ਨਵੀਂ ਦਿੱਲੀ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਨੂੰ ਸੁਲਝਾਉਣ ਦੀ ਕਵਾਇਦ ਤੇਜ਼ ਹੋ ਗਈ ਹੈ। ਸੋਮਵਾਰ ਨੂੰ ਹਾਈਕਮਾਨ ਵੱਲੋਂ ਬਣਾਈ ਗਈ 3-ਮੈਂਬਰੀ ਕਮੇਟੀ ਨੇ ਸੂਬੇ ਦੇ 25 ਵਿਧਾਇਕਾਂ ਨਾਲ ‘ਵਨ ਟੂ ਵਨ’ ਮੀਟਿੰਗ ਕੀਤੀ ਅਤੇ ਉਹਨਾਂ ਦਾ ਪੱਖ ਸੁਣਿਆ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੀ ਇਸ ਮੀਟਿੰਗ ਦਾ ਹਿੱਸਾ ਸਨ।
ਮੀਟਿੰਗ ਤੋਂ ਬਾਅਦ ਮੀਡੀਆ ਦੇ ਮੁਖਾਤਿਬ ਹੁੰਦਿਆਂ ਸੁਨੀਲ ਜਾਖੜ ਨੇ ਕਿਹਾ, “ਕਮੇਟੀ ਦੇ ਸਾਹਮਣੇ ਅਸੀਂ ਕੀ ਗੱਲਾਂ ਰੱਖੀਆਂ, ਇਹ ਮੇਰੇ ਅਤੇ ਕਮੇਟੀ ਵਿਚਕਾਰ ਹੈ। ਪਰ ਮੁੱਖ ਮੁੱਦਾ ਇਹ ਹੈ ਕਿ ਪਾਰਟੀ ਨੂੰ ਮਜਬੂਤ ਕਿਵੇਂ ਕੀਤਾ ਜਾਵੇ। ਪਿਛਲੀ ਵਾਰ ਪੰਜਾਬ ਦੀ ਜਨਤਾ ਨੇ ਸਾਨੂੰ ਵੱਡੀ ਜ਼ਿੰਮੇਵਾਰੀ ਸੌੰਪੀ ਸੀ। ਜੇਕਰ ਕਿਤੇ ਵੀ ਕਿਸੇ ਤਰ੍ਹਾਂ ਦਾ ਮਤਭੇਦ ਹੈ, ਤਾਂ ਉਸ ਨੂੰ ਕਿਵੇਂ ਦੂਰ ਕੀਤਾ ਜਾਵੇ ਅਤੇ ਅੱਗੇ ਦੀ ਯੋਜਨਾ ਕੀ ਹੋਵੇ, ਇਹਨਾਂ ਸਾਰੇ ਮਸਲਿਆਂ ‘ਤੇ ਕਮੇਟੀ ਨਾਲ ਗੱਲ ਹੋਈ ਹੈ।”
ਸਪੀਕਰ ਤੇ 8 ਮੰਤਰੀ ਵੀ ਸਨ ਮੌਜੂਦ
ਦੱਸਣਯੋਗ ਹੈ ਕਿ ਸੋਮਵਾਰ ਨੂੰ ਹੋਈ ਬੈਠਕ ‘ਚ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਅਤੇ 9 ਮੰਤਰੀ ਵੀ ਸ਼ਾਮਲ ਸਨ। ਨਰਾਜ਼ ਚੱਲ ਰਹੇ ਮੰਤਰੀ ਸੁਖਜਿੰਦਰ ਰੰਧਾਵਾ ਤੇ ਚਰਨਜੀਤ ਚੰਨੀ ਨੇ ਵੀ ਹਾਈਕਮਾਨ ਸਾਹਮਣੇ ਆਪਣੇ ਵਿਚਾਰ ਰੱਖੇ। ਰੰਧਾਵਾ ਤੇ ਚੰਨੀ ਤੋਂ ਇਲਾਵਾ ਕੈਬਨਿਟ ਮੰਤਰੀ ਬ੍ਰਹਮ ਮੋਹਿੰਦਰਾ, ਮਨਪ੍ਰੀਤ ਬਾਦਲ, ਅਰੁਣਾ ਚੌਧਰੀ, ਸੁੰਦਰ ਸ਼ਾਮ ਅਰੋੜਾ, ਸਾਧੂ ਸਿੰਘ ਧਰਮਸੋਤ ਅਤੇ ਓ.ਪੀ. ਸੋਨੀ ਵੀ ਹਾਈਕਮਾਨ ਸਾਹਮਣੇ ਪੇਸ਼ ਹੋਏ।
