ਬਿਓਰੋ। ਕੇਂਦਰੀ ਖਜਾਨਾ ਮੰਤਰੀ ਨਿਰਮਲਾ ਸੀਤਾਰਮਣ ਵੱਲੋਂ ਦੇਸ਼ ਦਾ ਬਜਟ ਪੇਸ਼ ਕਰਦਿਆਂ ਕਈ ਵੱਡੇ ਐਲਾਨ ਕੀਤੇ ਗਏ। ਇਹਨਾਂ ਵਿੱਚ ਸਭ ਤੋਂ ਅਹਿਮ ਹੈ- ਡਿਜੀਟਲ ਕਰੰਸੀ। ਭਾਰਤ ਇਸ ਸਾਲ ਆਪਣੀ ਡਿਜੀਟਲ ਕਰੰਸੀ ਲਾਂਚ ਕਰਨ ਜਾ ਰਿਹਾ ਹੈ, ਜਿਸਦੇ ਲਈ ਰਿਜ਼ਰਵ ਬੈਂਕ ਆਫ ਇੰਡੀਆ ਨੇ ਪੂਰੀ ਤਿਆਰੀ ਕਰ ਲਈ ਹੈ। ਇਹ ਡਿਜੀਟਲ ਕਰੰਸੀ ਵੀ ਦੁਨੀਆ ਭਰ ‘ਚ ਚੱਲ ਰਹੀ ਬਿਟਕੁਆਇਨ ਅਤੇ ਕ੍ਰਿਪਟੋ ਕਰੰਸੀ ਵਾਂਗ ਹੀ ਬਲਾਕ ਚੇਨ ਅਤੇ ਹੋਰ ਕ੍ਰਿਪਟੋ ਤਕਨੀਕਾਂ ‘ਤੇ ਅਧਾਰਤ ਹੋਵੇਗੀ।
ਖਜਾਨਾ ਮੰਤਰੀ ਨੇ ਕਿਹਾ ਕਿ ਡਿਜੀਟਲ ਕਰੰਸੀ ਆਉਣ ਤੋਂ ਬਾਅਦ ਦੇਸ਼ ਦੀ ਅਰਥਵਿਵਸਥਾ ਨੂੰ ਵੱਡਾ ਬੂਸਟ ਮਿਲਣ ਦੀ ਸੰਭਾਵਨਾ ਹੈ। ਇਸ ਨਾਲ ਇਕੋਨਾਮੀ ਦੇ ਡਿਜੀਟਾਈਜੇਸ਼ਨ ਨੂੰ ਵੀ ਤੇਜੀ ਮਿਲੇਗੀ।
ਡਿਜੀਟਲ ਕਰੰਸੀ ਲਾਂਚ ਕਰਨ ਦੇ ਇਸ ਐਲਾਨ ਤੋਂ ਬਾਅਦ ਦੇਸ਼ਵਾਸੀਆਂ ਦੇ ਮਨ ਵਿੱਚ ਕਈ ਤਰ੍ਹਾਂ ਦੇ ਸਵਾਲ ਉਠਣੇ ਲਾਜ਼ਮੀ ਹਨ ਜਿਵੇਂ ਕਿ ਇਹ ਕਰੰਸੀ ਨੋਟ ਅਤੇ ਡਿਜੀਟਲ ਪੇਮੈਂਟ ਤੋਂ ਕਿਸ ਤਰ੍ਹਾਂ ਵੱਖ ਹੈ? ਇਸ ਨਾਲ ਕੀ ਫਾਇਦਾ ਹੋਵੇਗਾ? ਇਸ ਤਰ੍ਹਾਂ ਦੇ ਸਾਰੇ ਸਵਾਲਾਂ ਦੇ ਜਵਾਬ ਇਸ ਰਿਪੋਰਟ ਵਿੱਚ ਦੇਣ ਦੀ ਕੋਸ਼ਿਸ਼ ਕਰਦੇ ਹਾਂ।
ਕਰੰਸੀ ਨੋਟ ਤੋਂ ਕਿਸ ਤਰ੍ਹਾਂ ਵੱਖ ਹੈ ਡਿਜੀਟਲ ਕਰੰਸੀ?
