Home Politics ਕਾਂਗਰਸ ਤੋਂ ਅਸਤੀਫ਼ਾ...BJP ਨਾਲ ਲਗਾਈ 'ਪ੍ਰੀਤ'...ਇਥੇ ਪੜ੍ਹੋ ਮਨਪ੍ਰੀਤ ਨੇ ਕਿਉਂ ਬਦਲੀ 7...

ਕਾਂਗਰਸ ਤੋਂ ਅਸਤੀਫ਼ਾ…BJP ਨਾਲ ਲਗਾਈ ‘ਪ੍ਰੀਤ’…ਇਥੇ ਪੜ੍ਹੋ ਮਨਪ੍ਰੀਤ ਨੇ ਕਿਉਂ ਬਦਲੀ 7 ਸਾਲ ਦੀ ‘ਰੀਤ’

January 18, 2023
(Chandigarh)

ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਦੌਰਾਨ ਪੰਜਾਬ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ। ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਾਂਗਰਸ ਛੱਡ ਕੇ ਬੀਜੇਪੀ ਜੁਆਇਨ ਕਰ ਲਈ ਹੈ। ਦਿੱਲੀ ਵਿੱਚ ਕੇਂਦਰੀ ਮੰਤਰੀ ਪਿਊਸ਼ ਗੋਇਲ ਦੀ ਮੌਜੂਦਗੀ ਵਿੱਚ ਉਹ ਬੀਜੇਪੀ ਵਿੱਚ ਸ਼ਾਮਲ ਹੋਏ।

ਅਮਿਤ ਸ਼ਾਹ ਨੂੰ ਦੱਸਿਆ ਸਿਆਸਤ ਦਾ ‘ਸ਼ੇਰ’

ਮਨਪ੍ਰੀਤ ਬਾਦਲ ਨੇ ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸ਼ੇਰ ਦੱਸਿਆ। ਉਹਨਾਂ ਕਿਹਾ, “ਬੇਹੱਦ ਘੱਟ ਅਜਿਹੇ ਮੌਕੇ ਮਿਲੇ ਹਨ, ਜਦੋਂ ਸਿਆਸਤ ਵਿੱਚ ਕਿਸੇ ਸ਼ੇਰ ਨਾਲ ਮੁਲਾਕਾਤ ਹੋਈ ਹੋਵੇ। ਕੁਝ ਦਿਨ ਪਹਿਲਾਂ ਮੇਰੀ ਇੱਕ ਸ਼ੇਰ ਨਾਲ ਮੁਲਾਕਾਤ ਹੋਈ। ਉਹ ਭਾਰਤ ਦੇ ਗ੍ਰਹਿ ਮੰਤਰੀ ਹਨ।”

ਬਾਦਲ ਨੇ ਕਿਹਾ, “ਉਹਨਾਂ ਨੇ ਮੈਨੂੰ ਇੱਕ ਗੱਲ ਕਹੀ, ਜੋ ਮੇਰੇ ਦਿਲ ਨੂੰ ਛੋਹ ਗਈ। ਪੰਜਾਬ ਨੇ ਹਿੰਦੁਸਤਾਨ ਲਈ 400 ਹਮਲੇ ਝੱਲੇ ਹਨ। 400 ਵਾਰ ਜਦੋਂ ਹਿੰਦੁਸਤਾਨ ‘ਤੇ ਹਮਲਾ ਹੋਇਆ, ਤਾਂ ਉਹ ਪੰਜਾਬ ਨੇ ਬਰਦਾਸ਼ਤ ਕੀਤਾ ਹੈ। ਅਸੀਂ ਪੰਜਾਬ ਨੂੰ ਆਪਣੇ ਹਾਲ ‘ਤੇ ਨਹੀਂ ਛੱਡਾਂਗੇ। ਅਸੀਂ ਪੰਜਾਬ ਨੂੰ ਸੁਧਾਰਾਂਗੇ। ਪੰਜਾਬ ਦਾ ਜੋ ਵੱਕਾਰ ਹੈ, ਉਸ ਨੂੰ ਇੱਕ ਵਾਰ ਮੁੜ ਬਹਾਲ ਕਰਨਾ ਹੈ।”

