Home News MLA 'ਤੇ ਹੋਏ ਹਮਲੇ ਦੀ ਚਹੁੰ-ਤਰਫ਼ਾ ਨਿਖੇਧੀ, BJP ਨੇ ਮੰਗਿਆ ਅਸਤੀਫ਼ਾ

MLA ‘ਤੇ ਹੋਏ ਹਮਲੇ ਦੀ ਚਹੁੰ-ਤਰਫ਼ਾ ਨਿਖੇਧੀ, BJP ਨੇ ਮੰਗਿਆ ਅਸਤੀਫ਼ਾ

ਡੈਸਕ। ਮਲੋਟ ‘ਚ ਬੀਜੇਪੀ ਵਿਧਾਇਕ ਅਰੁਣ ਨਾਰੰਗ ‘ਤੇ ਹੋਏ ਹਮਲੇ ਦੀ ਚਹੁੰ-ਤਰਫ਼ਾ ਨਿਖੇਧੀ ਕੀਤੀ ਜਾ ਰਹੀ ਹੈ। ਨਾ ਸਿਰਫ਼ ਬੀਜੇਪੀ, ਬਲਕਿ ਸੱਤਾਧਿਰ ਕਾਂਗਰਸ, ਅਕਾਲੀ ਦਲ ਸਣੇ ਸੰਯੁਕਤ ਕਿਸਾਨ ਮੋਰਚੇ ਨੇ ਵੀ ਹਮਲੇ ਦੀ ਨਿਖੇਧੀ ਕੀਤੀ ਹੈ।

ਅਜਿਹੀ ਹਿੰਸਾ ਬਰਦਾਸ਼ਤ ਨਹੀਂ: CM

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਲੋਟ ‘ਚ ਹੋਈ ਘਟਨਾ ਦੀ ਸਖਤ ਨਿਖੇਧੀ ਕਰਦਿਆਂ ਚੇਤਾਵਨੀ ਦਿੱਤੀ ਹੈ ਕਿ ਜੋ ਵੀ ਸੂਬੇ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰੇਗੀ, ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਪ੍ਰਦਰਸ਼ਨ ਕਰਨਾ ਕਿਸਾਨਾਂ ਦਾ ਲੋਕਤਾਂਤਰਿਕ ਹੱਕ ਹੈ, ਪਰ ਅਜਿਹੀ ਹਿੰਸਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਕਿਸੇ ਕੀਮਤ ‘ਤੇ ਸੂਬੇ ਦੇ ਅਮਨ-ਕਾਨੂੰਨ ਦੀ ਸ਼ਾਂਤੀ ਭੰਗ ਨਹੀਂ ਹੋਣ ਦਿੱਤੀ ਜਾਵੇਗੀ।

ਸੰਯੁਕਤ ਕਿਸਾਨ ਮੋਰਚੇ ਦਾ ਬਿਆਨ

ਸੰਯੁਕਤ ਕਿਸਾਨ ਮੋਰਚੇ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ, “ਇੱਕ ਚੁਣੇ ਹੋਏ ਨੁਮਾਇੰਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਅਫਸੋਸ ਦੀ ਗੱਲ ਹੈ। ਅਸੀਂ ਇਸ ਘਟਨਾ ਦੀ ਨਿਖੇਧੀ ਕਰਦੇ ਹਾਂ, ਪਰ ਅਜਿਹੇ ਵਿਵਹਾਰ ਨੂੰ ਉਤਸ਼ਾਹਿਤ ਨਹੀਂ ਕਰਦੇ। ਪਰ ਅਸੀਂ ਇਸ ਘਟਨਾ ਲਈ ਬੀਜੇਪੀ ਅਤੇ ਉਸਦੀ ਸਹਿਯੋਗੀ ਪਾਰਟੀਆਂ ਦੇ ਆਗੂਆਂ ਨੂੰ ਜ਼ਿੰਮੇਵਾਰ ਮੰਨਦੇ ਹਾਂ। ਬੀਜੇਪੀ ਦੀ ਕੇਂਦਰੀ ਲੀਡਰਸ਼ਿਪ ਆਪਣੇ ਹੰਕਾਰ ‘ਤੇ ਅੜੀ ਹੋਈ ਹੈ ਅਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦੀ ਬਜਾਏ ਚੋਣ ਵਾਲੇ ਰਾਜਾਂ ‘ਚ ਰੁੱਝੀ ਹੋਈ ਹੈ। ਬੀਜੇਪੀ ਦੇ ਸਥਾਨਕ ਆਗੂ ਸਰਕਾਰ ਦੇ ਇਸ ਵਤੀਰੇ ਦੀ ਮਾਰ ਝੱਲ ਰਹੇ ਹਨ।”

