ਡੈਸਕ: ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸਿੰਘ ਸੰਧੂ ਦੀ ਹੱਤਿਆ ਦੀ ਸੀਬੀਆਈ ਜਾਂਚ ਤੇ ਮਿ੍ਤਕ ਦੇ ਪਰਿਵਾਰ ਨੂੰ ਸੁਰੱਖਿਆ ਦੇਣ ਦੀ ਮੰਗ ‘ਤੇ ਕੇਂਦਰ ਤੇ ਪੰਜਾਬ ਸਰਕਾਰ ਤੋਂ ਇਲਾਵਾ ਆਈਜੀ ਫਿਰੋਜ਼ਪੁਰ ਰੇਂਜ ਤੇ ਵਿਸ਼ੇਸ਼ ਜਾਂਚ ਦਲ ਦੇ ਮੁਖੀ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਤਲਬੀ ਕੀਤੀ ਹੈ।
ਹਾਈ ਕੋਰਟ ਦੇ ਜਸਟਿਸ ਕਰਮਜੀਤ ਸਿੰਘ ਨੇ 16 ਅਕਤੂਬਰ ਨੂੰ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ‘ਚ ਹਮਲਾਵਰਾਂ ਵੱਲੋੋਂ ਮਾਰੇ ਗਏ ਬਲਵਿੰਦਰ ਸਿੰਘ ਸੰਧੂ ਦੀ ਵਿਧਵਾ ਜਗਦੀਸ਼ ਕੌਰ ਸੰਧੂ ਵੱਲੋਂ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਨੋਟਿਸ ਜਾਰੀ ਕੀਤਾ ਹੈ। ਪਟੀਸ਼ਨਕਰਤਾ ਨੇ ਆਪਣੇ ਪਤੀ ਦੀ ਮੌਤ ਦੇ ਮਾਮਲੇ ‘ਚ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਉਸ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਪੰਜਾਬ ਪੁਲਿਸ ਇਸ ਮਾਮਲੇ ਦੀ ਜਾਂਚ ਨਿਰਪੱਖ ਤਰੀਕੇ ਨਾਲ ਨਹੀਂ ਕਰੇਗੀ।
ਪਟੀਸ਼ਨਕਰਤਾ ਨੇ ਆਪਣੇ ਪਰਿਵਾਰ ਨੂੰ ਸੁਰੱਖਿਆ ਦੇਣ ਦੀ ਮੰਗ ਦੇ ਨਾਲ ਉਨ੍ਹਾਂ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ ਜਿਨ੍ਹਾਂ ਨੇ ਸੁਰੱਖਿਆ ਵਾਪਸ ਲੈਣ ਦੇ ਹੁਕਮ ਦਿੱਤੇ ਸਨ। ਜਿਸ ਤੋਂ ਬਾਅਦ ਉਸ ਦੇ ਪਤੀ ਦੀ ਹੱਤਿਆ ਕੀਤੀ ਗਈ। ਉਨ੍ਹਾਂ ਨੇ ਖਦਸ਼ਾ ਪ੍ਰਗਟਾਇਆ ਕਿ ਉਨ੍ਹਾਂ ਦੇ ਪਰਿਵਾਰ ‘ਤੇ ਵੀ ਜਾਨਲੇਵਾ ਹਮਲਾ ਹੋ ਸਕਦਾ ਹੈ।