December 28, 2022
(Chandigarh)
ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਅਗਲੇ ਮਹੀਨੇ ਪੰਜਾਬ ਵਿੱਚ ਦਾਖਲ ਹੋਣ ਜਾ ਰਹੀ ਹੈ। ਯਾਤਰਾ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਂਅ ਚਿੱਠੀ ਲਿਖ ਕੇ ਰਾਹੁਲ ਗਾਂਧੀ ਦੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ। ਕਾਂਗਰਸ ਨੇ ਇਸ ਚਿੱਠੀ ਵਿੱਚ 2-3 ਘਟਨਾਵਾਂ ਦਾ ਜ਼ਿਕਰ ਕਰਦੇ ਹੋਏ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ।
ਗ੍ਰਹਿ ਮੰਤਰਾਲੇ ਨੂੰ ਲਿਖੇ ਪੱਤਰ ਵਿੱਚ ਕਾਂਗਰਸ ਨੇ ਯਾਤਰਾ ਦੇ ਦਿੱਲੀ ਵਿੱਚ ਆਉਣ ਤੋਂ ਬਾਅਦ ਦਿੱਲੀ ਪੁਲਿਸ ਦੀ ਕਥਿਤ ਲਾਪਰਵਾਹੀ ਦਾ ਜ਼ਿਕਰ ਕੀਤਾ ਹੈ। ਗ੍ਰਹਿ ਮੰਤਰੀ ਨੂੰ ਲਿਖੇ ਪੱਤਰ ਵਿੱਚ ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਕਿਹਾ ਕਿ ਸ਼ਨੀਵਾਰ ਨੂੰ ਦਿੱਲੀ ਵਿੱਚ ਯਾਤਰਾ ਪਹੁੰਚਣ ਤੋਂ ਬਾਅਦ ਕਈ ਵਾਰ ਯਾਤਰਾ ਦੀ ਸੁਰੱਖਿਆ ਵਿੱਚ ਕੁਤਾਹੀ ਵੇਖੀ ਗਈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਦਿੱਲੀ ਪੁਲਿਸ ਜੋ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਆਉਂਦੀ ਹੈ, ਵਧਦੀ ਭੀੜ ਨੂੰ ਕੰਟਰੋਲ ਕਰਨ ਅਤੇ ਰਾਹੁਲ ਗਾਂਧੀ ਦੇ ਚਾਰੇ ਪਾਸੇ ਇੱਕ ਘੇਰਾ ਬਣਾਏ ਰੱਖਣ ਵਿੱਚ ਪੂਰੀ ਤਰ੍ਹਾਂ ਨਕਾਮ ਰਹੀ। ਜਦਕਿ ਰਾਹੁਲ ਗਾਂਧੀ ਨੂੰ Z-ਪਲੱਸ ਸੁਰੱਖਿਆ ਦਿੱਤੀ ਗਈ ਹੈ।
ਕੇ.ਸੀ. ਵੇਣੂਗੋਪਾਲ ਨੇ ਕਿਹਾ ਕਿ ਸਥਿਤੀ ਇੰਨੀ ਗੰਭੀਰ ਸੀ ਕਿ ਰਾਹੁਲ ਗਾਂਧੀ ਦੇ ਨਾਲ ਚੱਲ ਰਹੇ ਕਾਂਗਰਸੀ ਵਰਕਰਾਂ ਅਤੇ ਯਾਤਰੀਆਂ ਨੂੰ ਇੱਕ ਸੁਰੱਖਿਆ ਘੇਰਾ ਬਣਾਉਣਾ ਪਿਆ, ਜਦਕਿ ਦਿੱਲੀ ਪੁਲਿਸ ਮੂਕ ਦਰਸ਼ਕ ਬਣੀ ਰਹੀ।
ਯਾਤਰਾ ‘ਚ ਹਿੱਸਾ ਲੈਣ ਵਾਲਿਆਂ ਤੋਂ ਪੁੱਛਗਿੱਛ- ਕਾਂਗਰਸ
ਕਾਂਗਰਸ ਨੇ ਇਹ ਵੀ ਇਲਜ਼ਾਮ ਲਾਇਆ ਕਿ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਦੇ ਨਾਲ ਗੱਲਬਾਤ ਕਰਨ ਵਾਲਿਆਂ ਤੋਂ IB ਪੁੱਛਗਿੱਛ ਕਰ ਰਹੀ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਦਾਅਵਾ ਕੀਤਾ ਹੈ ਕਿ ਜਾਂਚ ਏਜੰਸੀ IB ਯਾਤਰਾ ਵਿੱਚ ਸ਼ਾਮਲ ਹੋਏ ਲੋਕਾਂ ਨੂੰ ਫੋਨ ਕਰਕੇ ਉਹਨਾਂ ਤੋਂ ਪੁੱਛਗਿੱਛ ਕਰ ਰਹੀ ਹੈ। ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਪੱਤਰ ਵਿੱਚ ਇੱਕ ਘਟਨਾ ਦਾ ਜ਼ਿਕਰ ਕੀਤਾ।
SFJ ਨੇ ਕੀਤਾ ਹੈ ਵਿਰੋਧ ਦਾ ਐਲਾਨ
ਅੱਤਵਾਦੀ ਜਥੇਬੰਦੀ SFJ ਨੇ ਰਾਹੁਲ ਦੀ ਯਾਤਰਾ ਦੇ ਵਿਰੋਧ ਦਾ ਐਲਾਨ ਕੀਤਾ ਹੈ। SFJ ਨੇ ਕਾਂਗਰਸ ਨੂੰ ਸਿੱਖ ਵਿਰੋਧੀ ਪਾਰਟੀ ਦੱਸ ਕੇ ਆਪਰੇਸ਼ਨ ਬਲੂ ਸਟਾਰ ਦਾ ਬਦਲਾ ਲੈਣ ਦੀ ਗੱਲ ਕਹੀ ਹੈ। ਦੱਸ ਦਈਏ ਕਿ ਰਾਹੁਲ ਗਾਂਧੀ ਦੀ ਯਾਤਰਾ ਫਿਲਹਾਲ 9 ਦਿਨਾਂ ਦੇ ਬ੍ਰੇਕ ‘ਤੇ ਹੈ। ਇਹ ਯਾਤਰਾ 3 ਜਨਵਰੀ ਤੋਂ ਮੁੜ ਸ਼ੁਰੂ ਹੋਵੇਗੀ। ਯੂਪੀ-ਹਰਿਆਣਾ ਤੋਂ ਹੁੰਦੇ ਹੋਏ ਇਹ ਯਾਤਰਾ 8 ਜਨਵਰੀ ਤੋਂ ਬਾਅਦ ਪੰਜਾਬ ਵਿੱਚ ਦਾਖਲ ਹੋਵੇਗੀ। ਪੰਜਾਬ ਤੋਂ ਹੁੰਦੇ ਹੋਏ ਇਹ ਯਾਤਰਾ ਜੰਮੂ-ਕਸ਼ਮੀਰ ਜਾਵੇਗੀ ਅਤੇ ਉਥੇ ਹੀ ਇਸ ਯਾਤਰਾ ਦਾ ਸਮਾਪਨ ਹੋਵੇਗਾ।