ਸੈਂਟਰਲ ਬੈਂਕ ਡਿਜੀਟਲ ਕਰੰਸੀ ਯਾਨੀ CBDC ਕੈਸ਼ ਦਾ ਇਲੈਕਟ੍ਰਾਨਿਕ ਰੂਪ ਹੈ। ਜਿਵੇਂ ਅਸੀਂ ਕੈਸ਼ ਦਾ ਲੈਣ-ਦੇਣ ਕਰਦੇ ਹਾਂ, ਠੀਕ ਉਸੇ ਤਰ੍ਹਾਂ ਅਸੀਂ ਡਿਜੀਟਲ ਕਰੰਸੀ ਦਾ ਵੀ ਲੈਣ-ਦੇਣ ਕਰ ਸਕਾਂਗੇ। CBDC ਕੁਝ ਹੱਦ ਤੱਕ ਕ੍ਰਿਪਟੋ ਕਰੰਸੀ (ਬਿਟਕੁਆਇਨ ਜਾਂ ਈਥਰ ਵਰਗੀ) ਵਾਂਗ ਕੰਮ ਕਰਦੀ ਹੈ। ਇਸ ਨਾਲ ਟ੍ਰਾਂਜੈਕਸ਼ਨ ਬਿਨ੍ਹਾਂ ਕਿਸੇ ਵਿਚੋਲੇ ਜਾਂ ਬੈਂਕ ਦੇ ਹੋ ਸਕੇਗਾ।
ਡਿਜੀਟਲ ਪੇਮੈਂਟ ਤੋਂ ਕਿਸ ਤਰ੍ਹਾਂ ਵੱਖ ਹੈ ਡਿਜੀਟਲ ਕਰੰਸੀ?
ਡਿਜੀਟਲ ਕਰੰਸੀ ਬਾਰੇ ਸੁਣ ਕੇ ਕਈ ਲੋਕਾਂ ਨੂੰ ਲੱਗ ਰਿਹਾ ਹੋਵੇਗਾ ਕਿ ਇਹ ਬਿਲਕੁੱਲ ਡਿਜੀਟਲ ਪੇਮੈਂਟ ਦੀ ਹੀ ਤਰ੍ਹਾਂ ਕੰਮ ਕਰੇਗਾ, ਪਰ ਅਜਿਹਾ ਨਹੀਂ ਹੈ। ਇਹ ਡਿਜੀਟਲ ਪੇਮੈਂਟ ਤੋਂ ਪੂਰੀ ਤਰ੍ਹਾਂ ਵੱਖ ਹੈ। ਵਧੇਰੇਤਰ ਡਿਜੀਟਲ ਟ੍ਰਾਂਜੈਕਸ਼ਨ ‘ਚੈੱਕ’ ਦੀ ਤਰ੍ਹਾਂ ਕੰਮ ਕਰਦੇ ਹਨ। ਤੁਸੀਂ ਬੈਂਕ ਨੂੰ ਨਿਰਦੇਸ਼ ਦਿੰਦੇ ਹੋ ਕਿ ਤੁਹਾਡੇ ਅਕਾਊਂਟ ਵਿੱਚ ਜਮ੍ਹਾਂ ਰਾਸ਼ੀ ਤੋਂ ਪੇਮੈਂਟ ਜਾਂ ਟ੍ਰਾਂਜੈਕਸ਼ਨ ਕਿਸੇ ਦੂਜੇ ਨੂੰ ਕਰ ਦਿੱਤੀ ਜਾਵੇ। ਹਰ ਡਿਜੀਟਲ ਟ੍ਰਾਂਜੈਕਸ਼ਨ ਵਿੱਚ ਕਈ ਸੰਸਥਾਵਾਂ ਜਾਂ ਲੋਕ ਸ਼ਾਮਲ ਹੁੰਦੇ ਹਨ, ਜੋ ਇਸ ਪ੍ਰਕਿਰਿਆ ਨੂੰ ਪੂਰਾ ਕਰਦੇ ਹਨ।
