਦਰ ਨੂੰ ਤੁਰੰਤ ਦਖਲ ਦੇਣ ਦੀ ਲੋੜ ਹੈ। 

ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਕੋਲੋਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਮੁਹਾਲੀ, ਪਟਿਆਲਾ, ਬਠਿੰਡਾ, ਫਗਵਾੜਾ ਤੇ ਮੋਗਾ ਲਈ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੀ ਮੰਗ ਦੇ ਨਾਲ ਹੀ ਸਰਹੱਦ ‘ਤੇ ਤਾਇਨਾਤ ਬੀ.ਐਸ.ਐਫ. ਲਈ ਡਰੋਨਾਂ ਨੂੰ ਨਸ਼ਟ ਕਰਨ ਵਾਲੇ ਉਪਕਰਣ ਮੰਗੇ ਹਨ। 

ਮੁੱਖ ਮੰਤਰੀ ਨੇ ਅਮਿਤ ਸ਼ਾਹ ਨੂੰ ਪਾਕਿਸਤਾਨ ਦੀ ISI ਅਤੇ ਦੇਸ਼ ਵਿਚਲੀਆਂ ਹੋਰ ਤਾਕਤਾਂ ਵੱਲੋਂ ਅੱਤਵਾਦੀ ਕਾਰਵਾਈਆਂ ਨੂੰ ਅੰਜਾਮ ਦੇਣ ਲਈ ਸੂਬੇ ਵਿੱਚ ਵੱਡੀ ਮਾਤਰਾ ‘ਚ ਹਥਿਆਰ, ਹੱਥ ਗੋਲੇ, ਆਰ.ਡੀ.ਐਕਸ. ਵਿਸਫੋਟਕ, ਡੈਟੋਨੇਟਰ, ਟਾਈਮਰ ਉਪਕਰਣ, ਅਤਿ-ਆਧੁਨਿਕ ਲੈਬਾਰਟਰੀ ਵੱਲੋਂ ਬਣਾਏ ਗਏ ਟਿਫਿਨ ਬੰਬ ਭੇਜੇ ਜਾਣ ਬਾਰੇ ਜਾਣੂੰ ਕਰਵਾਇਆ।

ਚੋਣਾਂ ਤੋਂ ਪਹਿਲਾਂ ਅੱਤਵਾਦੀ ਹਮਲੇ ਦੀ ਫਿਰਾਕ ‘ਚ ISI’

ਮੁੱਖ ਮੰਤਰੀ ਨੇ ਚੇਤਾਵਨੀ ਦਿੰਦਿਆਂ ਕਿਹਾ, ”ਫਰਵਰੀ-ਮਾਰਚ 2022 ਦੌਰਾਨ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ISI ਵੱਲੋਂ ਬਹੁਤ ਸਾਰੇ ਅੱਤਵਾਦੀ ਅਤੇ ਕੱਟੜਪੰਥੀ ਸਰਗਰਮੀਆਂ ‘ਤੇ ਅੱਤਵਾਦੀ ਕਾਰਵਾਈਆਂ ਨੂੰ ਅੰਜਾਮ ਦੇਣ ਲਈ ਦਬਾਅ ਪਾਇਆ ਜਾ ਰਿਹਾ ਹੈ। ਇਹ ਬਹੁਤ ਹੀ ਗੰਭੀਰ ਅਤੇ ਚਿੰਤਾਜਨਕ ਘਟਨਾਵਾਂ ਹਨ, ਜੋ ਸਰਹੱਦੀ ਸੂਬੇ ਅਤੇ ਇਥੋਂ ਦੇ ਲੋਕਾਂ ਲਈ ਸੁਰੱਖਿਆ ਦੇ ਪੱਖ ਤੋਂ ਕਾਫ਼ੀ ਗੰਭੀਰ ਹਨ।”

‘ਪਿਛਲੇ ਇੱਕ ਮਹੀਨੇ ‘ਚ ਵਧੀਆਂ ਅੱਤਵਾਦੀ ਸਰਗਰਮੀਆਂ’