ਕੈਪਟਨ ਤੇ ਸਿੱਧੂ ਵੀ ਹੋਣਗੇ ਪੇਸ਼
ਅਗਲੇ 2 ਦਿਨਾਂ ਦੌਰਾਨ ਵੀ ਇਹ ਕਮੇਟੀ ਸੂਬੇ ਦੇ 25-25 ਵਿਧਾਇਕਾਂ ਨਾਲ ‘ਵਨ ਟੂ ਵਨ’ ਮੀਟਿੰਗਾਂ ਕਰੇਗੀ, ਜਿਹਨਾਂ ‘ਚ ਖਾਸ ਨਜ਼ਰਾਂ ਨਵਜੋਤ ਸਿੱਧੂ ‘ਤੇ ਰਹਿਣ ਵਾਲੀਆੰ ਹਨ। ਸਿੱਧੂ ਮੰਗਲਵਾਰ ਨੂੰ ਕਮੇਟੀ ਸਾਹਮਣੇ ਆਪਣੀ ਗੱਲ ਰੱਖਣਗੇ, ਹਾਲਾਂਕਿ ਉਹ ਐਤਵਾਰ ਨੂੰ ਹੀ ਦਿੱਲੀ ਪਹੁੰਚ ਚੁੱਕੇ ਹਨ। ਇਸ ਤੋਂ ਬਾਅਦ ਕਾਂਗਰਸ ਸਾਂਸਦਾਂ ਨੂੰ ਵੀ ਸੱਦਿਆ ਜਾਵੇਗਾ ਅਤੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ। ਜਾਣਕਾਰੀ ਮੁਤਾਬਕ, ਕੈਪਟਨ ਵੀਰਵਾਰ ਜਾਂ ਸ਼ੁੱਕਰਵਾਰ ਨੂੰ ਕਮੇਟੀ ਨਾਲ ਮੁਲਾਕਾਤ ਕਰਨਗੇ।
ਰਾਹੁਲ ਗਾਂਧੀ ਵੀ ਸਰਗਰਮ
ਇਸ ਪੂਰੇ ਵਿਵਾਦ ਨੂੰ ਸੁਲਝਾਉਣ ਲਈ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੀ ਸਰਗਰਮ ਨਜ਼ਰ ਆ ਰਹੇ ਹਨ। ਚਰਚਾ ਹੈ ਕਿ ਰਾਹੁਲ ਗਾਂਧੀ ਨੇ ਬੀਤੇ ਦਿਨ ਸੂਬੇ ਦੇ 2 ਮੰਤਰੀਆਂ ਅਤੇ ਕੁਝ ਵਿਧਾਇਕਾਂ ਨਾਲ ਫੋਨ ‘ਤੇ ਗੱਲਬਾਤ ਕੀਤੀ ਹੈ। ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਏਬੀਪੀ ਨਿਊਜ ਨਾਲ ਗੱਲਬਾਤ ਕਰਦਿਆਂ ਇਸਦੀ ਪੁਸ਼ਟੀ ਵੀ ਕੀਤੀ ਹੈ।
ਹਾਈਕਮਾਨ ਲਏਗੀ ਆਖਰੀ ਫ਼ੈਸਲਾ
ਕਾਬਿਲੇਗੌਰ ਹੈ ਕਿ ਹਰੀਸ਼ ਰਾਵਤ, ਖੜਗੇ ਅਤੇ ਜੇਪੀ. ਅੱਗਰਵਾਲ ਦੀ ਇਸ 3-ਮੈਂਬਰੀ ਕਮੇਟੀ ਨੂੰ ਹਾਈਕਮਾਨ ਨੇ ਫ਼ੈਸਲਾ ਲੈਣ ਦਾ ਕੋਈ ਅਧਿਕਾਰ ਨਹੀਂ ਦਿੱਤਾ ਹੈ। ਲਿਹਾਜ਼ਾ ਇਹ ਕਮੇਟੀ ਿਤੰਨ ਦਿਨਾਂ ਤੱਕ ਪੰਜਾਬ ਦੇ ਸਾਰੇ ਕਾਂਗਰਸੀ ਆਗੂਆਂ ਨਾਲ ਮੁਲਾਕਾਤ ਕਰ ਆਪਣੀ ਰਿਪੋਰਟ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਸੌੰਪੇਗੀ, ਜਿਸ ਤੋਂ ਬਾਅਦ ਹਾਈਕਮਾਨ ਹੀ ਇਸ ਮਾਮਲੇ ‘ਚ ਆਖਰੀ ਫੈਸਲਾ ਕਰੇਗੀ।
ਕਿਉਂ ਛਿੜਿਆ ਘਮਸਾਣ ?
ਕੋਟਕਪੂਰਾ ਫਾਇਰਿੰਗ ਕੇਸ ਦੀ ਜਾਂਚ ਹਾਈਕੋਰਟ ਵੱਲੋਂ ਖਾਰਜ ਹੋਣ ਦੇ ਬਾਅਦ ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਜੱਗ-ਜ਼ਾਹਰ ਹੋਣ ਲੱਗਿਆ। ਕਾਂਗਰਸ ਦੇ ਇੱਕ ਧੜੇ ਨੇ ਇਹ ਇਲਜ਼ਾਮ ਲਗਾਇਆ ਕਿ ਐਡਵੋਕੇਟ ਜਨਰਲ ਨੇ ਕੋਰਟ ‘ਚ ਕੇਸ ਨੂੰ ਸਹੀ ਤਰੀਕੇ ਨਾਲ ਪੇਸ਼ ਨਹੀਂ ਕੀਤਾ, ਜਦਕਿ ਨਵਜੋਤ ਸਿੱਧੂ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਸੀਐੱਮ ਕੈਪਟਨ ਅਮਰਿੰਦਰ ਸਿੰਘ ‘ਤੇ ਹਮਲੇ ਬੋਲਦੇ ਨਜ਼ਰ ਆ ਰਹੇ ਹਨ।
ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਦੇ ਖਿਲਾਫ਼ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ, ਚਰਨਜੀਤ ਚੰਨੀ, ਸਾਬਕਾ ਮੰਤਰੀ ਨਵਜੋਤ ਸਿੱਧੂ, ਸਾਂਸਦ ਪ੍ਰਤਾਪ ਬਾਜਵਾ ਤੇ ਰਵਨੀਤ ਬਿੱਟੂ ਇਕਜੁੱਟ ਹੋ ਗਏ। ਇਸ ਤੋਂ ਬਾਅਦ ਵਿਧਾਇਕ ਪਰਗਟ ਸਿੰਘ ਅਤੇ ਸੁਰਜੀਤ ਧੀਮਾਨ ਨੇ ਵੀ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕੀਤੇ। ਆਲਮ ਇਹ ਹੈ ਕਿ ਪਿਛਲੇ ਕਰੀਬ ਇੱਕ ਮਹੀਨੇ ਤੋਂ ਕਾਂਗਰਸ ਦਾ ਬਾਗੀ ਧੜਾ ਸਰਕਾਰ ਖਿਲਾਫ਼ ਮੀਟਿੰਗਾਂ ਕਰਦਾ ਆਇਆ ਹੈ ਅਤੇ ਖੁੱਲ੍ਹੇਆਮ ਸਰਕਾਰ ਖਿਲਾਫ਼ ਬਿਆਨਬਾਜ਼ੀ ਕਰਦਾ ਰਿਹਾ ਹੈ।