ਕਾਂਗਰਸ ‘ਤੇ ਬੋਲਿਆ ਹਮਲਾ

ਬੀਜੇਪੀ ਵਿੱਚ ਸ਼ਾਮਲ ਹੋਣ ਮਗਰੋਂ ਮਨਪ੍ਰੀਤ ਬਾਦਲ ਨੇ ਕਾਂਗਰਸ ‘ਤੇ ਹਮਲਾ ਬੋਲਿਆ। ਉਹਨਾਂ ਕਿਹਾ, “ਤੁਸੀਂ ਉਸ ਪਾਰਟੀ ਨਾਲ ਕਿਵੇਂ ਕੰਮ ਕਰ ਸਕਦੇ ਹੋ, ਜੋ ਖੁਦ ਨਾਲ ਜੰਗ ਲੜ ਰਹੀ ਹੈ? ਲੀਡਰ ਆਪਸ ‘ਚ ਹੀ ਲੜਦੇ ਰਹਿੰਦੇ ਹਨ। ਹਰ ਸੂਬੇ ਵਿੱਚ ਅਜਿਹੇ ਹਾਲਾਤ ਹਨ। ਕਾਂਗਰਸ ਦਾ ਇਹੀ ਹਾਲ ਹੈ।” ਮਨਪ੍ਰੀਤ ਨੇ ਕਿਹਾ ਕਿ ਕਾਂਗਰਸ ਵਿਚ ਧੜੇਬੰਦੀ ਦੇ ਚਲਦੇ ਹੀ ਉਹਨਾਂ ਨੇ ਪਾਰਟੀ ਨੂੰ ਅਲਵਿਦਾ ਆਖਿਆ ਹੈ।

ਕਾਂਗਰਸ ਨੇ ਮਨਪ੍ਰੀਤ ‘ਤੇ ਕਸਿਆ ਤੰਜ

ਮਨਪ੍ਰੀਤ ਬਾਦਲ ਦੇ ਕਾਂਗਰਸ ਛੱਡ ਕੇ BJP ਜੁਆਇਨ ਕਰਨ ਦਾ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਤੰਜ ਭਰੇ ਅੰਦਾਜ਼ ‘ਚ ‘ਸਵਾਗਤ’ ਕੀਤਾ ਹੈ। ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ ਇੰਚਾਰਜ ਜੈਰਾਮ ਰਮੇਸ਼ ਨੇ ਆਪਣੇ ਟਵੀਟ ਵਿੱਚ ਲਿਖਿਆ, “ਪੰਜਾਬ ਕਾਂਗਰਸ ਉਤੋਂ ਬੱਦਲ ਹਟ ਗਏ ਹਨ।”

ਜੈਰਾਮ ਰਮੇਸ਼ ਨੇ ਆਪਣੇ ਟਵੀਟ ਵਿੱਚ ਲਿਖਿਆ, “ਇੱਕ ਸ਼ਖਸ, ਜਿਸਨੇ ਪਹਿਲਾਂ ਆਪਣੀ ਪਾਰਟੀ ਬਣਾਉਣ ਲਈ ਅਕਾਲੀ ਦਲ ਨੂੰ ਛੱਡਿਆ ਅਤੇ ਫਿਰ ਕਾਂਗਰਸ ਜੁਆਇਨ ਕੀਤੀ। ਕਾਂਗਰਸ ਨੇ ਉਹਨਾਂ ਨੂੰ 5 ਸਾਲਾਂ ਤੱਕ ਪੰਜਾਬ ਦੇ ਖਜ਼ਾਨਾ ਮੰਤਰੀ ਵਜੋਂ ਜ਼ਿੰਮੇਵਾਰੀ ਦਿੱਤੀ। ਓਹੀ ਸ਼ਖਸ ਪੰਜਾਬ ਵਿਧਾਨ ਸਭਾ ਚੋਣਾਂ ‘ਚ ਰਿਕਾਰਡ 60 ਹਜ਼ਾਰ ਵੋਟਾਂ ਦੇ ਫਰਕ ਨਾਲ ਹਾਰਨ ਤੋਂ ਬਾਅਦ 10 ਮਹੀਨਿਆਂ ਲਈ ਸ਼ੀਤਨਿਦਰਾ ਵਿੱਚ ਚਲਾ ਗਿਆ। ਅੱਜ ਉਸਨੇ ਬੀਜੇਪੀ ਜੁਆਇਨ ਕਰ ਲਈ ਹੈ।”

ਰਾਜਾ ਵੜਿੰਗ ਨੇ ਵੀ ਕੱਢੀ ਭੜਾਸ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਟਵੀਟ ਕਰਕੇ ਆਪਣੀ ਭੜਾਸ ਕੱਢੀ। ਰਾਜਾ ਵੜਿੰਗ ਨੇ ਟਵੀਟ ‘ਚ ਲਿਖਿਆ, “ਚੰਗਾ ਹੋਇਆ ਖਹਿੜਾ ਛੁੱਟਿਆ। ਮਨਪ੍ਰੀਤ ਬਾਦਲ ਸੱਤਾ ਦੇ ਭੁੱਖੇ ਹਨ। ਜਦੋਂ ਉਹ ਕਾਂਗਰਸ ‘ਚ ਸ਼ਾਮਲ ਹੋਏ, ਤਾਂ ਉਹਨਾਂ ਨੂੰ ਪਤਾ ਸੀ ਕਿ ਕਾਂਗਰਸ ਜਿੱਤ ਰਹੀ ਹੈ।”

