ਬਿਓਰੋ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਜੁੜੇ ਕੋਟਕਪੂਰਾ ਗੋਲੀ ਕਾੰਡ ‘ਚ ਪੰਜਾਬ ਪੁਲਿਸ ਦੀ SIT ਨੇ ਇੱਕ ਵਾਰ ਫੇਰ ਜਾੰਚ ਤੇਜ਼ ਕਰ ਦਿੱਤੀ ਹੈ। ਬੁੱਧਵਾਰ ਨੂੰ ADGP ਐੱਲ.ਕੇ. ਯਾਦਵ ਦੀ ਅਗਵਾਈ ਵਾਲੀ ਸਪੈਸ਼ਲ ਜਾੰਚ ਟੀਮ ਨੇ ਇਸ ਮਾਮਲੇ ਵਿੱਚ ਸਾਬਕਾ DGP ਸੁਮੇਧ ਸੈਣੀ ਤੋੰ ਲੰਮੀ ਪੁੱਛਗਿੱਛ ਕੀਤੀ। SIT ਨੇ ਸੈਣੀ ਤੋੰ ਕਰੀਬ 4 ਘੰਟਿਆੰ ਤੱਕ ਸਵਾਲ-ਜਵਾਬ ਕੀਤੇ।
ਕਾਬਿਲੇਗੌਰ ਹੈ ਕਿ ਜਿਸ ਵਕਤ ਗੋਲੀ ਕਾੰਡ ਹੋਇਆ, ਉਸ ਵਕਤ ਸੁਮੇਧ ਸੈਣੀ ਪੰਜਾਬ ਦੇ DGP ਸਨ। ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਅਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਸੂਬੇ ਦੇ ਗ੍ਰਹਿ ਮੰਤਰੀ ਸਨ। ਇਹੀ ਵਜ੍ਹਾ ਹੈ ਕਿ SIT ਨੇ ਸੈਣੀ ਤੋੰ ਸਵਾਲ ਕੀਤਾ ਕਿ ਘਟਨਾ ਦੇ ਦਿਨ ਪ੍ਰਦਰਸ਼ਨਕਾਰੀਆੰ ‘ਤੇ ਗੋਲੀਆੰ ਚਲਾਉਣ ਦਾ ਆਰਡਰ ਕਿਸ ਨੇ ਦਿੱਤਾ ਸੀ। ਹਾਲਾੰਕਿ ਪੰਜਾਬ ਪੁਲਿਸ ਨੇ ਅਧਿਕਾਰਤ ਤੌਰ ‘ਤੇ ਪੁੱਛਗਿੱਛ ਬਾਰੇ ਕੁਝ ਨਹੀੰ ਕਿਹਾ ਹੈ।
ਹਾਈਕੋਰਟ ਤੋੰ ਪਟੀਸ਼ਨ ਖਾਰਜ ਹੋਣ ਦੇ ਬਾਅਦ ਸੰਮਨ
ਇਸ ਮਾਮਲੇ ਵਿੱਚ ਸੁਮੇਧ ਸੈਣੀ ਅਤੇ ਦੂਜੇ ਮੁਲਜ਼ਮਾੰ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਸੀ, ਜਿਸ ਵਿੱਚ ਇਸ ਕੇਸ ਨੂੰ ਕਿਸੇ ਕੇੰਦਰੀ ਏਜੰਸੀ ਨੂੰ ਟ੍ਰਾੰਸਫਰ ਕਰਨ ਦੀ ਮੰਗ ਰੱਖੀ ਗਈ ਸੀ। ਹਾਲਾੰਕਿ ਹਾਈਕੋਰਟ ਨੇ ਇਸ ਮੰਗ ਨੂੰ ਖਾਰਜ ਕਰ ਦਿੱਤਾ। ਇਸ ਤੋੰ ਬਾਅਦ ADGP ਐੱਲ.ਕੇ. ਯਾਦਵ ਦੀ ਅਗਵਾਈ ਵਾਲੀ SIT ਨੇ ਸੈਣੀ ਨੂੰ ਪੁੱਛਗਿੱਛ ਲਈ ਸੰਮਨ ਭੇਜ ਦਿੱਤਾ।
ਹਾਈਕੋਰਟ ਨੇ ਜਾੰਚ ਤੇਜ਼ ਕਰਨ ਨੂੰ ਕਿਹਾ
ਸੈਣੀ ਦੀ ਪਟੀਸ਼ਨ ਖਾਰਜ ਕਰਦੇ ਹੋਏ ਹਾਈਕੋਰਟ ਨੇ ਪੰਜਾਬ ਪੁਲਿਸ ਨੂੰ 2015 ਵਿੱਚ ਹੋਏ ਕੋਟਕਪੂਰਾ ਅਤੇ ਬਹਿਬਲ ਕਲਾੰ ਗੋਲੀ ਕਾੰਡ ਦੀ ਜਾੰਚ ਤੇਜ਼ ਕਰਨ ਲਈ ਕਿਹਾ ਸੀ। ਕੋਟਕਪੂਰਾ ਗੋਲੀ ਕਾੰਡ ਦੀ ਜਾੰਚ ADGP ਐੱਲ.ਕੇ. ਯਾਦਵ ਦੀ ਅਗਵਾਈ ਵਿੱਚ ਹੋ ਰਹੀ ਹੈ, ਜਦਕਿ ਬਹਿਬਲ ਕਲਾੰ ਗੋਲੀ ਕਾੰਡ ਦੀ ਜਾੰਚ IG ਨੌਨਿਹਾਲ ਸਿੰਘ ਦੀ ਅਗਵਾਈ ਵਾਲੀ ਟੀਮ ਕਰ ਰਹੀ ਹੈ।