ਬਿਓਰੋ। ਹੁਸ਼ਿਆਰਪੁਰ ਪੁਲਿਸ ਨੇ ਉੱਤਰ ਪ੍ਰਦੇਸ਼ ਤੋਂ ਇਕ ਨਾਮੀ ਗੈਂਗਸਟਰ ਤੇ ਉਸਦੇ 2 ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਵੱਲੋਂ ਜਾਰੀ ਬਿਆਨ ਮੁਤਾਬਕ, ਦੋਆਬਾ ਏਰੀਆ ਦੇ A ਕੈਟੇਗਰੀ ਦੇ ਗੈਂਗਸਟਰ ਗੁਰਜਿੰਦਰ ਸਿੰਘ ਉਰਫ ਸੋਨੂੰ ਰੋੜਮਜਾਰੀਆ ਅਤੇ ਇਸਦੇ ਸਾਥੀਆਂ ਯੋਗੇਸ਼ ਕੁਮਾਰ ਉਰਫ ਮੋਨੂੰ ਅਤੇ ਗੁਰਜੀਤ ਸਿੰਘ ਨੂੰ ਉੱਤਰ ਪ੍ਰਦੇਸ਼ ਦੇ ਤਿਲਹਰ ਤੋਂ ਫੜਿਆ ਗਿਆ ਹੈ। ਪੁਲਿਸ ਨੇ ਇਹਨਾਂ ਪਾਸੋਂ 7 ਪਿਸਟਲ ਸਮੇਤ 18 ਰਾਊਂਡ ਜਿੰਦਾ ਵੀ ਬਰਾਮਦ ਕੀਤੇ ਹਨ।
ਪੁਲਿਸ ਮੁਤਾਬਕ, ਗੁਰਜਿੰਦਰ ਸਿੰਘ ਉਰਫ ਸੋਨੂੰ ਰੋੜਮਜਾਰੀਆਂ ਕਪੂਰਥਲਾ ਜੇਲ੍ਹ ‘ਚ ਖਤਰਨਾਕ ਗੈਂਗਸਟਰ ਪ੍ਰੀਤ ਸੇਖੋਂ ਨਾਲ ਰਿਹਾ ਸੀ, ਜਿਸਨੇ ਜਿਲ੍ਹਾ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਏਰੀਆ ਵਿੱਚ ਕਤਲ ਅਤੇ ਸ਼ਰੇਆਮ ਗੋਲੀਆਂ ਚਲਾਕੇ ਕਾਫੀ ਦਹਿਸ਼ਤ ਮਚਾਈ ਹੋਈ ਸੀ। ਇਹਨਾਂ ਦੋਵਾਂ ਨੇ ਮਿਲਕੇ ਗੜਸ਼ੰਕਰ ‘ਚ ਧਰਮਿੰਦਰ ਸਿੰਘ ਅੰਮ੍ਰਿਤਸਰ ‘ਚ ਜੱਗਾ ਬਾਉਂਸਰ ਨਾਮ ਦੇ ਵਿਅਕਤੀ ਦਾ ਕਤਲ ਕੀਤਾ ਸੀ। ਪੁਲਿਸ ਨੇ ਇਹਨਾਂ ਤਿੰਨਾਂ ਨੂੰ ਗੜਸ਼ੰਕਰ ਅਦਾਲਤ ਵਿੱਚ ਪੇਸ਼ ਕਰਕੇ 5 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।
ਸੋਨੂੰ ਦੇ ਖਿਲਾਫ 5 ਮੁਕੱਦਮੇ ਥਾਣਾ ਗੜਸ਼ੰਕਰ ਅਤੇ 1 ਮੁਕੱਦਮਾ ਜਿਲ੍ਹਾ ਅਮ੍ਰਿਤਸਰ ਵਿਖੇ ਦਰਜ ਹੈ। ਇਸ ਤੋਂ ਇਲਾਵਾ ਪਿੰਡ ਕੁੱਕੜ ਮਜਾਰਾ ਵਿਖੇ ਪੈਟਰੋਲ ਪੰਪ ਦੀ ਹੋਈ ਭੰਨ ਤੋੜ ਵਿੱਚ ਅਤੇ ਪਿੰਡ ਗੜੀ ਮੋਟੇ ਵਿੱਖੇ ਗੋਲੀ ਚੱਲਣ ਵਾਲੀ ਘਟਨਾ ਵਿੱਚ ਵੀ ਸੋਨੂੰ ਦਾ ਨਾਮ ਸਾਹਮਣੇ ਆ ਰਿਹਾ ਹੈ , ਜਿਸ ਸਬੰਧੀ ਵੀ ਸੋਨੂੰ ਰੋੜਮਜਾਰੀਆਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।