September 12, 2022
(New Delhi)
ਦਿੱਲੀ ‘ਚ ਵਸੰਤ ਕੁੰਜ ਇਲਾਕੇ ਦੇ ਇੱਕ ਵਪਾਰੀ ਤੋੰ ਰੰਗਦਾਰੀ ਮਾਮਲੇ ‘ਚ ਵੱਡਾ ਖੁਲਾਸਾ ਸਾਹਮਣੇ ਆਇਆ ਹੈ। ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਇਸ ਮਾਮਲੇ ‘ਚ 2 ਮੁਲਜ਼ਮਾੰ ਨੂੰ ਕਾਬੂ ਕੀਤਾ ਹੈ, ਜਿਹਨਾੰ ਵਿਚੋੰ ਇੱਕ ਨੀਰਜ ਬਵਾਨਾ ਗਰੁੱਪ ਦਾ ਗੈੰਗਸਟਰ ਹੈ। ਗੈੰਗਸਟਰ ਸੋਨੂੰ ਡਾਗਰ ਨੇ ਪੁਲਿਸ ਪੁੱਛਗਿੱਛ ਦੌਰਾਨ ਇਹ ਖੁਲਾਸਾ ਕੀਤਾ ਹੈ ਕਿ ਇਸ ਰੰਗਦਾਰੀ ਦੇ ਪੈਸਿਆੰ ਨਾਲ ਹਥਿਆਰ ਤੇ ਹੋਰ ਸਾਮਾਨ ਖਰੀਦ ਕੇ ਉਸਦੇ ਵਿਰੋਧੀ ਗੈੰਗ ਲਾਰੈੰਸ ਬਿਸ਼ਨੋਈ-ਕਾਲਾ ਜਠੇੜੀ ਨੂੰ ਖਤਮ ਕਰਨ ਦੀ ਯੋਜਨਾ ਸੀ। ਖੁਲਾਸਾ ਇਹ ਵੀ ਹੋਇਆ ਕਿ ਇਹ ਸਭ ਕੈਨੇਡਾ ‘ਚ ਬੈਠੇ ਗੈੰਗਸਟਰ ਅਰਸ਼ ਡੱਲਾ ਦੇ ਇਸ਼ਾਰੇ ‘ਤੇ ਹੋ ਰਿਹਾ ਸੀ।
ਵਪਾਰੀ ਤੋੰ 5 ਕਰੋੜ ਦੀ ਰੰਗਦਾਰੀ ਦਾ ਮਾਮਲਾ ਹਾਲ ਹੀ ਵਿੱਚ ਸਪੈਸ਼ਲ ਸੈੱਲ, ਸਾਊਥ ਵੈਸਟਰਨ ਰੇੰਜ ਨੂੰ ਸੌੰਪਿਆ ਗਿਆ ਸੀ। ਇਸ ਮਾਮਲੇ ‘ਚ ਸ਼ਿਕਾਇਤਕਰਤਾ ਵਪਾਰੀ ਨੂੰ 2 ਵਾਰ ਜਾਨੋੰ ਮਾਰਨ ਦੀ ਧਮਕੀ ਦਿੰਦਿਆੰ 5 ਕਰੋੜ ਦੀ ਰੰਗਦਾਰੀ ਮੰਗੀ ਗਈ ਸੀ। ਇਹ ਧਮਕੀਆੰ ਨੀਰਜ ਬਵਾਨਾ ਗੈੰਗ ਵੱਲੋੰ ਇੰਟਰਨੈਸ਼ਨਲ ਵਰਚੁਅਲ ਨੰਬਰਾੰ ਰਾਹੀੰ ਦਿੱਤੀਆੰ ਜਾ ਰਹੀਆੰ ਸਨ। ਪਹਿਲੀ ਵਾਰ ਕਾਲ ਕਰਨ ਵਾਲੇ ਨੇ ਵਪਾਰੀ ਨੂੰ ਆਪਣਾ ਨਾੰਅ ਸੰਨੀ ਇੱਸਾਪੁਰ ਦੱਸਿਆ ਸੀ, ਜੋ ਨੀਰਜ ਬਵਾਨਾ ਗੈੰਗ ਨਾਲ ਸਬੰਧਤ ਹੈ। ਇਸ ਤੋੰ ਬਾਅਦ ਵਪਾਰੀ ਨੂੰ ਇੱਕ ਵਾਰ ਹੋਰ ਫੋਨ ਕਾਲ ਕੀਤੀ ਗਈ।
ਪਟਿਆਲਾ ਜੇਲ੍ਹ ‘ਚ ਸੰਨੀ ਇੱਸਾਪੁਰ ਨੇ ਕਬੂਲਿਆ ਗੁਨਾਹ
