ਅੰਮ੍ਰਿਤਸਰ। ਅੰਮ੍ਰਿਤਸਰ ਦੇ ਸਭ ਤੋਂ ਪੌਸ਼ ਇਲਾਕਿਆਂ ‘ਚ ਸ਼ਾਮਲ ਰੰਜੀਤ ਐਵਨਿਊ ‘ਚ ਸ਼ੁੱਕਰਵਾਰ ਸਵੇਰੇ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਇਥੋਂ ਇੱਕ ਹੈਂਡ ਗ੍ਰਨੇਡ ਬਰਾਮਦ ਹੋਇਆ। ਹੈਂਡ ਗ੍ਰਨੇਡ ਮਿਲਣ ਦੀ ਸੂਚਨਾ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਫੈਲ ਗਈ। ਖ਼ਬਰ ਮਿਲਦੇ ਹੀ ਬੰਬ ਨਿਰੋਧਕ ਦਸਤੇ ਦੇ ਨਾਲ ਪੁਲਿਸ ਮੌਕੇ ‘ਤੇ ਪਹੁੰਚੀ।
ਰਿਹਾਇਸ਼ੀ ਇਲਾਕਾ ਹੋਣ ਦੇ ਚਲਦੇ ਇਸ ਗ੍ਰਨੇਡ ਨੂੰ ਇਥੇ ਡਿਫਿਊਜ਼ ਨਹੀਂ ਕੀਤਾ ਗਿਆ। ਬੰਬ ਨੂੰ ਸੁਰੱਖਿਅਤ ਤਰੀਕੇ ਨਾਲ ਕਬਜੇ ‘ਚ ਲਿਆ ਗਿਆ ਅਤੇ ਖਾਲੀ ਇਲਾਕੇ ‘ਚ ਲਿਜਾ ਕੇ ਨਸ਼ਟ ਕੀਤਾ ਗਿਆ।
ਜਾਣਕਾਰੀ ਮੁਤਾਬਕ, ਸਵੇਰੇ ਵੇਲੇ ਨਗਰ ਨਿਗਮ ਦੇ ਕਰਮਚਾਰੀ ਰੰਜੀਤ ਐਵਨਿਊ ‘ਚ ਸਫਾਈ ਕਰ ਰਹੇ ਸਨ। ਇਸੇ ਦੌਰਾਨ ਉਹਨਾਂ ਨੇ ਹੈਂਡ ਗ੍ਰਨੇਡ ਵੇਖਿਆ। ਉਹਨਾਂ ਨੇ ਇਸਦੀ ਸੂਚਨਾ ਆਪਣੇ ਅਫਸਰਾਂ ਨੂੰ ਦਿੱਤੀ, ਜਿਹਨਾਂ ਨੇ ਪੁਲਿਸ ਨੂੰ ਇਸਦੀ ਜਾਣਕਾਰੀ ਦਿੱਤੀ।
ਸੀਐੱਮ ਦੇ ਦੌਰੇ ਤੋਂ ਪਹਿਲਾਂ ਹੜਕੰਪ
15 ਅਗਸਤ ਦੇ ਮੌਕੇ ਇਸ ਵਾਰ ਸੀਐੱਮ ਕੈਪਟਨ ਅਮਰਿੰਦਰ ਸਿੰਘ ਦਾ ਅੰਮ੍ਰਿਤਸਰ ‘ਚ ਤਿਰੰਗਾ ਫਹਿਰਾਉਣ ਦਾ ਪ੍ਰੋਗਰਾਮ ਹੈ। ਉਸੇ ਦਿਨ ਸੀਐੱਮ ਇਥੇ ਕਈ ਵਿਕਾਸ ਕਾਰਜਾਂ ਦਾ ਉਦਘਾਟਨ ਵੀ ਕਰਨਗੇ। ਸੀਐੱਮ ਦੇ ਦੌਰੇ ਤੋਂ ਠੀਕ ਪਹਿਲਾਂ ਸ਼ਹਿਰ ਦੇ ਵਿੱਚ ਹੈਂਡ ਗ੍ਰਨੇਡ ਮਿਲਣਾ ਪੁਲਿਸ ਲਈ ਟੈਂਸ਼ਨ ਵਧਾਉਣ ਵਾਲਾ ਹੈ।
ਸਰਹੱਦ ‘ਤੇ ਮਿਲਿਆ ਸੀ ‘ਟਿਫਿਨ ਬੰਬ’
ਪਾਕਿਸਤਾਨ ਦੀ ਸਰਹੱਦ ਨਾਲ ਸਟੇ ਇਲਾਕੇ ‘ਚ ਕੁਝ ਦਿਨ ਪਹਿਲਾਂ ਗ੍ਰਨੇਡ ਨਾਲ RDX ਬਰਾਮਦ ਹੋਇਆ ਸੀ। ਸ਼ਨੀਵਾਰ ਅਤੇ ਐਤਵਾਰ ਦੀ ਰਾਤ ਸੁੱਟੇ ਗਏ ਇਸ ਬੰਬ ‘ਚ 2-3 ਕਿੱਲੋ RDX ਸੀ, ਜਦਕਿ 5 ਗ੍ਰਨੇਡ ਅਤੇ 9 MM ਦੇ 100 ਤੋਂ ਵੱਧ ਜਿਆਦਾ ਕਾਰਤੂਸ ਵੀ ਬਰਾਮਦ ਹੋਏ ਸਨ। ਇਸ ਮਾਮਲੇ ‘ਚ ਪਾਕਿਸਤਾਨ ਦੀ ਸਾਜਿਸ਼ ਦਾ ਖੁਲਾਸਾ ਹੋਇਆ ਸੀ।
ਹਾਈ ਅਲਰਟ ‘ਤੇ ਪੂਰਾ ਪੰਜਾਬ
15 ਅਗਸਤ ਤੋਂ ਪਹਿਲਾਂ ਇੱਕ ਤੋਂ ਬਾਅਦ ਇੱਕ ਸਾਹਮਣੇ ਆ ਰਹੀਆਂ ਨਾਪਾਕ ਸਾਜਿਸ਼ਾਂ ਦੇ ਚਲਦੇ ਪੰਜਾਬ ਪੁਲਿਸ ਹਾਈ ਅਲਰਟ ‘ਤੇ ਹੈ। ਸਰਹੱਦੀ ਇਲਾਕਿਆਂ ਦੇ ਨਾਲ-ਨਾਲ ਵੱਡੇ ਸ਼ਹਿਰਾਂ ‘ਚ ਵਾਧੂ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ।