October 8, 2022
(Gurdaspur)
ਗੁਰਦਾਸਪੁਰ ਦੇ ਬਟਾਲਾ ਵਿੱਚ 4 ਘੰਟੇ ਚੱਲੀ ਮੁਠਭੇੜ ਤੋਂ ਬਾਅਦ ਪੁਲਿਸ ਨੇ ਗੈਂਗਸਟਰ ਰਣਜੋਧ ਬਬਲੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰਣਜੋਧ ਬਬਲੂ ‘ਤੇ ਅੰਮ੍ਰਿਤਸਰ ਰੂਰਲ ਵਿੱਚ 4-5 ਕੇਸ ਦਰਜ ਹਨ। ਪਿਛਲੇ 15 ਦਿਨਾਂ ਵਿੱਚ ਉਸਦੇ ਖਿਲਾਫ਼ ਬਟਾਲਾ ਵਿੱਚ ਕਾਤਿਲਾਨਾ ਹਮਲੇ ਦੇ 2 ਕੇਸ ਦਰਜ ਕੀਤੇ ਗਏ। ਪੁਲਿਸ ਨੂੰ ਕਈ ਦਿਨਾਂ ਤੋਂ ਉਸਦੀ ਤਲਾਸ਼ ਸੀ।
ਸ਼ਨੀਵਾਰ ਨੂੰ ਗੁਪਤ ਸੂਚਨਾ ਦੇ ਅਧਾਰ ‘ਤੇ ਪੁਲਿਸ ਉਸਦਾ ਪਿੱਛਾ ਕਰ ਰਹੀ ਸੀ। ਭਣਕ ਲਗਦੇ ਹੀ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਗੁਰਦਾਸਪੁਰ ਵਿੱਚ ਬਟਾਲਾ-ਜਲੰਧਰ ਰੋਡ ‘ਤੇ ਅਚੱਲ ਸਾਹਿਬ ਦੇ ਨਾਲ ਪੈਂਦੇ ਪਿੰਡ ਕੋਟਲਾ ਬੋਝਾ ਸਿੰਘ ਵਿੱਚ ਗੰਨੇ ਦੇ ਖੇਤ ਵਿੱਚ ਲੁੱਕ ਗਿਆ।
ਦੋਵੇਂ ਪਾਸਿਓਂ ਕਈ ਰਾਊਂਡ ਫਾਇਰਿੰਗ
ਪੁਲਿਸ ਦਾ ਘੇਰਾ ਵੇਖ ਕੇ ਉਸਨੇ ਫਾਇਰਿੰਗ ਕੀਤੀ। ਜਵਾਬ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ। ਗੈਂਗਸਟਰ ਨੇ 30 ਅਤੇ ਪੁਲਿਸ ਨੇ ਕਰੀਬ 40 ਫਾਇਰ ਕੀਤੇ। ਕਰੀਬ 4 ਘੰਟਿਆਂ ਦੀ ਮੁਠਭੇੜ ਤੋਂ ਬਾਅਦ ਪੁਲਿਸ ਨੇ ਉਸ ਨੂੰ ਜ਼ਖਮੀ ਹਾਲਤ ਵਿੱਚ ਗ੍ਰਿਫ਼ਤਾਰ ਕਰ ਲਿਆ। ਫੜੇ ਗਏ ਗੈਂਗਸਟਰ ਬਬਲੂ ਤੋਂ ਪੁਲਿਸ ਨੇ 2 ਹਥਿਆਰ ਵੀ ਬਰਾਮਦ ਕੀਤੇ ਹਨ।
ਦੂਰਬੀਨ ਅਤੇ ਡਰੋਨ ਦੇ ਜ਼ਰੀਏ ਲੱਭਿਆ
ਰਣਜੋਧ ਬਬਲੂ ਦੇ ਖੇਤਾਂ ਵਿੱਚ ਲੁਕਣ ਤੋਂ ਬਾਅਦ ਪੁਲਿਸ ਨੇ ਪਹਿਲਾਂ ਦੂਰਬੀਨ ਦੇ ਜ਼ਰੀਏ ਉਸਦੀ ਤਲਾਸ਼ ਕੀਤੀ। ਇਸ ਦੌਰਾਨ ਉਸ ਨੂੰ ਵਾਰ-ਵਾਰ ਸਰੰਡਰ ਕਰਨ ਲਈ ਕਿਹਾ ਗਿਆ। ਇਸਦੇ ਬਾਵਜੂਦ ਉਹ ਲਗਾਤਾਰ ਫਾਇਰਿੰਗ ਕਰਦਾ ਰਿਹਾ, ਜਿਸਦੇ ਚਲਦੇ ਪੁਲਿਸ ਨੇ ਕਮਾਂਡੋ ਮੌਕੇ ‘ਤੇ ਬੁਲਾਏ। ਇਸ ਤੋਂ ਇਲਾਵਾ ਡਰੋਨ ਦੇ ਜ਼ਰੀਏ ਉਸਦੀ ਤਲਾਸ਼ ਕੀਤੀ।
ਪੁਲਿਸ ਨੇ ਪੂਰਾ ਇਲਾਕਾ ਕੀਤਾ ਸੀ ਸੀਲ
ਮੁਠਭੇੜ ਸ਼ੁਰੂ ਹੁੰਦੇ ਹੀ ਪੁਲਿਸ ਨੇ ਪਿੰਡ ਕੋਟਲਾ ਬੋਝਾ ਸਿੰਘ ਅਤੇ ਉਸਦੇ ਨਾਲ ਲਗਦੇ ਪਿੰਡਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਸੀ। ਪਿੰਡ ਵੱਲ ਨੂੰ ਆਉਣ ਵਾਲੇ ਸਾਰੇ ਰਸਤਿਆਂ ‘ਤੇ ਨਾਕੇਬੰਦੀ ਕਰ ਦਿੱਤੀ ਗਈ। ਪੁਲਿਸ ਨੇ ਪਿੰਡ ਦੇ ਲੋਕਾਂ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ, ਤਾਂ ਜੋ ਪੁਲਿਸ ਅਤੇ ਗੈਂਗਸਟਰ ਵਿਚਕਾਰ ਹੋ ਰਹੀ ਗੋਲੀਬਾਰੀ ਨਾਲ ਉਹਨਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ। ਨਾਲ ਹੀ ਪਿੰਡ ਵਿੱਚ ਆਉਣ ਵਾਲੇ ਲੋਕਾਂ ਨੂੰ ਵੀ ਬਾਹਰ ਰੋਕ ਦਿੱਤਾ ਗਿਆ ਸੀ।