ਮੁੱਖ ਮੰਤਰੀ ਨੇ ਅਮਿਤ ਸ਼ਾਹ ਨੂੰ ਦੱਸਿਆ ਕਿ 4 ਜੁਲਾਈ ਤੋਂ 8 ਅਗਸਤ, 2021 ਦਰਮਿਆਨ ਵਿਦੇਸ਼ਾਂ ਵਿਚਲੀਆਂ ਖਾਲਿਸਤਾਨ ਪੱਖੀ ਸੰਸਥਾਵਾਂ, ਜੋ ISI ਦੇ ਨਾਲ ਨੇੜਿਓਂ ਤਾਲਮੇਲ ਜ਼ਰੀਏ ਕੰਮ ਕਰ ਰਹੀਆਂ ਸਨ, 30 ਤੋਂ ਵੱਧ ਪਿਸਤੌਲ, ਇੱਕ ਐਮ.ਪੀ.-4 ਰਾਈਫਲ, ਇੱਕ ਏ.ਕੇ.-47 ਰਾਈਫਲ, 35 ਦੇ ਕਰੀਬ ਹੱਥ ਗੋਲੇ, ਆਧੁਨਿਕ ਲੈਬਾਰਟਰੀ ਵਿੱਚ ਤਿਆਰ ਕੀਤਾ ਗਿਆ ਟਿਫਿਨ ਬੰਬ, 6 ਕਿਲੋਗ੍ਰਾਮ ਤੋਂ ਵੱਧ ਆਰ.ਡੀ.ਐਕਸ. ਅਤੇ ਆਈ.ਈ.ਡੀਜ਼ (9 ਡੈਟੋਨੇਟਰ, 1 ਮਲਟੀਪਲ ਟਾਈਮਰ ਡਿਵਾਈਸ ਅਤੇ ਫਿਊਜ਼-ਵਾਇਰ) ਦੇ ਨਿਰਮਾਣ ਲਈ ਵੱਖ-ਵੱਖ ਪੁਰਜ਼ਿਆਂ ਨੂੰ ਸੂਬੇ ਵਿੱਚ ਪਹੁੰਚਾਉਣ ਵਿੱਚ ਕਾਮਯਾਬ ਰਹੀਆਂ।

ਉਨ੍ਹਾਂ ਅਮਿਤ ਸ਼ਾਹ ਨੂੰ ਦੱਸਿਆ ਕਿ ਪਿਛਲੇ 35 ਦਿਨਾਂ ਵਿੱਚ ਹਥਿਆਰ, ਹੱਥ ਗੋਲੇ, ਵਿਸਫੋਟਕ ਸਮੱਗਰੀ ਅਤੇ ਆਈ.ਈ.ਡੀਜ਼ ਬਣਾਉਣ ਲਈ ਵੱਖ-ਵੱਖ ਸਮਾਨ ਦੀਆਂ 17 ਸਪਲਾਈਆਂ ਭੇਜੇ ਜਾਣ ਦਾ ਪੰਜਾਬ ਪੁਲਿਸ ਅਤੇ ਕੇਂਦਰੀ ਏਜੰਸੀਆਂ ਨੂੰ ਪਤਾ ਚੱਲਿਆ ਹੈ, ਜਿਸ ਦਾ ਭਾਵ ਹੈ ਕਿ ਹਥਿਆਰਾਂ/ਹੱਥ ਗੋਲਿਆਂ/ਆਈ.ਈ.ਡੀਜ਼ ਦੀ ਖੇਪ ਜੁਲਾਈ ਵਿੱਚ ਹਰ ਦੂਜੇ ਦਿਨ ਪੰਜਾਬ ਆਧਾਰਤ ਦਹਿਸ਼ਤਗਰਦਾਂ ਨੂੰ ਭੇਜੀ ਗਈ ਸੀ ਅਤੇ ਇਹੀ ਰੁਝਾਨ ਅਗਸਤ ਵਿੱਚ ਵੀ ਜਾਰੀ ਰੱਖਿਆ ਗਿਆ।

RELATED ARTICLES

LEAVE A REPLY

Please enter your comment!
Please enter your name here

Most Popular

Recent Comments