Home CRIME 18 ਦਿਨ ਬਾਅਦ ਮੁੜ ਪੁਲਿਸ ਦੇ ਅੜਿੱਕੇ ਚੜ੍ਹਿਆ ਗੈਂਗਸਟਰ ਦੀਪਕ ਟੀਨੂੰ...5 ਗ੍ਰਨੇਡ...

18 ਦਿਨ ਬਾਅਦ ਮੁੜ ਪੁਲਿਸ ਦੇ ਅੜਿੱਕੇ ਚੜ੍ਹਿਆ ਗੈਂਗਸਟਰ ਦੀਪਕ ਟੀਨੂੰ…5 ਗ੍ਰਨੇਡ ਤੇ 2 ਪਿਸਟਲ ਬਰਾਮਦ

October 19, 2022
(Bureau Report)

ਪੰਜਾਬ ਪੁਲਿਸ ਦੀ ਗ੍ਰਿਫ਼ਤ ‘ਚੋਂ ਫ਼ਰਾਰ ਹੋਏ ਗੈਂਗਸਟਰ ਦੀਪਕ ਟੀਨੂੰ ਨੂੰ ਮੁੜ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਉਸ ਨੂੰ ਰਾਜਸਥਾਨ ਦੇ ਅਜਮੇਰ ਤੋਂ ਕਾਬੂ ਕੀਤਾ ਹੈ। ਟੀਨੂੰ 1 ਅਕਤੂਬਰ ਦੀ ਰਾਤ ਨੂੰ ਮਾਨਸਾ ਪੁਲਿਸ ਦੇ CIA ਸਟਾਫ ਦੀ ਗ੍ਰਿਫ਼ਤ ‘ਚੋਂ ਫ਼ਰਾਰ ਹੋ ਗਿਆ ਸੀ।

Image

ਟੀਨੂੰ ਤੋਂ ਪੁਲਿਸ ਨੇ 5 ਗ੍ਰਨੇਡ ਅਤੇ 2 ਸੈਮੀ-ਆਟੋਮੈਟਿਕ ਪਿਸਟਲ ਬਰਾਮਦ ਕੀਤੇ ਹਨ। ਪੁਲਿਸ ਮੁਤਾਬਕ, ਅਜ਼ਰਬਾਈਜਾਨ ‘ਚ ਬੈਠੇ ਰੋਹਿਤ ਗੋਦਾਰਾ ਅਤੇ ਜੈਕ ਵੱਲੋਂ ਵਿਦੇਸ਼ ‘ਚ ਹੀ ਬੈਠ ਕੇ ਇਸਦੀ ਮਦਦ ਕੀਤੀ ਜਾ ਰਹੀ ਸੀ ਅਤੇ ਇਸ ਨੂੰ ਪਨਾਹਗਾਹ ਮੁਹੱਈਆ ਕਰਵਾਈ ਜਾ ਰਹੀ ਸੀ।

ਵਿਦੇਸ਼ ਭੱਜਣ ਦੀ ਸੀ ਪੂਰੀ ਤਿਆਰੀ !

ਜਾਣਕਾਰੀ ਮੁਤਾਬਕ, ਦੀਪਕ ਟੀਨੂੰ ਵੱਲੋਂ ਫਰਜ਼ੀ ਪਾਸਪੋਰਟ ਤਿਆਰ ਕਰਵਾ ਲਿਆ ਗਿਆ ਸੀ ਅਤੇ ਉਹ ਬਹੁਤ ਜਲਦ ਵਿਦੇਸ਼ ਭੱਜਣ ਦੀ ਫਿਰਾਕ ਵਿੱਚ ਸੀ। ਦੱਸ ਦਈਏ ਕਿ ਕਾਫੀ ਦਿਨਾਂ ਤੋਂ ਟੀਨੂੰ ਦੇ ਵਿਦੇਸ਼ ਭੱਜ ਜਾਣ ਦੀ ਚਰਚਾ ਸੁਰਖੀਆਂ ਵਿੱਚ ਸੀ, ਜਦਕਿ ਉਸ ਨੂੰ ਭਾਰਤ ਤੋਂ ਹੀ ਕਾਬੂ ਕੀਤਾ ਗਿਆ ਹੈ।