ਮਿਸਾਲ ਦੇ ਤੌਰ ‘ਤੇ, ਜਦੋਂ ਤੁਸੀਂ ਕਿਸੇ ਨੂੰ ਆਪਣੇ ਡੈਬਿਟ ਜਾਂ ਕ੍ਰੈਡਿਟ ਕਾਰਡ ਤੋਂ ਪੇਮੈਂਟ ਕਰਦੇ ਹੋ, ਤਾਂ ਤੁਹਾਨੂੰ ਲੱਗਦਾ ਹੋਵੇਗਾ ਕਿ ਪੇਮੈਂਟ ਉਸੇ ਵਕਤ ਸਾਹਮਣੇ ਵਾਲੇ ਨੂੰ ਮਿਲ ਗਈ। ਜਦਕਿ ਅਜਿਹਾ ਨਹੀਂ ਹੈ। ਡਿਜੀਟਲ ਪੇਮੈਂਟ ਸਾਹਮਣੇ ਵਾਲੇ ਦੇ ਅਕਾਊਂਟ ਵਿੱਚ ਪਹੁੰਚਣ ਲਈ ਇੱਕ ਮਿੰਟ ਤੋਂ 48 ਘੰਟੇ ਤੱਕ ਦਾ ਸਮਾਂ ਲੈਂਦੀ ਹੈ। ਯਾਨੀ ਪੇਮੈਂਟ ਤਤਕਾਲ ਨਹੀਂ ਹੁੰਦੀ, ਉਸਦੀ ਇੱਕ ਪ੍ਰਕਿਰਿਆ ਹੈ।
ਸਾਫ਼ ਹੈ ਕਿ ਫਿਲਹਾਲ ਜੋ ਡਿਜੀਟਲ ਟ੍ਰਾਂਜੈਕਸ਼ਨ ਹੋ ਰਹੀ ਹੈ, ਉਹ ਕਿਸੇ ਬੈਂਕ ਖਾਤੇ ਵਿੱਚ ਜਮ੍ਹਾਂ ਪੈਸਿਆਂ ਦਾ ਟਰਾਂਸਫਰ ਹੈ, ਪਰ CBDC ਕਰੰਸੀ ਨੋਟਾਂ ਦੀ ਜਗ੍ਹਾ ਲੈਣਗੇ।
ਕਿਸ ਤਰ੍ਹਾਂ ਕੀਤਾ ਜਾ ਸਕੇਗਾ ਲੈਣ-ਦੇਣ?
ਰਿਜ਼ਰਵ ਬੈਂਕ ਤੋਂ ਤੁਹਾਨੂੰ ਡਿਜੀਟਲ ਕਰੰਸੀ ਦਿੱਤੀ ਜਾਵੇਗੀ। ਇਸ ਤੋਂ ਬਾਅਦ ਤੁਸੀਂ ਜਿਸ ਨੂੰ ਪੇਮੈਂਟ ਜਾਂ ਟਰਾਂਸਫਰ ਕਰੋਗੇ, ਇਹ ਕਰੰਸੀ ਉਸ ਕੋਲ ਪਹੁੰਚ ਜਾਵੇਗੀ। ਇਹ ਕਰੰਸੀ ਨਾ ਤਾਂ ਕਿਸੇ ਵਾਲੇਟ ਵਿੱਚ ਜਾਵੇਗੀ ਅਤੇ ਨਾ ਹੀ ਕਿਸੇ ਬੈਂਕ ਅਕਾਊਂਟ ਵਿੱਚ। ਇਹ ਬਿਲਕੁੱਲ ਕੈਸ਼ ਦੀ ਹੀ ਤਰ੍ਹਾਂ ਕੰਮ ਕਰੇਗੀ, ਪਰ ਡਿਜੀਟਲ ਹੋਵੇਗੀ।
ਡਿਜੀਟਲ ਕਰੰਸੀ ਨਾਲ ਕੀ ਫਾਇਦਾ ਹੋਵੇਗਾ?
