December 10, 2022
(Tarntaran)
ਤਰਨਤਾਰਨ ਦੇ ਸਰਹਾਲੀ ਪੁਲਿਸ ਥਾਣੇ ‘ਤੇ ਰਾਕੇਟ ਲਾਂਚਰ ਨਾਲ ਹੋਏ ਹਮਲੇ ਤੋਂ ਬਾਅਦ ਪੰਜਾਬ ਪੁਲਿਸ ਵਿੱਚ ਹੜਕੰਪ ਮਚਿਆ ਹੈ। DGP ਗੌਰਵ ਯਾਦਵ ਖੁਦ ਮੌਕੇ ‘ਤੇ ਪਹੁੰਚੇ ਅਤੇ ਉਹਨਾਂ ਨੇ ਸਾਰੇ ਹਾਲਾਤ ਦਾ ਜਾਇਜ਼ਾ ਲਿਆ। DGP ਨੇ ਦੱਸਿਆ ਕਿ ਰਾਤ 11.22 ਵਜੇ ਰਾਕੇਟ ਲਾਂਚਰ ਨਾਲ ਹਮਲਾ ਕੀਤਾ ਗਿਆ। ਇਸਤੇਮਾਲ ਕੀਤਾ ਗਿਆ ਹਥਿਆਰ ਮਿਲਟਰੀ ਗ੍ਰੇਡ ਦਾ ਹੈ। ਉਹਨਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ RPG ਅਟੈਕ ਵਿੱਚ ਪਾਕਿਸਤਾਨ ਦਾ ਹੱਥ ਹੈ। ਪਾਕਿਸਤਾਨ ਤੋਂ ਹਥਿਆਰ ਭੇਜੇ ਗਏ ਹਨ। ਦੁਸ਼ਮਣ ਦੇਸ਼ ਰਾਕੇਟ ਦਾ ਇਸਤੇਮਾਲ ਕਰ ਰਿਹਾ ਹੈ।
DGP ਨੇ ਕਿਹਾ ਕਿ ਪਿਛਲੇ ਇੱਕ ਮਹੀਨੇ ਦੇ ਅੰਦਰ ਅਸੀਂ ਕਾਫੀ ਸਫਲਤਾ ਹਾਸਲ ਕੀਤੀ ਹੈ। ਦੁਸ਼ਮਣ ਦੇਸ਼ ਵਿੱਚ ਬੈਠੀਆਂ ਤਾਕਤਾਂ ਬਦਲਾ ਲੈ ਰਹੀਆਂ ਹਨ। DGP ਨੇ ਕਿਹਾ ਕਿ ਚਾਹੇ ਲੰਡਾ ਹੋਵੇ ਜਾਂ ਕੋਈ ਹੋਰ, ਇਹਨਾਂ ਨੂੰ ਅਸੀਂ ਮੂੰਹ ਤੋੜ ਜਵਾਬ ਦੇ ਰਹੇ ਹਾਂ ਅਤੇ ਦਿੰਦੇ ਰਹਾਂਗੇ।
DGP ਨੇ ਕਿਹਾ ਕਿ RPG ਅਟੈਕ ਨਾਲ ਹੋਏ ਹਮਲੇ ਵਿੱਚ UAPA ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਹਨਾਂ ਲੋਕਾਂ ਨੂੰ ਸੁਰੱਖਿਆ ਦਾ ਭਰੋਸਾ ਦਵਾਇਆ ਅਤੇ ਕਿਹਾ ਕਿ ਲੋਕ ਬੇਫਿਕਰ ਰਹਿਣ, ਨਾ ਡਰਨ, ਉਹਨਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਮੈਂ ਖੁਦ ਲੈਂਦਾ ਹਾਂ।
ਜ਼ਿਕਰਯੋਗ ਹੈ ਕਿ ਦੇਰ ਰਾਤ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ‘ਤੇ ਸਥਿਤ ਪੁਲਿਸ ਥਾਣਾ ਸਰਹਾਲੀ ‘ਤੇ ਰਾਕੇਟ ਲਾਂਚਰ ਨਾਲ ਹਮਲਾ ਕੀਤਾ ਗਿਆ, ਜੋ ਥਾਣੇ ਅੰਦਰ ਮੌਜੂਦ ਸੇਵਾ ਕੇਂਦਰ ‘ਤੇ ਜਾ ਡਿੱਗਿਆ। ਇਸ ਦੌਰਾਨ ਸੇਵਾ ਕੇਂਦਰ ਵਿੱਚ ਕੋਈ ਵੀ ਮੌਜੂਦ ਨਹੀਂ ਸੀ। ਹਮਲੇ ਦੌਰਾਨ ਥਾਣੇ ਵਿੱਚ ਡਿਊਟੀ ਅਫਸਰ ਸਮੇਤ ਕੁਝ ਹੋਰ ਪੁਲਿਸ ਮੁਲਾਜ਼ਮ ਮੌਜੂਦ ਸਨ, ਜੋ ਵਾਲੱ-ਵਾਲ ਬੱਚ ਗਏ।