ਬਟਾਲਾ। ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ‘ਚ ਆਨਰ ਕਿਲਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇੱਕ ਹੀ ਪਰਿਵਾਰ ਦੇ 4 ਜੀਆਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਜਦਕਿ 2 ਹੋਰ ਜ਼ਖਮੀ ਅੰਮ੍ਰਿਤਸਰ ‘ਚ ਜ਼ੇਰੇ ਇਲਾਜ ਹਨ।
ਜਾਣਕਾਰੀ ਮੁਤਾਬਰਕ, ਪਿੰਡ ਬੱਲਰਵਾਲ ‘ਚ ਸੁਖਜਿੰਦਰ ਸਿੰਘ ਨਾਮੀ ਪੰਚ ਦੀ ਕੁੜੀ ਇਸੇ ਪਿੰਡ ‘ਚ ਖੇਤੀਬਾੜੀ ਦਾ ਕੰਮ ਕਰਨ ਵਾਲੇ ਸੁਖਵਿੰਦਰ ਸਿੰਘ ਦੇ ਪੁੱਤਰ ਨਾਲ ਪਿਆਰ ਕਰਦੀ ਸੀ, ਪਰ ਕੁੜੀ ਦੇ ਪਰਿਵਾਰ ਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਸੀ। ਲਿਹਾਜ਼ਾ ਪ੍ਰੇਮੀ ਜੋੜਾ ਐਤਵਾਰ ਨੂੰ ਘਰੋਂ ਭੱਜ ਗਿਆ। ਹਾਲਾਂਕਿ ਦੋਵੇਂ ਵਾਪਸ ਆ ਗਏ ਅਤੇ ਆਪਣੇ-ਆਪਣੇ ਘਰਾਂ ਨੂੰ ਵੀ ਪਰਤ ਗਏ। ਪਰ ਕੁੜੀ ਦਾ ਪਿਤਾ ਇਸ ਪੂਰੇ ਮਾਮਲੇ ਨੂੰ ਲੈ ਕੇ ਬੇਹੱਦ ਗੁੱਸੇ ‘ਚ ਸੀ।
ਪੁਲਿਸ ਮੁਤਾਬਕ, ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਕੁੜੀ ਦੇ ਭੱਜਣ ਤੋਂ ਨਰਾਜ਼ ਉਸਦਾ ਪਿਤਾ ਸੋਮਵਾਰ ਸਵੇਰੇ ਸੁਖਵਿੰਦਰ ਸਿੰਘ ਦੇ ਖੇਤ ‘ਚ ਗਿਆ ਅਤੇ ਖੇਤੀ ਕਰ ਰਹੇ ਉਸਦੇ ਪਰਿਵਾਰਕ ਮੈਂਬਰਾਂ ‘ਤੇ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਹਨਾਂ ‘ਚੋਂ 2 ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ, ਜਦਕਿ 2 ਦੀ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ। ਇਸ ਤੋਂ ਇਲਾਵਾ 2 ਲੋਕ ਜ਼ਖਮੀ ਹਨ, ਜਿਹਨਾਂ ਨੂੰ ਇਲਾਜ ਲਈ ਅੰਮ੍ਰਿਤਸਰ ਰੈਫਰ ਕੀਤਾ ਗਿਆ ਹੈ।
ਬਹਿਰਹਾਲ ਪੁਲਿਸ ਪੂਰੇ ਮਾਮਲੇ ‘ਚ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ। ਫਿਲਹਾਲ ਮੁਲਜ਼ਮ ਸੁਖਵਿੰਦਰ ਸਿੰਘ ਅਤੇ ਉਸਦਾ ਸਾਥੀ ਫਰਾਰ ਦੱਸੇ ਜਾ ਰਹੇ ਹਨ।