ਜਦੋਂ ਡਿਜੀਟਲ ਕਰੰਸੀ, ਕਰੰਸੀ ਨੋਟਾਂ ਦੀ ਜਗ੍ਹਾ ਲੈ ਲਏਗੀ, ਤਾਂ ਇਸ ਨਾਲ ਕਈ ਫਾਇਦੇ ਹੋਣਗੇ। ਜਿਵੇਂ ਕਿ:-
ਕੈਸ਼ਲੈੱਸ ਇਕੋਨਾਮੀ- ਕੇਸ਼ ‘ਤੇ ਨਿਰਭਰਤਾ ਕਾਫੀ ਹੱਦ ਤੱਕ ਘੱਟ ਹੋ ਜਾਵੇਗੀ।
ਕੌਸਟ ਇਫੈਕਟਿਵ- ਕਰੰਸੀ ਨੋਟ ਛਾਪੇ ਜਾਣ ਅਤੇ ਟਰਾਂਸਪੋਰਟੇਸ਼ਨ ਦਾ ਖਰਚ ਬਚੇਗਾ।
ਸੈਟਲਮੈਂਟ ਤੇਜ਼ ਹੋਵੇਗਾ- ਡਿਜੀਟਲ ਕਰੰਸੀ ਨਾਲ ਟ੍ਰਾਂਜੈਕਸ਼ਨ ਜਲਦੀ ਪੂਰੇ ਹੋਣਗੇ।
ਭ੍ਰਿਸ਼ਟਾਚਾਰ- ਕਰੰਸੀ ਦੀ ਟ੍ਰੈਕਿੰਗ ਹੋਵੇਗੀ, ਜਿਸ ਨਾਲ ਉਸ ਨੂੰ ਲੁਕਾਇਆ ਨਹੀਂ ਜਾ ਸਕੇਗਾ। ਲਿਹਾਜਾ ਭ੍ਰਿਸ਼ਟਾਚਾਰ ‘ਤੇ ਨਕੇਲ ਕਸੇਗੀ।
ਡਿਜੀਟਲ ਕਰੰਸੀ ਬਿਟਕੁਆਇਨ ਵਰਗੀ ਕ੍ਰਿਪਟੋ ਕਰੰਸੀ ਤੋਂ ਕਿਵੇਂ ਵੱਖ ਹੋਵੇਗੀ?
ਡਿਜੀਟਲ ਕਰੰਸੀ ਦਾ ਕੰਸੈਪਟ ਨਵਾਂ ਨਹੀਂ ਹੈ। ਇਹ ਬਿਟਕੁਆਉਇਨ ਵਰਗੀ ਕ੍ਰਿਪਟੋ ਕਰੰਸੀ ਤੋਂ ਬੀ ਆਇਆ ਹੈ, ਜੋ 2009 ਵਿੱਚ ਲਾਂਚ ਹੋ ਗਈ ਸੀ। ਇਸ ਤੋਂ ਬਾਅਦ ਈਥਰ, ਡੌਗੇਕੁਆਇਨ ਤੋਂ ਲੈ ਕੇ ਦਰਜਨਾਂ ਕ੍ਰਿਪਟੋ ਕਰੰਸੀ ਲਾਂਚ ਹੋ ਚੁੱਕੀਆਂ ਹਨ। ਪਿਛਲੇ ਕਈ ਸਾਲਾਂ ਦੌਰਾਨ ਇਹ ਇੱਕ ਨਵੇਂ ਏਸੇਟ ਕਲਾਸ ਦੇ ਰੂਪ ਵਿੱਚ ਵਿਕਸਿਤ ਹੋਈ ਹੈ, ਜਿਸ ਵਿੱਚ ਲੋਕ ਇਨਵੈਸਟ ਕਰ ਰਹੇ ਹਨ।
