ਬਿਓਰੋ। ਦੇਸ਼ ‘ਚ ਲਗਾਤਾਰ ਕਮਜ਼ੋਰ ਹੋ ਰਹੀ ਕਾਂਗਰਸ ‘ਚ ਹੁਣ ਵੱਡੇ ਬਦਲਾਅ ਦੀ ਤਿਆਰੀ ਹੋ ਰਹੀ ਹੈ। ਨਾ ਸਿਰਫ ਪੰਜਾਬ, ਬਲਕਿ ਨੈਸ਼ਨਲ ਲੈਵਲ ‘ਤੇ ਵੀ ਕਾਂਗਰਸ ‘ਚ ਕਈ ਵੱਡੇ ਫੇਰਬਦਲ ਵੇਖਣ ਨੂੰ ਮਿਲ ਸਕਦੇ ਹਨ। ਚਰਚਾ ਹੈ ਕਿ ਮੱਧ ਪ੍ਰਦੇਸ਼ ਦੇ ਸਾਬਕਾ ਸੀਐੱਮ ਕਮਲਨਾਥ ਨੂੰ ਕਾਂਗਰਸ ਦਾ ਕਾਰਜਕਾਰੀ ਪ੍ਰਧਾਨ ਲਾਇਆ ਜਾ ਸਕਦਾ ਹੈ। ਵੀਰਵਾਰ ਨੂੰ ਦਿੱਲੀ ‘ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਕਮਲਨਾਥ ਦੀ ਮੁਲਾਕਾਤ ਤੋਂ ਬਾਅਦ ਇਹਨਾਂ ਅਟਕਲਾਂ ਨੇ ਹੋਰ ਜ਼ੋਰ ਫੜ ਲਿਆ ਹੈ। ਇਸ ਬੈਠਕ ‘ਚ ਪ੍ਰਿਅੰਕਾ ਗਾਂਧੀ ਵੀ ਮੌਜੂਦ ਸਨ।
PK ਨੂੰ ਲੈ ਕੇ ਵੀ ਚਰਚਾ ਗਰਮ
ਓਧਰ ਦੂਜੇ ਪਾਸੇ ਚਰਚਾ ਪ੍ਰਸ਼ਾਂਤ ਕਿਸ਼ੋਰ ਨੂੰ ਲੈ ਕੇ ਵੀ ਹੈ। ਪ੍ਰਸ਼ਾਂਤ ਕਿਸ਼ੋਰ ਨੇ ਮੰਗਲਵਾਰ ਨੂੰ ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨਾਲ 4 ਘੰਟਿਆਂ ਤੱਕ ਮੀਟਿੰਗ ਕੀਤੀ। ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਕਾਂਗਰਸ ‘ਚ ਵੱਡਾ ਅਹੁਦਾ ਆਫਰ ਕੀਤਾ ਗਿਆ ਹੈ। ਉਹਨਾਂ ਨੂੰ ਕਾਂਗਰਸ ਦਾ ਹਿੱਸਾ ਬਣਾ ਕੇ ਪਾਰਟੀ ਨੂੰ ਮਜਬੂਤ ਕਰਨ ਦਾ ਸੁਝਾਅ ਦਿੱਤਾ ਗਿਆ ਹੈ। ਹੁਣ ਫ਼ੈਸਲਾ ਪ੍ਰਸ਼ਾਂਤ ਕਿਸ਼ੋਰ ਨੇ ਕਰਨਾ ਹੈ।
ਸੋਨੀਆ ਗਾਂਧੀ ਹੁਣ ਜ਼ਿਆਦਾ ਸਰਗਰਮ ਨਹੀਂ
ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਸੰਸਦ ਦੇ ਮਾਨਸੂਨ ਸੈਸ਼ਨ ਤੋਂ ਬਾਅਦ ਹੋਵੇਗੀ। ਸੋਨੀਆ ਗਾਂਧੀ ਦੀ ਸਿਹਤ ਲਗਾਤਾਰ ਖਰਾਬ ਰਹਿਣ ਦੇ ਚਲਦੇ ਨਵੇਂ ਪ੍ਰਧਾਨ ਦੀ ਤਲਾਸ਼ ਕੀਤੀ ਜਾ ਰਹੀ ਹੈ। ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਪਿਛਲੇ ਕੁਝ ਸਮੇਂ ਤੋਂ ਜਨਤੱਕ ਥਾਵਾਂ ‘ਤੇ ਸਰਗਰਮ ਨਹੀਂ ਹਨ। ਉਹਨਾਂ ਨੇ ਹਾਲ ਹੀ ‘ਚ 5 ਸੂਬਿਆਂ ਪੱਛਮੀ ਬੰਗਾਲ, ਅਸਾਮ, ਤਮਿਲਨਾਡੂ, ਕੇਰਲ ਅਤੇ ਪੁਡੂਚੇਰੀ ‘ਚ ਹੋਈਆਂ ਵਿਧਾਨ ਸਭਾ ਚੋਣਾਂ ‘ਚ ਵੀ ਕੋਈ ਪ੍ਰਚਾਰ ਨਹੀਂ ਕੀਤਾ ਹੈ।
ਕਮਲਨਾਥ ਦੀ ਨਿਯੁਕਤੀ ਆਸਾਨ ਨਹੀਂ !
1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਲੈ ਕੇ ਕਮਲਨਾਥ ‘ਤੇ ਵਾਰ-ਵਾਰ ਸਵਾਲ ਉਠਦੇ ਰਹੇ ਹਨ। ਹਾਲਾਂਕਿ ਉਹਨਾਂ ‘ਤੇ ਇਸ ਮਾਮਲੇ ਨੂੰ ਲੈ ਕੇ ਕਿਤੇ ਕੋਈ ਕੇਸ ਨਹੀਂ ਹੈ, ਪਰ ਉਹਨਾਂ ਦੀ ਭੂਮਿਕਾ ‘ਤੇ ਸਵਾਲ ਚੁੱਕਦੇ ਹੋਏ ਅਕਾਲੀ ਦਲ ਹਮੇਸ਼ਾ ਉਹਨਾਂ ਦਾ ਵਿਰੋਧ ਕਰਦਾ ਰਿਹਾ ਹੈ। ਕੁਝ ਸਾਲ ਪਹਿਲਾਂ ਉਹਨਾਂ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਵੀ ਲਾਇਆ ਗਿਆ ਸੀ, ਪਰ ਅਕਾਲੀ ਦਲ ਦੇ ਵਿਰੋਧ ਦੇ ਚਲਦੇ ਉਹਨਾਂ ਨੂੰ ਪਿੱਛੇ ਹਟਣਾ ਪਿਆ ਸੀ। ਅਜਿਹੇ ‘ਚ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜੇਕਰ ਕਾਂਗਰਸ ਕਮਲਨਾਥ ਨੂੰ ਕੋਈ ਵੱਡੀ ਜ਼ਿੰਮੇਵਾਰੀ ਦਿੰਦੀ ਹੈ, ਤਾਂ ਅਕਾਲੀ ਦਲ ਫਿਰ 84 ਦੇ ਮੁੱਦੇ ‘ਤੇ ਕਾਂਗਰਸ ਨੂੰ ਘੇਰ ਸਕਦੀ ਹੈ।