ਪੰਜਾਬੁ: ਸਿਖਿਆ ਅਤੇ ਲੋਕ ਨਿਰਮਾਣ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਬੁੱਧਵਾਰ ਨੂੰ ਪੰਜਾਬ ਵਿਧਾਨ ਸਭਾ ਵਲੋਂ ਪਾਸ ਕੀਤੇ ਕਿਸਾਨ ਪੱਖੀ ਬਿੱਲਾਂ ’ਤੇ ਭਾਜਪਾ ਆਗੂਆਂ ਵੱਲੋਂ ਬੇਤੁਕੀ ਬਿਆਨਬਾਜ਼ੀ ਕਰਨ ਲਈ ਕਰੜੇ ਹੱਥੀਂ ਲਿਆ ਅਤੇ ਹਰਿਆਣਾ ਭਾਜਪਾ ਮੁਖੀ ਵਲੋਂ ਪੰਜਾਬ ਦੇ ਮਾਮਲਿਆਂ ਵਿੱਚ ਟਿੱਪਣੀਆਂ ਕਰਨ ਦੇ ਤਰਕਹੀਣ ਅਧਾਰ ’ਤੇ ਸਵਾਲ ਚੁੱਕੇ। ਸ਼੍ਰੀ ਸਿੰਗਲਾ ਨੇ ਕਿਹਾ, ਕੀ ਪੰਜਾਬ ਦੇ ਭਾਜਪਾ ਆਗੂਆਂ ਨੇ ਆਪਣੇ ਸੂਬੇ ਦੇ ਹਿੱਤ ਕਿਸੇ ਹੋਰ ਨੂੰ ਵੇਚ ਦਿੱਤੇ ਹਨ ਜੋ ਸਾਡੇ ਮੁੱਦਿਆਂ ’ਤੇ ਬੇਤੁਕੀ ਬਿਆਨਬਾਜ਼ੀ ਕਰ ਰਹੇ ਹਨ। ਜਦਕਿ ਭਾਜਪਾ ਦੇ ਵਿਧਾਇਕ ਸਾਡੇ ਵੱਲੋਂ ਸੱਦੇ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਤਾਂ ਬਿਨਾਂ ਕੁਝ ਬੋਲਿਆਂ ਹੀ ਵਾਕਆਊਟ ਕਰ ਗਏ ਸਨ।
ਉਨ੍ਹਾਂ ਸਖ਼ਤ ਸ਼ਬਦਾਂ ਵਿੱਚ ਟਵੀਟ ਵੀ ਕੀਤਾ ਅਤੇ ਲਿਖਿਆ ਕਿ ਕੀ ਇਹ ਬੇਵਕੂਫੀ ਨਹੀਂ ਕਿ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਇਤਿਹਾਸਕ ਬਿੱਲ ਪਾਸ ਕਰਵਾਉਣ ਮੌਕੇ ਭਾਜਪਾ ਆਗੂਆਂ ਵਲੋਂ ਵਾਕਆਊਟ ਕੀਤਾ ਗਿਆ ਸੀ ਜਦਕਿ ਇਕ ਦਿਨ ਬਾਅਦ ਭਾਜਪਾ ਦੇ ਹਰਿਆਣਾ ਮੁਖੀ ਦੀ ਨੀਂਦ ਇਨ੍ਹਾਂ ਬਿੱਲਾਂ ’ਤੇ ਟਿੱਪਣੀ ਕਰਨ ਲਈ ਖੁੱਲ੍ਹੀ। ਪੰਜਾਬ ਭਾਜਪਾ ਪ੍ਰਧਾਨ ਜਾਂ ਸੂਬੇ ਤੋਂ ਆਉਦੇ ਕੇਂਦਰੀ ਮੰਤਰੀ ਸਮੇਤ ਭਾਜਪਾ ਦੇ ਸੰਸਦ ਮੈਂਬਰਾਂ ਨੇ ਚੁੱਪੀ ਧਾਰੀ ਰੱਖੀ। ਇਸ ਤੋਂ ਪਤਾ ਲਗਦਾ ਹੈ ਕਿ ਪੰਜਾਬ ਵਿਚ ਹੁਣ ਭਾਜਪਾ ਹਾਲਤ ਕਿੰਨੀ ਤਰਸਯੋਗ ਹੈ।
ਸ਼੍ਰੀ ਸਿੰਗਲਾ ਨੇ ਸਵਾਲ ਚੁੱਕਦਿਆਂ ਕਿਹਾ ਕਿ ਕੇਂਦਰ ਦੇ ਖੇਤੀ ਬਿੱਲਾਂ ਵਿਰੁੱਧ ਪੰਜਾਬ ਦਾ ਕੋਈ ਭਾਜਪਾ ਆਗੂ, ਸੂਬਾ ਪ੍ਰਧਾਨ, ਕੇਂਦਰੀ ਮੰਤਰੀ ਅਤੇ ਸੰਸਦ ਮੈਂਬਰਾਂ ਨੇ ਚੁੱਪ ਵੱਟ ਰੱਖੀ ਹੈ। ਕੀ ਉਹ ਪੰਜਾਬ ਦੇ ਵਾਸੀ ਨਹੀਂ ਜਾਂ ਸੂਬੇ ਦੇ ਕਿਸਾਨਾਂ ਨੂੰ ਜਵਾਬਦੇਹ ਨਹੀਂ ਹਨ?