ਪ੍ਰਾਈਵੇਟ ਕ੍ਰਿਪਟੋ ਕਰੰਸੀ ਪ੍ਰਾਈਵੇਟ ਲੋਕ ਜਾਂ ਕੰਪਨੀਆਂ ਜਾਰੀ ਕਰਦੀਆਂ ਹਨ। ਇਸ ਨਾਲ ਮਾਨੀਟਰਿੰਗ ਨਹੀਂ ਹੁੰਦੀ। ਗੁੰਮਨਾਮ ਰਹਿ ਕੇ ਵੀ ਲੋਕ ਟ੍ਰਾਜੈਕਸ਼ਨ ਕਰ ਰਹੇ ਹਨ, ਜਿਸ ਨਾਲ ਦਹਿਸ਼ਤਵਾਦੀ ਘਟਨਾਵਾਂ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਕ੍ਰਿਪਟੋ ਕਰੰਸੀ ਦਾ ਇਸਤੇਮਾਲ ਹੋ ਰਿਹਾ ਹੈ। ਇਹਨਾਂ ਵਿੱਚ ਕਿਸੇ ਵੀ ਕੇਂਦਰੀ ਬੈਂਕ ਦਾ ਸੁਪੋਰਟ ਨਹੀਂ ਹੈ। ਇਹ ਕਰੰਸੀ ਲਿਮਟਿਡ ਹੈ, ਇਸ ਕਾਰਨ ਸਪਲਾਈ ਅਤੇ ਡਿਮਾਂਡ ਦੇ ਮੁਤਾਬਕ ਇਸਦੀ ਕੀਮਤ ਘਟਦੀ-ਵਧਦੀ ਹੈ।
ਡਿਜੀਟਲ ਕਰੰਸੀ ਨੂੰ ਕਿਉਂਕਿ ਰਿਜ਼ਰਵ ਬੈਂਕ ਲਾਂਚ ਕਰ ਰਿਹਾ ਹੈ, ਤਾਂ ਇਸ ਵਿੱਚ ਨਾ ਤਾਂ ਕੁਆਇਂਟੀ ਦੀ ਮਿਆਦ ਹੈ, ਨਾ ਹੀ ਫਾਈਨੈਂਸ਼ੀਅਲ ਅਤੇ ਮੌਦ੍ਰਿਕ ਸਥਿਰਤਾ ਦਾ ਮੁੱਦਾ। ਇੱਕ ਰੁਪਏ ਦਾ ਸਿੱਕਾ ਅਤੇ ਡਿਜੀਟਲ ਰੁਪਈਆ ਬਰਾਬਰ ਤਾਕਤ ਰਖਦਾ ਹੈ, ਪਰ ਡਿਜੀਟਲ ਰੁਪਏ ਦੀ ਮਾਨੀਟਰਿੰਗ ਹੋ ਸਕੇਗੀ ਅਤੇ ਰਿਜ਼ਰਵ ਬੈਂਕ ਨੂੰ ਇਹ ਪਤਾ ਹੋਵੇਗਾ ਕਿ ਕਿਸ ਕੋਲ ਕਿੰਨੇ ਪੈਸੇ ਹਨ।
RBI ਨੇ ਡਿਜੀਟਲ ਕਰੰਸੀ ‘ਤੇ ਕੀ ਕੰਮ ਕੀਤਾ ਹੈ?
ਭਾਰਤ ਵਿੱਚ 2-3 ਸਾਲਾਂ ਤੋਂ ਡਿਜੀਟਲ ਕਰੰਸੀ ‘ਤੇ ਗੱਲ ਹੋ ਰਹੀ ਹੈ, ਪਰ ਰਿਜ਼ਰਵ ਬੈਂਕ ਨੇ ਨਾ ਤਾਂ ਕੋਈ ਰਿਸਰਚ ਪਬਲਿਸ਼ ਕੀਤੀ ਹੈ ਤੇ ਨਾ ਹੀ ਕੋਈ ਪਾਇਲਟ ਪ੍ਰੋਜੈਕਟ ਲਾਂਚ ਕੀਤਾ ਹੈ। ਰਿਜ਼ਰਵ ਬੈਂਕ ਦਾ ਡਿਜੀਟਲ ਪੇਮੈਂਟਸ ਦਾ ਵੈੱਬਪੇਜ ਦੱਸਦਾ ਹੈ ਕਿ CBDC ਦੇ ਵਿਕਲਪਾਂ ਦੀ ਪੜਤਾਲ ਜਾਰੀ ਹੈ।