 BJP ਨੇ ਮੰਗਿਆ CM ਦਾ ਅਸਤੀਫ਼ਾ

ਓਧਰ ਬੀਜੇਪੀ ਨੇ ਇਸ ਘਟਨਾ ਨੂੰ ਲੈ ਕੇ ਸੂਬੇ ਦੀ ਕਾਨੂੰਨ-ਵਿਵਸਥਾ ‘ਤੇ ਸਵਾਲ ਖੜ੍ਹੇ ਕੀਤੇ ਹਨ। ਪੰਜਾਬ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਬਿਆਨ ਜਾਰੀ ਕਰ ਕਿਹਾ ਗਿਆ ਕਿ ਇਹ ਅਰੁਣ ਨਾਰੰਗ ‘ਤੇ ਹੋਇਆ ਹਮਲਾ ਸ਼ਰਮਨਾਕ ਹੈ। ਸੂਬਾ ਸਰਕਾਰ ਕਾਨੂੰਨ-ਵਿਵਸਥਾ ਬਣਾਏ ਰੱਖਣ ‘ਚ ਪੂਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ ਹੈ। ਉਹਨਾਂ ਅੱਗੇ ਕਿਹਾ, “ਦੇਸ਼ ਦੇ ਇਤਿਹਾਸ ‘ਚ ਪਹਿਲਾਂ ਕਦੇ ਵੀ ਅਜਿਹੀ ਘਟਨਾ ਨਹੀਂ ਹੋਈ। ਜੇਕਰ ਪੁਲਿਸ ਹੀ ਚੁਣੇ ਹੋਏ ਵਿਧਾਇਕ ਦੀ ਸੁਰੱਖਿਆ ਨਹੀਂ ਕਰ ਸਕਦੀ, ਤਾਂ ਇੱਕ ਆਮ ਇਨਸਾਨ ਦਾ ਕੀ ਹੋਵੇਗਾ। ਵਿਧਾਇਕ ਦਾ ਕਸੂਰ ਸਿਰਫ਼ ਇੰਨਾ ਹੀ ਸੀ ਕਿ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਕੁਸ਼ਾਸਨ ਦੇ 4 ਸਾਲਾਂ ‘ਤੇ ਪ੍ਰੈੱਸ ਕਾਨਫ਼ਰੰਸ ਰੱਖੀ ਸੀ।”

ਬੀਜੇਪੀ ਪ੍ਰਧਾਨ ਨੇ ਕੈਪਟਨ ‘ਤੇ ਹਮਲਾ ਬੋਲਦਿਆਂ ਕਿਹਾ ਕਿ ਉਹਨਾਂ ਨੂੰ ਮੁੱਖ ਮੰਤਰੀ ਬਣੇ ਰਹਿਣ ਦਾ ਕੋਈ ਹੱਕ ਨਹੀਂ ਅਤੇ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ। ਉਹਨਾਂ ਅੱਗੇ ਕਿਹਾ, “ਕੈਪਟਨ ਨੇ ਸ਼ਰਾਰਤੀ ਅਨਸਰਾਂ ਨੂੰ ਉਤਸ਼ਾਹਿਤ ਕੀਤਾ ਹੈ, ਜੋ ਕਿਸਾਨਾਂ ਦੀ ਆੜ ‘ਚ ਬੀਜੇਪੀ ਆਗੂਆਂ ਅਤੇ ਵਰਕਰਾਂ ‘ਤੇ ਗੁੰਡਿਆਂ ਵਾਂਗ ਹਮਲੇ ਕਰ ਰਹੇ ਹਨ। ਪੰਜਾਬ ਦਾ ਕੋਈ ਵੀ ਕਿਸਾਨ ਇਸ ਹੱਦ ਤੱਕ ਨਹੀਂ ਡਿੱਗ ਸਕਦਾ। ਇਹ ਗੁੰਡੇ ਹੀ ਹਨ, ਜਿਹਨਾਂ ਦਾ ਬੇਕਸੂਰਾਂ ਨੂੰ ਡਰਾਉਣ ਅਤੇ ਪਰੇਸ਼ਾਨ ਕਰਨ ਲਈ ਕਾਂਗਰਸ ਪਾਰਟੀ ਇਸਤੇਮਾਲ ਕਰ ਰਹੀ ਹੈ।”