ਵੜਿੰਗ ਨੇ ਕਿਹਾ ਕਿ ਮਨਪ੍ਰੀਤ ਬਾਦਲ ਲਈ 5 ਸਾਲ ਤੱਕ ਸੱਤਾ ਤੋਂ ਬਾਹਰ ਰਹਿਣਾ ਬੇਹੱਦ ਮੁਸ਼ਕਿਲ ਸੀ। ਮਨਪ੍ਰੀਤ ਬਾਦਲ ਨੂੰ ਸ਼ਹਾਦਤ ਦਾ ਰੌਣਾ ਰੌਣ ਦੀ ਬਜਾਏ ਕਾਂਗਰਸ ਨਾਲ ਕੀਤੇ ਧੋਖੇ ਦੀ ਮੁਆਫ਼ੀ ਮੰਗਣੀ ਚਾਹੀਦੀ ਹੈ।

ਵਿਰੋਧੀਆਂ ਨੇ ਵੀ ਕਸਿਆ ਤੰਜ

ਪੰਜਾਬ ‘ਆਪ’ ਨੇ ਵੀ ਮਨਪ੍ਰੀਤ ਬਾਦਲ ਦੇ ਬੀਜੇਪੀ ‘ਚ ਸ਼ਾਮਲ ਹੋਣ ‘ਤੇ ਤੰਜ ਕਸਿਆ। ਪਾਰਟੀ ਦੇ ਟਵਿਟਰ ਹੈਂਡਲ ਤੋਂ ਕਿਹਾ ਗਿਆ, “ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਬਹੁਤ ਵੱਡਾ ਅਸਰ। ਇੱਕ ਹੋਰ ਕਾਂਗਰਸ ਲੀਡਰ ਅਤੇ ਪੰਜਾਬ ਦੇ ਸਾਬਕਾ ਮੰਤਰੀ ਮਨਪ੍ਰੀਤ ਬਾਦਲ ਨੇ ਬੀਜੇਪੀ ਜੁਆਇਨ ਕੀਤੀ। BJP ਤੇ ਕਾਂਗਰਸ ਵਿਚਕਾਰ ਮਿਲੀਭੁਗਤ ਜਾਰੀ ਹੈ।”

ਅਕਾਲੀ ਦਲ ਦੇ ਲੀਡਰ ਦਲਜੀਤ ਚੀਮਾ ਨੇ ਵੀ ਤੰਜ ਕਸਦੇ ਹੋਏ ਲਿਖਿਆ, “ਪੰਜਾਬ ਬੀਜੇਪੀ ਇਕਾਈ ਵਿੱਚ ਕਾਂਗਰਸੀ ਆਗੂਆਂ ਦੀ ਤੇਜ਼ੀ ਨਾਲ ਸ਼ਮੂਲੀਅਤ ਨੂੰ ਧਿਆਨ ਵਿੱਚ ਰੱਖਦੇ ਹੋਏ, ਮੈਂ ਬੀਜੇਪੀ ਹਾਈਕਮਾਂਡ ਨੂੰ ਨਿਮਰਤਾ ਨਾਲ ਅਪੀਲ ਕਰਦਾ ਹਾਂ ਕਿ ਉਹ ਬੀਜੇਪੀ ਦੇ ਮੂਲ ਆਗੂਆਂ ਲਈ ਘੱਟੋ-ਘੱਟ 3 ਲੋਕ ਸਭਾ ਅਤੇ 23 ਵਿਧਾਨ ਸਭਾ ਸੀਟਾਂ ਰਾਖਵੀਆਂ ਕਰਨ, ਜੋ ਦਹਾਕਿਆਂ ਤੋਂ ਪਾਰਟੀ ਲਈ ਸਖ਼ਤ ਮਿਹਨਤ ਕਰ ਰਹੇ ਹਨ।

