ਡੈਸਕ: ਥਾਣਾ ਪਾਇਲ ਅੰਦਰ ਲੋਕ ਇਨਸਾਫ਼ ਪਾਰਟੀ ਵੱਲੋਂ ਲਗਾਏ ਧਰਨੇ ਦੌਰਾਨ ਉਸ ਵੇਲੇ ਹੰਗਾਮਾ ਸ਼ੁਰੂ ਹੋ ਗਿਆ, ਜਦੋਂ ਪਿੰਡ ਮਕਸੂਦੜਾ ਨਾਲ ਸਬੰਧਤ ਇੱਕ ਮਾਮਲੇ ‘ਚ ਮਨਵਿੰਦਰ ਸਿੰਘ ਗਿਆਸਪੁਰਾ ਤੇ ਉਹਨਾਂ ਦੇ ਸਾਥੀ ਥਾਣੇ ਅੰਦਰ ਗੱਲਬਾਤ ਕਰਨ ਲਈ ਗਏ ਓਰ ਕਿਸੇ ਗੱਲ ਨੂੰ ਲੈ ਕੇ ਪੁਲੀਸ ਨਾਲ ਤਕਰਾਰ ਹੋ ਗਈ ਤੇ ਉਹ ਆ ਗਏ, ਜਿੱਥੇ ਪਾਰਟੀ ਵਰਕਰ ਭੜਕੇ ਗਏ। ਇਸ ਦੌਰਾਨ ਪੁਲੀਸ ਤੇ ਲੋਕ ਇਨਸਾਫ਼ ਪਾਰਟੀ ਵਰਕਰਾਂ ਵਿਚਕਾਰ ਧੱਕਾ-ਮੁੱਕੀ ਹੋਈ, ਜਿਨ੍ਹਾਂ ਨੂੰ ਸ਼ਾਂਤ ਕਰਨ ਵਾਸਤੇ ਪੁਲੀਸ ਨੂੰ ਲਾਠੀਚਾਰਜ ਕਰ ਦਿੱਤਾ। ਲੋਕ ਇਨਸਾਫ਼ ਪਾਰਟੀ ਦੇ ਕਾਰਕੁਨਾਂ ਅਤੇ ਪੁਲੀਸ ਮੁਲਾਜ਼ਮਾਂ ਵਿਚਕਾਰ ਹੋਈ ਝੜਪ ਦੌਰਾਨ ਥਾਣਾ ਮੁਖੀ ਕਰਨੈਲ ਸਿੰਘ ਦੇ ਕੱਪੜੇ ਪਾਟ ਗਏ ਅਤੇ ਗਿਆਸਪੁਰਾ ਤੇ ਹੋਰ ਸਾਥੀਆਂ ਦੀਆਂ ਪੱਗਾਂ ਲੱਥ ਗਈਆਂ। ਪੁਲੀਸ ਵੱਲੋਂ ਕੀਤੇ ਲਾਠੀਚਾਰਜ ਦੌਰਾਨ ਲੋਕ ਇਨਸਾਫ਼ ਪਾਰਟੀ ਦੇ ਕੁਝ ਸਾਥੀਆਂ ਨੇ ਇੱਟਾਂ-ਰੋੜੇ ਵਰ੍ਹਾਏ।
ਥਾਣੇ ਅੰਦਰ ਲੋਕ ਇਨਸਾਫ਼ ਪਾਰਟੀ ਵੱਲੋਂ ਦਿੱਤੇ ਧਰਨੇ ਦਾ ਅਸਲ ਮਾਮਲਾ ਇਹ ਸੀ ਕਿ ਪਿੰਡ ਮਕਸੂਦੜਾ ਦੇ ਸਰਪੰਚ ਅਤੇ ਇੱਕ ਪੰਚ ਵੱਲੋਂ ਕੱਚੇ ਮਕਾਨਾਂ ਨੂੰ ਪਾਸ ਕਰਵਾਉਣ ਬਦਲੇ ਪਿੰਡ ਦੇ ਕੁੱਝ ਲੋਕਾਂ ਵੱਲੋਂ ਪੈਸੇ ਲੈਣ ਦਾ ਦੋਸ਼ ਲਗਾਇਆ ਸੀ। ਜਿਸ ਸਬੰਧੀ ਸ਼ਿਕਾਇਤ ਕਰਤਾ ਨੇ ਥਾਣਾ ਪਾਇਲ ਅਤੇ ਐੱਸਡੀਐੱਮ ਪਾਇਲ ਨੂੰ ਦਰਖ਼ਾਸਤ ਦਿੱਤੀ ਸੀ। ਜਿਸ ਦੀ ਸੁਣਵਾਈ ਨਾ ਹੋਣ ‘ਤੇ ਲੋਕ ਇਨਸਾਫ਼ ਪਾਰਟੀ ਵੱਲੋਂ ਮਨਵਿੰਦਰ ਸਿੰਘ ਗਿਆਸਪੁਰਾ ਦੀ ਅਗਵਾਈ ਵਿੱਚ ਥਾਣਾ ਪਾਇਲ ਵਿਖੇ ਧਰਨਾ ਲਗਾਇਆ ਗਿਆ ਸੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਸਪੁਰਾ ਨੇ ਕਿਹਾ ਕਿ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਇਨਸਾਫ਼ ਦੀ ਮੰਗ ਕੀਤੀ ਸੀ ਤਾਂ ਪੁਲੀਸ ਮੁਲਾਜ਼ਮਾਂ ਨੇ ਅੰਦਰ ਬੁਲਾ ਕੇ ਧੱਕਾ-ਮੁੱਕੀ ਕੀਤੀ ਤੇ ਉਨ੍ਹਾਂ ਦੀ ਦਸਤਾਰ ਉਤਾਰ ਦਿੱਤੀ। ਗਿਆਸਪੁਰਾ ਨੇ ਧੱਕਾ-ਮੁੱਕੀ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਐੱਸਐੱਚਓ ਮਲੌਦ ਨੇ ਉਨ੍ਹਾਂ ਨੂੰ ਕਥਤ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਤੇ ਕੁੱਟਮਾਰ ਕੀਤੀ। ਪੁਲੀਸ ਨੇ ਧਰਨਾਕਾਰੀਆਂ ਨੂੰ ਲਾਠੀਚਾਰਜ ਕਰਕੇ ਖਦੇੜ ਦਿੱਤਾ।
ਓਥੇ ਐੱਸਐੱਚਓ ਪਾਇਲ ਜਸਪਾਲ ਸਿੰਘ ਨੇ ਕਿਹਾ ਕਿ ਦੋਨਾਂ ਧਿਰਾਂ ਨੂੰ ਪਰਵਾਨਾ ਨੋਟ ਕਰਵਾ ਕੇ 21 ਸਤੰਬਰ ਨੂੰ 11 ਵਜੇ ਥਾਣੇ ਬੁਲਾਇਆ ਗਿਆ ਸੀ। ਜਿਸ ਸਬੰਧੀ ਗਿਆਸਪੁਰਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਗੱਲ ਨਾ ਕਰਨ ਤੋਂ ਬਜਿੱਦ ਰਹੇ।