ਅਕਾਲੀ ਦਲ ਵੱਲੋਂ ਨਿਰਪੱਖ ਜਾਂਚ ਦੀ ਮੰਗ

ਸਾਲਾਂ ਤੱਕ ਬੀਜੇਪੀ ਦੀ ਸਹਿਯੋਗੀ ਰਹੀ ਸ਼੍ਰੋਮਣੀ ਅਕਾਲੀ ਦਲ ਨੇ ਵੀ ਵਿਧਾਇਕ ‘ਤੇ ਹੋਏ ਹਮਲੇ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਬਿਆਨ ਜਾਰੀ ਕਰ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਗਈ ਹੈ। ਸੁਖਬੀਰ ਬਾਦਲ ਨੇ ਪੁਲਿਸ ਦੀ ਅਲੋਚਨਾ ਕਰਦਿਆਂ ਕਿਹਾ ਕਿ ਇੱਕ ਚੁਣੇ ਹੋਏ ਨੁਮਾਇੰਦੇ ਦੇ ਮਾਣ-ਸਨਮਾਨ ਦੀ ਰਾਖੀ ਕਰਨ ‘ਚ ਪੁਲਿਸ ਅਸਫਲ ਰਹੀ ਹੈ ਅਤੇ ਇਸਦੀ ਜ਼ਿੰਮੇਵਾਰੀ ਤੈਅ ਕਰਨ ਲਈ ਘਟਨਾ ਦੀ ਨਿਰਪੱਖ ਜਾਂਚ ਕਰਵਾਈ ਜਾਵੇ।

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਿੰਸਾ ਦੀ ਸੱਭਿਅਕ ਸਮਾਜ ਵਿਚ ਕੋਈ ਥਾਂ ਨਹੀਂ ਹੈ ਤੇ ਅਜਿਹੀਆਂ ਕਾਰਵਾਈਆਂ ਕਿਸਾਨ ਸੰਘਰਸ਼ ਨੁੰ ਕਮਜ਼ੋਰ ਕਰਨਗੀਆਂ। ਉਹਨਾਂ ਕਿਹਾ ਕਿ ਜਿਸ ਤਰੀਕੇ ਮਲੋਟ ਵਿਚ ਰੋਸ ਪ੍ਰਦਰਸ਼ਨ ਹੱਥੋਂ ਬਾਹਰ ਹੋ ਗਿਆ, ਇਹ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਹਰ ਕਿਸੇ ਨੁੰ ਆਪਣੇ ਵਿਚਾਰ ਰੱਖਣ ਦਾ ਹੱਕ ਹੈ, ਪਰ ਆਪਣੇ ਵਿਚਾਰ ਇਸ ਤਰੀਕੇ ਰੱਖੇ ਜਾਣੇ ਚਾਹੀਦੇ ਹਨ ਕਿ ਕਿਸੇ ਹੋਰ ਦੀਆਂ ਭਾਵਨਾਵਾਂ ਨੂੰ ਸੱਟ ਨਾ ਵੱਜੇ।

ਵਿਧਾਨ ਸਭਾ ਸਪੀਕਰ ਨੇ ਮੰਗੀ ਰਿਪੋਰਟ

ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਸੂਬੇ ਦੇ DGP ਨੂੰ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਕਰਨ ਲਈ ਕਿਹਾ ਹੈ। ਉਨਾਂ ਡੀਜੀਪੀ ਤੋਂ ਇਸ ਘਟਨਾ ਅਤੇ ਕੀਤੀ ਗਈ ਕਾਰਵਾਈ ਬਾਰੇ ਸਮਾਂਬੱਧ ਰਿਪੋਰਟ ਮੰਗੀ ਹੈ। ਵਿਧਾਨ ਸਭਾ ਸਪੀਕਰ ਨੇ ਕਿਹਾ ਕਿ ਇਹ ਸਿਰਫ਼ ਨਾ-ਬਰਦਾਸ਼ਤ ਯੋਗ ਹੀ ਨਹੀਂ ਬਲਕਿ ਬਹੁਤ ਨਿੰਦਣਯੋਗ ਵੀ ਹੈ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨਾਲ ਬੁਰੀ ਤਰਾਂ ਕੁੱਟਮਾਰ ਕੀਤੀ ਗਈ। ਉਹਨਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਦਾ ਮਕਸਦ ਕਿਸਾਨਾਂ ਦੇ ਅੰਦੋਲਨ ਨੂੰ ਬਦਨਾਮ ਅਤੇ ਕਮਜ਼ੋਰ ਕਰਨਾ ਹੈ। ਅਸੀਂ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥਾਂ ਵਿੱਚ ਲੈਣ ਦੀ ਆਗਿਆ ਨਹੀਂ ਦਵਾਂਗੇ।

 

RELATED ARTICLES

LEAVE A REPLY

Please enter your comment!
Please enter your name here

Most Popular

Recent Comments