ਭਾਰਤ ਜੋੜੋ ਯਾਤਰਾ ਤੋਂ ਬਣਾਈ ਸੀ ਦੂਰੀ

ਮਨਪ੍ਰੀਤ ਬਾਦਲ ਨੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਤੋਂ ਵੀ ਦੂਰੀ ਬਣਾਏ ਰੱਖੀ। ਉਹ ਪੰਜਾਬ ਵਿੱਚ ਯਾਤਰਾ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕਦੇ ਇਕੱਠੇ ਨਜ਼ਰ ਨਹੀਂ ਆਏ। ਵੈਸੇ ਵਿਧਾਨ ਸਭਾ ਚੋਣਾਂ ‘ਚ ਹਾਰ ਦੇ ਬਾਅਦ ਤੋਂ ਹੀ ਮਨਪ੍ਰੀਤ ਬਾਦਲ ਕਾਂਗਰਸ ਦੀਆਂ ਸਰਗਰਮੀਆਂ ਤੋਂ ਦੂਰ ਸਨ।

ਮਨਪ੍ਰੀਤ ਦਾ ਵੜਿੰਗ ਨਾਲ ਸੀ 36 ਦਾ ਅੰਕੜਾ

ਰਾਜਾ ਵੜਿੰਗ ਅਤੇ ਮਨਪ੍ਰੀਤ ਬਾਦਲ ਵਿਚਕਾਰ 36 ਦਾ ਅੰਕੜਾ ਸੀ। ਰਾਜਾ ਵੜਿੰਗ ਨੇ ਤਾਂ ਵਿਧਾਨ ਸਭਾ ਚੋਣਾਂ ਵਿੱਚ ਮਨਪ੍ਰੀਤ ਬਾਦਲ ‘ਤੇ ਬਾਦਲ ਪਰਿਵਾਰ ਨਾਲ ਮਿਲ ਕੇ ਉਹਨਾਂ ਖਿਲਾਫ਼ ਸਾਜ਼ਿਸ਼ ਰਚਣ ਤੱਕ ਦਾ ਇਲਜ਼ਾਮ ਲਗਾ ਦਿੱਤਾ ਸੀ। ਰਾਜਾ ਵੜਿੰਗ ਨੇ ਜਨਤੱਕ ਤੌਰ ‘ਤੇ ਮਨਪ੍ਰੀਤ ਬਾਦਲ ਨੂੰ ਹਾਰਨ ਤੱਕ ਦੀ ਅਪੀਲ ਕੀਤੀ ਸੀ। ਉਸ ਵਕਤ ਦੋਵੇਂ ਆਗੂ ਸਰਕਾਰ ਵਿੱਚ ਮੰਤਰੀ ਸਨ।

7 ਸਾਲ ਪਹਿਲਾਂ ਕਾਂਗਰਸ ‘ਚ ਕੀਤਾ ਸੀ PPP ਦਾ ਰਲੇਵਾਂ

ਮਨਪ੍ਰੀਤ ਬਾਦਲ ਪਹਿਲਾਂ ਅਕਾਲੀ ਦਲ ਵਿੱਚ ਸਨ। ਸੁਖਬੀਰ ਬਾਦਲ ਦੇ ਵਧਦੇ ਕੱਦ ਨੂੰ ਵੇਖਦੇ ਹੋਏ ਉਹਨਾਂ ਨੇ ਅਕਾਲੀ ਦਲ ਛੱਡ ਦਿੱਤਾ ਸੀ। ਇਸ ਤੋਂ ਬਾਅਦ ਉਹਨਾਂ ਨੇ ਪੀਪਲਸ ਪਾਰਟੀ ਆਫ ਪੰਜਾਬ(PPP) ਬਣਾਈ। ਪੰਜਾਬ ਦੇ ਸੀਐੱਮ ਭਗਵੰਤ ਮਾਨ ਵੀ ਕਦੇ ਮਨਪ੍ਰੀਤ ਬਾਦਲ ਦੇ PPP ਦਾ ਹਿੱਸਾ ਸਨ। ਹਾਲਾਂਕਿ ਚੋਣਾਂ ਵਿੱਚ PPP ਦੀ ਹਾਰ ਹੋਈ, ਜਿਸ ਤੋਂ ਬਾਅਦ 2017 ਵਿੱਚ ਚੋਣਾਂ ਤੋਂ ਪਹਿਲਾਂ ਮਨਪ੍ਰੀਤ ਕਾਂਗਰਸ ਵਿੱਚ ਆ ਗਏ ਅਤੇ ਬਠਿੰਡਾ ਤੋਂ ਵਿਧਾਇਕ ਚੁਣੇ ਗਏ। ਉਹ ਕੈਪਟਨ ਸਰਕਾਰ ਦੇ ਕਾਰਜਕਾਲ ਦੌਰਾਨ ਸੂਬੇ ਦੇ ਖਜ਼ਾਨਾ ਮੰਤਰੀ ਸਨ।

RELATED ARTICLES

LEAVE A REPLY

Please enter your comment!
Please enter your name here

Most Popular

Recent Comments