ਸਮੱਸਿਆ ਇਹ ਵੀ ਹੈ ਕਿ ਕਿਸੇ ਵੀ ਦੇਸ਼ ਵਿੱਚ ਵੱਡੇ ਪੱਧਰ ‘ਤੇ ਡਿਜੀਟਲ ਕਰੰਸੀ ਜਾਰੀ ਨਹੀਂ ਹੈ। ਚੀਨ ਵਿੱਚ ਵੀ ਪਾਇਲਟ ਪ੍ਰੋਜੈਕਟ ਹੀ ਚੱਲ ਰਹੇ ਹਨ। ਇਸ ਕਾਰਨ ਕੋਈ ਮਾਡਲ ਸਾਹਮਣੇ ਨਹੀਂ ਹੈ, ਜਿਸ ਨੂੰ ਵੇਖ ਕੇ ਕੰਮ ਕੀਤਾ ਜਾ ਸਕੇ ਅਤੇ ਉਸ ਨੂੰ ਅਪਣਾਇਆ ਜਾ ਸਕੇ। ਚੀਨ ਨੇ ਡਿਜੀਟਲ ਯੁਆਨ ਦੇ ਪੇਟੈਂਟ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ।
ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕੁਝ ਮਹੀਨੇ ਪਹਿਲਾਂ ਕਿਹਾ ਸੀ ਕਿ ਡਿਜੀਟਲ ਕਰੰਸੀ ‘ਤੇ ਸਾਡਾ ਕੰਮ ਚੱਲ ਰਿਹਾ ਹੈ, ਪਰ ਟੈਕਨੋਲੋਜੀਕਲ ਇਨੋਵੇਸ਼ਨ ਨਾਲ ਜੁੜੀਆਂ ਚੁਣੌਤੀਆਂ ਹਨ। ਫਾਈਨੈਂਸ਼ੀਅਲ ਸਟੈਬਿਲਿਟੀ ਵੀ ਵੇਖਣੀ ਪਏਗੀ।
ਹਾਲ ਹੀ ਵਿੱਚ 2021 ਕ੍ਰਿਪਟੋ ਕਰੰਸੀ ਐਂਡ ਰੈਗੂਲੇਸ਼ਵਨ ਆਫ ਆਫੀਸ਼ੀਅਨ ਡਿਜੀਟਲ ਕਰੰਸੀ ਬਿੱਲ ਜਾਰੀ ਹੋਇਆ ਹੈ। ਇਸ ਨੂੰ ਭਾਰਤ ਦਾ ਡਿਜੀਟਲ ਕਰੰਸੀ ਦੀ ਦਿਸ਼ਾ ਵਿੱਚ ਚੁੱਕਿਆ ਕਦਮ ਕਿਹਾ ਜਾ ਰਿਹਾ ਹੈ, ਪਰ ਇਹ ਬਿੱਲ ਸਿਰਫ਼ ਕਾਨੂੰਨੀ ਢਾਂਚਾ ਦੱਸਦਾ ਹੈ। ਡਿਜਾਈਨ ਪਲਾਨ ਅਤੇ ਲਾਗੂ ਕਰਨ ਦੀ ਪ੍ਰਕਿਰਿਆ ਇਸ ਵਿੱਚ ਸਪੱਸ਼ਟ ਨਹੀਂ ਹੈ।
ਹੁਣ ਤੱਕ ਕਿਸੇ ਦੇਸ਼ ਨੇ ਲਾਂਚ ਕੀਤੀ ਡਿਜੀਟਲ ਕਰੰਸੀ?