ਉਨ੍ਹਾਂ ਕਿਹਾ ਕਿ ਜਦੋਂ ਇਨ੍ਹਾਂ ਬਿੱਲਾਂ ‘ਤੇ ਬਹਿਸ ਦਾ ਸਮਾਂ ਆਇਆ ਤਾਂ ਪੰਜਾਬ ਵਿਧਾਨ ਸਭਾ ਵਿੱਚ ਭਾਜਪਾ ਦੇ ਦੋਵੇਂ ਵਿਧਾਇਕਾਂ ਨੇ ਵਿਧਾਨ ਸਭਾ ਵਿੱਚ ਇਨ੍ਹਾਂ ਬਿੱਲਾਂ ਵਿਰੁੱਧ ਇੱਕ ਸ਼ਬਦ ਤੱਕ ਨਹੀਂ ਬੋਲਿਆ। ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਦੇ ਆਗੂ ਆਪਣੇ ਘਰਾਂ ਦੇ ਅੰਦਰ ਲੁਕੇ ਬੈਠੇ ਹਨ ਜੋ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਉਨ੍ਹਾਂ ਨੇ ਸੂਬੇ ਦੇ ਕਿਸਾਨੀ, ਮਜ਼ਦੂਰਾਂ, ਆੜ੍ਹਤੀਆਂ ਅਤੇ ਖੇਤੀਬਾੜੀ ਕਿੱਤੇ ਨਾਲ ਜੁੜੇ ਹੋਰ ਲੋਕਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਪੰਜਾਬ ਦੇ ਹਿੱਤਾਂ ਨਾਲ ਖੜੇ ਹਨ ਅਤੇ ਹੁਣ ਇੱਕ ਵਾਰ ਫਿਰ ਉਹ ਕਿਸਾਨਾਂ ਦੀਆਂ ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਦਿਵਾਉਣ ਦਾ ਭਰੋਸਾ ਦੇ ਕੇ ‘ਕਿਸਾਨੀ ਦਾ ਰਾਖਾ’ ਬਣ ਗਏ ਹਨ।
ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਬਿੱਲਾਂ ਵਿੱਚ ਕਿਸਾਨਾਂ ਸਾਰੇ ਸ਼ੰਕਿਆਂ ਦਾ ਹੱਲ ਕੀਤਾ ਗਿਆ ਹੈ ਜਿਸ ਵਿੱਚ ਐਮ.ਐਸ.ਪੀ ਤੋਂ ਘੱਟ ਕੀਮਤ ’ਤੇ ਫਸਲਾਂ ਖਰੀਦਣ ਵਾਲੇ ਖਰੀਦਦਾਰ ਜਾਂ ਵਪਾਰੀ ਨੂੰ ਘੱਟੋ ਘੱਟ ਤਿੰਨ ਸਾਲ ਦੀ ਕੈਦ ਨਾਲ ਜੁਰਮਾਨੇ ਦੀ ਵੀ ਵਿਵਸਥਾ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਇੱਕ ਇਤਿਹਾਸਕ ਦਿਨ ਸੀ ਜਦੋਂ ਪੰਜਾਬ ਦੇ ਕੁੱਲ 117 ਵਿੱਚੋਂ 115 ਵਿਧਾਇਕਾਂ ਨੇ ਇਨ੍ਹਾਂ ਬਿੱਲਾਂ ਦੇ ਹੱਕ ਵਿੱਚ ਵੋਟ ਦਿੱਤੀ ਅਤੇ ਇਥੋਂ ਤੱਕ ਕਿ ਸੱਤਾਧਾਰੀ ਕਾਂਗਰਸ ਪਾਰਟੀ ਦੇ ਨੇਤਾਵਾਂ ਨਾਲ ਮਿਲ ਕੇ ਰਾਜਪਾਲ ਤੱਕ ਪਹੰੁਚ ਕਰਕੇ ਅਪੀਲ ਕੀਤੀ ਕਿ ਉਹ ਭਾਰਤ ਦੇ ਰਾਸ਼ਟਰਪਤੀ ਨੂੰ ਇਨ੍ਹਾਂ ਬਿੱਲਾਂ ‘ਤੇ ਦਸਤਖਤ ਕਰਨ ਲਈ ਰਾਜ਼ੀ ਕਰਨ। ਉਨ੍ਹਾਂ ਕਿਹਾ ਕਿ ਰਾਜ ਦੇ ਖੇਤੀਬਾੜੀ ਨਾਲ ਸਬੰਧਤ ਸਾਰੇ ਭਾਈਵਾਲਾਂ ਨੇ ਨਵੇਂ ਪਾਸ ਕੀਤੇ ਬਿੱਲਾਂ ਦੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਹੈ ਅਤੇ ਬਾਕਾਇਦਾ ਕਾਂਗਰਸ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ ਕਿ ਉਹ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਨੂੰ ਬਚਾਉਣ ਲਈ ਡੱਟੇ ਹੋਏ ਹਨ।