ਧਮਕੀ ਵਾਲੇ ਕਾਲ ਦੀ ਜਾੰਚ ਕਰਦਿਆੰ ਪੁਲਿਸ ਦੇ ਧਿਆਨ ‘ਚ ਆਇਆ ਕਿ ਨੀਰਜ ਬਵਾਨਾ ਗੈੰਗ ਨਾਲ ਸਬੰਧਤ ਸੰਨੀ ਡਾਗਰ ਉਰਫ ਸੰਨੀ ਇੱਸਾਪੁਰ ਨੂੰ ਹਾਲ ਹੀ ਵਿੱਚ ਪੰਜਾਬ ਪੁਲਿਸ ਵੱਲੋੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਹ ਪਟਿਆਲਾ ਜੇਲ੍ਹ ਵਿੱਚ ਬੰਦ ਹੈ। ਪੁਲਿਸ ਵੱਲੋੰ ਪਟਿਆਲਾ ਜੇਲ੍ਹ ‘ਚ ਹੀ ਉਸ ਤੋੰ ਸਵਾਲ-ਜਵਾਬ ਕੀਤੇ ਗਏ, ਜਿਸ ਦੌਰਾਨ ਉਸਨੇ ਆਪਣਾ ਗੁਨਾਹ ਕਬੂਲ ਕਰ ਲਿਆ।
ਵਪਾਰੀ ਦੇ ਭਰਾ ਨੇ ਹੀ ਦਿੱਤੀ ਸੀ ਸਾਰੀ ਜਾਣਕਾਰੀ
ਪੁੱਛਗਿੱਛ ਦੌਰਾਨ ਸੰਨੀ ਡਾਗਰ ਉਰਫ ਸੰਨੀ ਇੱਸਾਪੁਰ ਨੇ ਇਹ ਵੀ ਖੁਲਾਸਾ ਕੀਤਾ ਕਿ ਵਪਾਰੀ ਦੇ ਚਚੇਰੇ ਭਰਾ ਨੇ ਹੀ ਸੰਨੀ ਨੂੰ ਆਪਣੇ ਭਰਾ ਦੇ ਕਾਰੋਬਾਰ ਅਰੇ ਹੋਰ ਵੇਰਵਿਆੰ ਬਾਰੇ ਜਾਣਕਾਰੀ ਦਿੱਤੀ ਸੀ, ਜਿਵੇੰ ਕਿ ਮੋਬਾਈਲ ਨੰਬਰ, ਸ਼ਿਕਾਇਤਕਰਤਾ ਦੇ ਵਾਹਨ ਨੰਬਰ ਅਤੇ ਉਸਦੇ ਪਰਿਵਾਰਿਕ ਮੈਂਬਰ। ਪੁਸ਼ਪੇਂਦਰ ਉਰਫ ਡਿੰਪੀ ਨੇ ਉਸ ਨੂੰ ਇਹ ਵੀ ਦੱਸਿਆ ਕਿ ਸ਼ਿਕਾਇਤਕਰਤਾ ਨਾਲ ਪਰਿਵਾਰਕ ਝਗੜਾ ਹੈ ਅਤੇ ਉਹ ਸ਼ਿਕਾਇਤਕਰਤਾ ਨੂੰ ਜਾਨ ਦਾ ਖਤਰਾ ਦੇ ਕੇ ਆਸਾਨੀ ਨਾਲ ਪੈਸੇ ਪ੍ਰਾਪਤ ਕਰ ਸਕਦਾ ਹੈ।
ਇਸ ਇਨਪੁਟ ਦੇ ਆਧਾਰ ‘ਤੇ, ਇੱਕ ਟੀਮ ਤੈਨਾਤ ਕਰਕੇ ਪੁਸ਼ਪੇਂਦਰ ਲੋਚਾਵ ਉਰਫ ਡਿੰਪੀ ਤੋੰ ਪੁੱਛਗਿੱਛ ਕੀਤੀ ਗਈ ਅਤੇ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਮੁਤਾਬਕ, ਡਿੰਪੀ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਸੰਨੀ ਡਾਗਰ ਦੇ ਨਾਲ ਉੱਤਰਾਖੰਡ ਅਤੇ ਰਾਜਸਥਾਨ ਵਿੱਚ ਵੱਖ-ਵੱਖ ਥਾਵਾਂ ‘ਤੇ ਗਿਆ ਸੀ ਅਤੇ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਦੇ ਸੰਪਰਕ ਵਿੱਚ ਸੀ। ਉਨ੍ਹਾਂ ਨੇ ਫਿਰੌਤੀ ਦੇ ਇਰਾਦੇ ਨਾਲ ਸ਼ਿਕਾਇਤਕਰਤਾ ਨੂੰ ਜਾਨਲੇਵਾ ਧਮਕੀਆਂ ਦੇਣ ਦੀ ਸਾਜ਼ਿਸ਼ ਰਚੀ।
ਜੇਲ੍ਹ ਅੰਦਰੋੰ ਅਰਸ਼ ਡੱਲਾ ਦੇ ਸੰਪਰਕ ‘ਚ ਸੀ ਡਾਗਰ
ਪੁੱਛਗਿੱਛ ਦੌਰਾਨ ਸੰਨੀ ਡਾਗਰ ਨੇ ਇਹ ਵੀ ਕਬੂਲਿਆ ਕਿ ਪੰਜਾਬ ਪੁਲਿਸ ਵੱਲੋਂ ਸੰਨੀ ਡਾਗਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਵੀ ਉਹ ਸੋਸ਼ਲ ਮੀਡੀਆ ਦੇ ਜ਼ਰੀਏ ਕੈਨੇਡਾ ‘ਚ ਬੈਠੇ ਗੈੰਗਸਟਰ ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ ਦੇ ਸਿੱਧੇ ਸੰਪਰਕ ਵਿੱਚ ਸੀ। ਇਸੇ ਦੌਰਾਨ ਸੰਨੀ ਨੇ ਵਪਾਰੀ ਨਾਲ ਸਾਰੇ ਸਬੰਧਤ ਵੇਰਵੇ ਅਰਸ਼ ਡੱਲਾ ਨੂੰ ਮੁਹੱਈਆ ਕਰਵਾਏ ਸਨ। ਇਹ ਵੀ ਸਾਹਮਣੇ ਆਇਆ ਕਿ ਵਪਾਰੀ ਨੂੰ ਦੂਜੀ ਵਾਰ ਧਮਕੀ ਅਰਸ਼ ਡੱਲਾ ਨੇ ਹੀ ਦਿੱਤੀ, ਕਿਉੰਕਿ ਉਦੋੰ ਤੱਕ ਸੋਨੂੰ ਡਾਗਰ ਪੰਜਾਬ ਪੁਲਿਸ ਦੀ ਗ੍ਰਿਫ਼ਤ ਵਿੱਚ ਸੀ।
ਲਾਰੈੰਸ ਗੈੰਗ ਦੇ ਖਾਤਮੇ ਲਈ ਪੈਸੇ ਵਰਤਣ ਦੀ ਸੀ ਯੋਜਨਾ
ਸੰਨੀ ਡਾਗਰ ਨੇ ਅੱਗੇ ਖੁਲਾਸਾ ਕੀਤਾ ਕਿ ਉਹ ਜੇਲ੍ਹ ਵਿੱਚ ਬੰਦ ਗੈਂਗਸਟਰ ਨੀਰਜ ਬਵਾਨਾ-ਨਵੀਨ ਬਾਲੀ ਦੀਆਂ ਹਦਾਇਤਾਂ ਅਨੁਸਾਰ ਉਨ੍ਹਾਂ ਦੇ ਵਿਰੋਧੀ ਗਿਰੋਹ ਅਰਥਾਤ ਲਾਰੈਂਸ ਬਿਸ਼ਨੋਈ-ਕਾਲਾ ਜਠੇੜੀ ਨੂੰ ਖਤਮ ਕਰਨ ਦੀ ਯੋਜਨਾ ਬਣਾ ਰਿਹਾ ਸੀ। ਇਸ ਮੰਤਵ ਲਈ ਆਧੁਨਿਕ ਹਥਿਆਰ ਖਰੀਦਣ ਵਾਸਤੇ ਵਪਾਰੀ ਨੂੰ 5 ਕਰੋੜ ਦੀ ਫਿਰੌਤੀ ਦੀ ਕਾਲ ਕੀਤੀ ਗਈ। ਉਸਨੇ ਇਹ ਵੀ ਖੁਲਾਸਾ ਕੀਤਾ ਕਿ ਅਰਸ਼ ਡੱਲਾ ਨੇ ਪੁਸ਼ਪੇਂਦਰ ਉਰਫ ਡਿੰਪੀ ਦੇ ਖਾਤੇ ਵਿੱਚ ਕੁਝ ਪੈਸੇ ਵੀ ਟਰਾਂਸਫਰ ਕੀਤੇ ਸਨ, ਕਿਉਂਕਿ ਡਿੰਪੀ ਨੇ ਸ਼ਿਕਾਇਤਕਰਤਾ ਦੀ ਜਾਣਕਾਰੀ ਪ੍ਰਦਾਨ ਕੀਤੀ ਸੀ।