6 ਸਾਲ ਦੀ ਰਿਸਰਚ ਤੋਂ ਬਾਅਦ ਪੀਪਲਜ਼ ਬੈਂਕ ਆਫ ਚਾਈਨਾ ਨੇ ਅਪ੍ਰੈਲ 2020 ਵਿੱਚ 2 ਪਾਇਲਟ ਪ੍ਰੋਜੈਕਟ ਸ਼ੁਰੂ ਕੀਤੇ ਸਨ। ਲਾਟਰੀ ਸਿਸਟਮ ਨਾਲ ਈ-ਯੁਆਨ ਵੰਡੇ ਗਏ। ਜੂਨ 2021 ਤੱਕ 2.4 ਕਰੋੜ ਲੋਕਾਂ ਅਤੇ ਕੰਪਨੀਆਂ ਨੇ e-CNY ਯਾਨੀ ਡਿਜੀਟਲ ਯੁਆਨ ਦੇ ਵਾਲੇਟ ਬਣਾ ਲਏ ਸਨ।
ਚੀਨ ਵਿੱਚ 3450 ਕਰੋੜ ਡਿਜੀਟਲ ਯੁਆਨ (40 ਹਜਾਰ ਕਰੋੜ ਰੁਪਏ) ਦਾ ਲੈਣ-ਦੇਣ ਯੂਟੀਲਿਟੀ ਬਿੱਲਾਂ, ਰੇਸਤਰਾਂ ਅਤੇ ਟਰਾਂਸਪੋਰਟ ਵਿੱਚ ਹੋ ਚੁੱਕਿਆ ਹੈ। ਬਲੂਮਬਰਗ ਦੀ ਇੱਕ ਰਿਪੋਰਟ ਕਹਿੰਦੀ ਹੈ ਕਿ 2025 ਤੱਕ ਡਿਜੀਟਲ ਯੁਆਨ ਦੀ ਚੀਨੀ ਇਕੋਨਾਮੀ ਵਿੱਚ ਹਿੱਸੇਦਾਰੀ 9 ਫੀਸਦ ਤੱਕ ਹੋ ਜਾਵੇਗੀ। ਜੇਕਰ ਸਫਲ ਰਿਹਾ, ਤਾਂ ਚੀਨ ਪੂਰੀ ਦੁਨੀਆ ਵਿੱਚ ਸੈਂਟਰਲ ਬੈਂਕ ਡਿਜੀਟਲ ਕਰੰਸੀ ਲਾਂਚ ਕਰਨ ਵਾਲਾ ਪਹਿਲਾ ਦੇਸ਼ ਬਣ ਜਾਵੇਗਾ।
ਜਨਵਰੀ, 2021 ਵਿੱਚ ਬੈਂਕ ਆਫ ਇੰਟਰਨੈਸ਼ਨਲ ਸੈਟਲਮੈਂਟਸ ਨੇ ਦੱਸਿਆ ਕਿ ਦੁਨੀਆ ਭਰ ਦੇ 86 ਫੀਸਦ ਕੇਂਦਰੀ ਬੈਂਕ ਡਿਜੀਟਲ ਕਰੰਸੀ ‘ਤੇ ਕੰਮ ਕਰ ਰਹੇ ਹਨ। ਬਰਾਮਾਸ ਵਰਗੇ ਛੋਟੇ ਦੇਸ਼ ਨੇ ਤਾਂ ਹਾਲ ਹੀ ਵਿੱਚ CBDC ਦੇ ਤੌਰ ‘ਤੇ ਸੈਂਡ ਡਾਲਰ ਲਾਂਚ ਵੀ ਕਰ ਦਿੱਤਾ ਹੈ।
ਕੈਨੇਡਾ, ਜਪਾਨ, ਸਵੀਡਨ, ਸਵਿਟਜ਼ਰਲੈਂਡ, ਯੂਕੇ ਅਤੇ ਯੂਨਾਈਟੇਡ ਸਟੇਟਸ ਦੇ ਨਾਲ-ਨਾਲ ਯੂਰੋਪੀਅਨ ਯੂਨੀਅਨ ਵੀ ਬੈਂਕ ਆਫ ਇੰਟਰਨੈਸ਼ਨਲ ਸੈਟਲਮੈਂਟਸ ਦੇ ਨਾਲ ਮਿਲ ਕੇ ਡਿਜੀਟਲ ਕਰੰਸੀ ‘ਤੇ ਕੰਮ ਕਰ ਰਹੇ ਹਨ। ਇਸ ਨਾਲ ਡਿਜੀਟਲ ਕਰੰਸੀ ਦੇ ਜ਼ਰੀਏ ਲੈਣ-ਦੇਣ ਜਲਦ ਹੀ ਹਕੀਕਤ ਬਣਨ ਵਾਲਾ ਹੈ।