ਡੈਸਕ: 12 ਅਕਤੂਬਰ ਨੂੰ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਜੱਲ੍ਹਾ ਅਤੇ ਤਰਖਾਣਮਾਜਰਾ ਦੇ ਗੁਰਦੁਆਰਾ ਸਾਹਿਬ ‘ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਕਰਨ ਵਾਲੇ ਫੜੇ ਗਏ ਸਹਿਜਵੀਰ ਤੋਂ ਲੋਕਾਂ ਨੂੰ ਬਹੁਤ ਸਾਰੀਆਂ ਉਮੀਦਾਂ ਸਨ ਕਿ ਹੁਣ ਬਰਗਾੜੀ ਤੇ ਬਹਿਬਲ ਕਲਾਂ ‘ਚ ਹੋਈਆਂ ਬੇਅਦਬੀਆਂ ਤੋਂ ਵੀ ਪਰਦਾ ਉੱਠ ਜਾਵੇਗਾ ਪਰ ਪੁਲਿਸ 15 ਦਿਨ ਦੇ ਪੁਲਿਸ ਰਿਮਾਂਡ ‘ਤੇ ਵੀ ਸਹਿਜਵੀਰ ਤੋਂ ਕੁੱਝ ਵੀ ਨਹੀਂ ਪੁੱਛ ਸਕੀ ਕਿ ਉਸ ਨੇ ਇਹ ਬੇਅਦਬੀਆਂ ਕਿਸ ਦੇ ਕਹਿਣ ‘ਤੇ ਅਤੇ ਕਿਉਂ ਕੀਤੀਆਂ ਹਨ।
ਸ਼੍ਰੋਮਣੀ ਕਮੇਟੀ ਦੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਦੱਸਿਆ ਕਿ ਪੁਲਿਸ ਨੇ ਅਦਾਲਤ ‘ਚ 26 ਅਕਤੂਬਰ ਨੂੰ ਸਹਿਜਵੀਰ ਦਾ ਪੋਲੀ ਗ੍ਰਾਫਿੰਗ ਟੈਸਟ ਕਰਵਾਉਣ ਦੀ ਮੰਗ ਕੀਤੀ ਸੀ ਜਿਸ ‘ਤੇ 27 ਅਕਤੂਬਰ ਨੂੰ ਐਡੀਸ਼ਨਲ ਚੀਫ ਜੁਡੀਸ਼ੀਅਲ ਮਜਿਸਟ੍ਰੇਟ ਨੇ ਸੀਆਈਏ ਸਟਾਫ਼ ਜਾ ਕੇ ਸਹਿਜਵੀਰ ਤੋਂ ਪੁੱਛਿਆ ਸੀ ਕਿ ਉਹ ਪੋਲੀ ਗ੍ਰਾਫਿੰਗ ਟੈਸਟ ਕਰਵਾਉਣ ਲਈ ਤਿਆਰ ਹੈ ਤਾਂ ਸਹਿਜਵੀਰ ਨੇ ਇਹ ਟੈਸਟ ਕਰਵਾਉਣ ਲਈ ਹਾਂ ਕਰ ਦਿੱਤੀ ਸੀ।
ਐਡਵੋਕੇਟ ਧਾਰਨੀ ਨੇ ਦੱਸਿਆ ਕਿ ਜਦੋਂ ਸਹਿਜਵੀਰ ਨੂੰ ਪੁਲਿਸ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਤਾਂ ਪੁਲਿਸ ਨੇ ਅਦਾਲਤ ਨੂੰ ਸਹਿਜਵੀਰ ਨੂੰ ਨਿਆਇਕ ਹਿਰਾਸਤ ਭੇਜਣ ਦੀ ਮੰਗ ਕੀਤੀ ਸੀ ਜਿਸ ‘ਤੇ ਅਦਾਲਤ ਸਹਿਜਵੀਰ ਨੂੰ 10 ਨਵੰਬਰ ਤਕ ਨਿਆਇਕ ਹਿਰਾਸਤ ਲਈ ਜੇਲ੍ਹ ਭੇਜ ਦਿੱਤਾ। ਸ. ਧਾਰਨੀ ਨੇ ਕਿਹਾ ਬੇਅਦਬੀ ਦਾ ਵੱਡਾ ਮੁੱਦਾ ਹੈ ਇਸ ਲਈ ਪੋਲੀ ਗ੍ਰਾਫਿੰਗ ਟੈਸਟ ਕਰਵਾਉਣ ਤੋਂ ਸਤੁੰਸ਼ਟ ਨਹੀਂ ਹਨ ਇਸ ਲਈ ਉਨ੍ਹਾਂ ਅਦਾਲਤ ਤੋਂ ਬੇਅਦਬੀ ਕਰਨ ਵਾਲੇ ਦਾ ਨਾਰਕੋ ਟੈਸਟ ਅਤੇ (ਪੀ 300) ਬਰੇਨ ਮੈਪਿੰਗ ਟੈਸਟ ਦੀ ਮੰਗ ਕੀਤੀ ਹੈ।