ਪੰਜਾਬ ‘ਚ ਕਈ ਘਿਨੌਣੇ ਮਾਮਲਿਆੰ ‘ਚ ਲੋੜੀੰਦਾ ਅਰਸ਼ ਡੱਲਾ
ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਪੰਜਾਬ ਦੇ ਕਈ ਘਿਨਾਉਣੇ ਮਾਮਲਿਆਂ ਵਿੱਚ ਲੋੜੀਂਦਾ ਹੈ ਅਤੇ ਭਗੌੜਾ ਹੈ। ਉਸਨੇ ਨੀਰਜ ਬਵਾਨਾ-ਕੌਸ਼ਲ ਚੌਧਰੀ-ਦਵਿੰਦਰ ਬੰਬੀਹਾ ਗੈਂਗ ਨਾਲ ਹੱਥ ਮਿਲਾ ਲਿਆ ਹੈ। ਉਹ ਜੁਲਾਈ 2020 ਵਿੱਚ ਕੈਨੇਡਾ ਭੱਜ ਗਿਆ ਸੀ। ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ ਕਤਲ, ਜਬਰੀ ਵਸੂਲੀ ਅਤੇ ਟਾਰਗੇਟ ਕਿਲਿੰਗ ਵਰਗੇ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਲ ਹੈ, ਜਿਸ ਸਬੰਧੀ ਉਸ ਉੱਤੇ 13 ਤੋਂ ਵੱਧ FIR ਦਰਜ ਹਨ। ਉਹ ਆਪਣੇ ਸਾਥੀਆਂ ਨੂੰ ਕੈਨੇਡਾ ਤੋਂ ਭਾਰਤ ਵਿੱਚ ਪੈਸਾ ਟਰਾਂਸਫਰ ਕਰ ਰਿਹਾ ਹੈ, ਜੋ ਇਸ ਪੈਸੇ ਦੀ ਵਰਤੋਂ ਵੱਖ-ਵੱਖ ਅਪਰਾਧਾਂ ਲਈ ਕਰਦੇ ਹਨ।
ਇਸ ਤੋਂ ਇਲਾਵਾ ਇਹ ਵੀ ਪਤਾ ਲੱਗਾ ਹੈ ਕਿ ਅਰਸ਼ ਡੱਲਾ ਕੱਟੜਪੰਥੀਆੰ ਵਿੱਚ ਸ਼ੁਮਾਰ ਹੋ ਗਿਆ ਹੈ ਅਤੇ ਖਾਲਿਸਤਾਨ ਟਾਈਗਰ ਫੋਰਸ ਦੇ ਅੱਤਵਾਦੀ ਹਰਦੀਪ ਸਿੰਘ ਨਿੱਝਰ ਨਾਲ ਮਿਲ ਕੇ ਟਾਰਗੇਟ ਕਿਲਿੰਗਸ ਨੂੰ ਅੰਜਾਮ ਦੇ ਰਿਹਾ ਹੈ। ਉਸਨੇ 2020 ਅਤੇ 2021 ਵਿੱਚ ਦੋ ਵੱਖ-ਵੱਖ ਘਟਨਾਵਾਂ ਵਿੱਚ ਆਪਣੇ ਸਾਥੀਆਂ ਰਾਹੀਂ ਡੇਰਾ ਸੱਚਾ ਸੌਦਾ ਦੇ 2 ਪੈਰੋਕਾਰਾਂ ਦਾ ਕਤਲ ਵੀ ਕੀਤਾ ਸੀ।