ਟੀਨੂੰ ਦੇ ਸਾਥੀ ਵੀ ਹੋ ਚੁੱਕੇ ਹਨ ਗ੍ਰਿਫ਼ਤਾਰ

ਟੀਨੂੰ ਨੂੰ ਪੁਲਿਸ ਕਸਟਡੀ ‘ਚੋਂ ਭਜਾਉਣ ਦੀ ਮਦਦ ਕਰਨ ਵਾਲੀ ਉਸਦੀ ਗਰਲਫ੍ਰੈਂਡ ਜਤਿੰਦਰ ਕੌਰ ਅਤੇ ਉਸਦੇ ਸਾਥੀ ਕੁਲਦੀਪ ਸਿੰਘ ਉਰਫ ਕੋਹਲੀ, ਰਾਜਵੀਰ ਸਿੰਘ ਉਰਫ ਕਜ਼ਾਮਾ ਅਤੇ ਰਜਿੰਦਰ ਸਿੰਘ ਉਰਫ ਗੋਰਾ ਇਸ ਵਕਤ ਪੰਜਾਬ ਪੁਲਿਸ ਦੀ ਗ੍ਰਿਫ਼ਤ ਵਿੱਚ ਹਨ। ਟੀਨੂੰ ਦੀ ਗਰਲਫ੍ਰੈਂਡ ਨੂੰ ਮੰਗਲਵਾਰ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ ਹੈ, ਜਦਕਿ ਬਾਕੀ ਮੁਲਜ਼ਮਾਂ ਨੂੰ ਬੁੱਧਵਾਰ ਨੂੰ ਹੀ ਨਿਆਂਇਕ ਹਿਰਾਸਤ ‘ਚ ਭੇਜਿਆ ਗਿਆ ਹੈ।

ਟੀਨੂੰ ਦੇ ਫ਼ਰਾਰ ਹੋਣ ਦੀ ਪੂਰੀ ਕਹਾਣੀ

ਦੀਪਕ ਟੀਨੂੰ 1 ਅਕਤੂਬਰ ਅਤੇ 2 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਬੇਹੱਦ ਫਿਲਮੀ ਤਰੀਕੇ ਨਾਲ ਮਾਨਸਾ ਪੁਲਿਸ ਦੀ ਗ੍ਰਿਫ਼ਤ ‘ਚੋਂ ਫ਼ਰਾਰ ਹੋਇਆ ਸੀ। ਇਲਜ਼ਾਮ ਹੈ ਕਿ ਮਾਨਸਾ ਪੁਲਿਸ ਦੇ ਤਤਕਾਲੀ CIA ਇੰਚਾਰਜ ਪ੍ਰਿਤਪਾਲ ਸਿੰਘ ਵੱਲੋਂ ਉਸ ਨੂੰ ਇੱਕ ਹੋਟਲਨੁੰਮਾ ਥਾਂ ‘ਤੇ ਉਸਦੀ ਗਰਲਫ੍ਰੈਂਡ ਨਾਲ ਮਿਲਵਾਉਣ ਲਈ ਲਿਜਾਇਆ ਜਾਂਦਾ ਸੀ ਅਤੇ 1 ਅਕਤੂਬਰ ਦੀ ਰਾਤ ਵੀ ਉਸੇ ਥਾਂ ‘ਤੇ ਲਿਜਾਇਆ ਗਿਆ ਸੀ।

ਪ੍ਰਿਤਪਾਲ ਸਿੰਘ ਉਸ ਨੂੰ ਆਪਣੀ ਪ੍ਰਾਈਵੇਟ ਗੱਡੀ ਵਿੱਚ ਲੈ ਕੇ ਗਿਆ ਸੀ ਤੇ ਉਹ ਵੀ ਬਿਨ੍ਹਾਂ ਹੱਥਕੜੀ ਦੇ। ਪ੍ਰਿਤਪਾਲ ਸਿੰਘ ਦੇ ਨਾਲ ਕੋਈ ਵੀ ਹੋਰ ਸੀਨੀਅਰ ਅਧਿਕਾਰੀ ਮੌਜੂਦ ਨਹੀਂ ਸੀ ਅਤੇ ਨਾ ਹੀ ਉਸਨੇ ਇਸ ਬਾਰੇ ਕਿਸੇ ਨੂੰ ਸੂਚਿਤ ਕੀਤਾ। ਲਿਹਾਜ਼ਾ ਟੀਨੂੰ ਮੌਕਾ ਪਾ ਕੇ ਆਪਣੀ ਗਰਲਫ੍ਰੈਂਡ ਅਤੇ ਹੋਰ ਦੋਸਤਾਂ ਦੀ ਮਦਦ ਨਾਲ ਫ਼ਰਾਰ ਹੋ ਗਿਆ। ਜਿਸ ਸਕੋਡਾ ਗੱਡੀ ‘ਚ ਟੀਨੂੰ ਫ਼ਰਾਰ ਹੋਇਆ, ਉਹ ਪੁਲਿਸ ਵੱਲੋਂ ਬਰਾਮਦ ਕੀਤੀ ਜਾ ਚੁੱਕੀ ਹੈ ਅਤੇ ਉਸਦੇ ਮਦਦਗਾਰ ਵੀ ਅਰੈਸਟ ਹੋ ਚੁੱਕੇ ਹਨ। ਮਾਮਲੇ ਵਿੱਚ ਸ਼ੱਕੀ ਭੂਮਿਕਾ ਦੇ ਚਲਦੇ ਪ੍ਰਿਤਪਾਲ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਨੌਕਰੀ ਤੋਂ ਬਰਖਾਸਤ ਕੀਤਾ ਜਾ ਚੁੱਕਿਆ ਹੈ।

ਜਾਂਚ ਤੋਂ ਪਤਾ ਲੱਗਾ ਹੈ ਕਿ 1 ਅਕਤੂਬਰ ਨੂੰ ਦੀਪਕ ਟੀਨੂੰ ਨੇ ਆਪਣੇ ਸਾਥੀ ਕੁਲਦੀਪ ਕੋਹਲੀ ਨੂੰ ਮਹਿਲਾ ਸਾਥੀ ਭੇਜਣ ਲਈ ਕਿਹਾ ਸੀ। ਰਾਜਵੀਰ ਸਿੰਘ ਨੇ ਆਪਣੇ ਸਾਥੀ ਗਗਨਦੀਪ ਖਹਿਰਾ ਵਾਸੀ ਲੁਧਿਆਣਾ ਨਾਲ ਮਿਲ ਕੇ ਜ਼ੀਰਕਪੁਰ ਤੋਂ ਮਹਿਲਾ ਸਾਥੀ ਜਤਿੰਦਰ ਕੌਰ ਨੂੰ ਆਪਣੇ ਨਾਲ ਲਿਆ ਅਤੇ ਕੋਹਲੀ ਵੱਲੋਂ ਦਿੱਤੇ ਕੱਪੜਿਆਂ ਦੇ ਬੈਗ ਸਮੇਤ CIA ਮਾਨਸਾ ਨੇੜੇ ਛੱਡ ਦਿੱਤਾ। ਪੁਲਿਸ ਟੀਮਾਂ ਗਗਨਦੀਪ ਨੂੰ ਫੜਨ ਲਈ ਛਾਪੇਮਾਰੀ ਕਰ ਰਹੀਆਂ ਹਨ।

ਬਹਿਰਹਾਲ, ਹੁਣ ਦੀਪਕ ਟੀਨੂੰ ਤੋਂ ਪੁੱਛਗਿੱਛ ਦੌਰਾਨ ਇਹ ਜਾਣਨ ਦੀ ਕੋਸ਼ਿਸ਼ ਹੋਵੇਗੀ ਕਿ ਇਸ ਪੂਰੀ ਪਲਾਨਿੰਗ ਵਿੱਚ ਉਸ ਨਾਲ ਹੋਰ ਕੌਣ-ਕੌਣ ਸ਼ਾਮਲ ਸੀ ਅਤੇ 18 ਦਿਨਾਂ ਵਿੱਚ ਉਹ ਕਿਥੇ-ਕਿਥੇ ਰਿਹਾ। ਨਾਲ ਹੀ ਕਈ ਹੋਰ ਖੁਲਾਸੇ ਹੋਣਗੇ, ਜਿਸ ਤੋਂ ਸਾਰੇ ਰਾਜ਼ ਤੋਂ ਪਰਦਾ ਉਠਣ ਦੀ ਉਮੀਦ ਹੈ।

A ਕੈਟੇਗਰੀ ਦਾ ਗੈਂਗਸਟਰ ਹੈ ਦੀਪਕ ਟੀਨੂੰ

ਦੱਸ ਦਈਏ ਕਿ ਦੀਪਕ ਟੀਨੂੰ A ਕੈਟੇਗਰੀ ਦਾ ਗੈਂਗਸਟਰ ਹੈ ਅਤੇ ਲਾਰੈਂਸ ਬਿਸ਼ਨੋਈ ਦਾ ਖਾਸਮਖਾਸ ਹੈ। ਇਸ ‘ਤੇ ਪੰਜਾਬ, ਹਰਿਆਣਾ ਤੇ ਦਿੱਲੀ ਸਮੇਤ ਕਈ ਸੂਬਿਆਂ ਵਿੱਚ ਕਈ ਅਪਰਾਧਿਕ ਮਾਮਲੇ ਦਰਜ ਹਨ। ਦੀਪਕ ਟੀਨੂੰ ਦੀ ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਅਹਿਮ ਭੂਮਿਕਾ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments