ਚੰਡੀਗੜ੍ਹ। ਪੰਜਾਬ ਪੁਲਿਸ ਵੱਲੋਂ ਮੱਧ ਪ੍ਰਦੇਸ਼ ਵਿੱਚ ਚੱਲ ਰਹੇ ਗੈਰ-ਕਾਨੂੰਨੀ ਹਥਿਆਰਾਂ ਦੇ ਇੱਕ ਹੋਰ ਮਡਿਊਲ ਦਾ ਪਰਦਾਫਾਸ਼ ਕੀਤਾ ਗਿਆ ਹੈ। ਪੁਲਿਸ ਨੇ 39 ਪਿਸਤੌਲਾਂ ਸਮੇਤ 2 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। DGP ਦਿਨਕਰ ਗੁਪਤਾ ਨੇ ਦੱਸਿਆ ਕਿ ਅੰਤਰਰਾਜੀ ਕਾਰਵਾਈ ਦੌਰਾਨ ਸਟੇਟ ਕਾਊਂਟਰ ਇੰਟੈਲੀਜੈਂਸ, ਅੰਮ੍ਰਿਤਸਰ ਦੀ ਟੀਮ ਨੇ ਮੱਧ ਪ੍ਰਦੇਸ਼ ਦੇ ਬੜਵਾਨੀ ਜ਼ਿਲ੍ਹੇ ਦੇ ਪਿੰਡ ਜਮਲੀ ਗਾਇਤਰੀ ਧਾਮ ਦੇ ਰਹਿਣ ਵਾਲੇ ਜੀਵਨ ਅਤੇ ਪਿੰਡ ਉਮਰਤੀ ਦੇ ਵਿਜੇ ਠਾਕੁਰ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨਾਂ ਕੋਲੋਂ ਮੈਗਜ਼ੀਨਾਂ ਸਮੇਤ 39 ਪਿਸਤੌਲਾਂ (.32 ਬੋਰ) ਬਰਾਮਦ ਕੀਤੀਆਂ ਹਨ।
8 ਮਹੀਨਿਆਂ ‘ਚ ਚੌਥੀ ਵੱਡੀ ਕਾਮਯਾਬੀ
DGP ਦਿਨਕਰ ਗੁਪਤਾ ਨੇ ਦੱਸਿਆ ਕਿ ਪ੍ਰਾਪਤ ਜਾਣਕਾਰੀ ਦੇ ਆਧਾਰ ’ਤੇ ਸਮੁੱਚੇ ਮਡਿਊਲ ਦਾ ਪਰਦਾਫਾਸ਼ ਕਰਨ ਲਈ ਇੰਸਪੈਕਟਰ ਇੰਦਰਦੀਪ ਸਿੰਘ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਟੀਮ ਨੂੰ ਮੱਧ ਪ੍ਰਦੇਸ਼ ਭੇਜਿਆ ਗਿਆ। ਉਹਨਾਂ ਦੱਸਿਆ ਕਿ ਮੁੱਢਲੀ ਪੜਤਾਲ ਤੋਂ ਇਹ ਪਤਾ ਚੱਲਿਆ ਕਿ ਇਹ ਹਥਿਆਰ ਪੰਜਾਬ ਦੇ ਵੱਖ-ਵੱਖ ਅਪਰਾਧਿਕ ਗਿਰੋਹਾਂ ਅਤੇ ਹੋਰ ਦੇਸ਼ ਵਿਰੋਧੀ ਅਨਸਰਾਂ ਨੂੰ ਸਪਲਾਈ ਕੀਤੇ ਜਾਣੇ ਸਨ। ਦੱਸਣਯੋਗ ਹੈ ਕਿ ਪੰਜਾਬ ਪੁਲਿਸ ਵੱਲੋਂ ਪਿਛਲੇ 8 ਮਹੀਨਿਆਂ ਵਿੱਚ ਬੇਨਕਾਬ ਕੀਤਾ ਗਿਆ ਇਹ ਮੱਧ ਪ੍ਰਦੇਸ਼ ਦਾ ਅਜਿਹਾ ਚੌਥਾ ਮਡਿਊਲ ਹੈ।
ਹੁਣ ਤੱਕ 122 ਗੈਰ-ਕਾਨੂੰਨੀ ਹਥਿਆਰ ਬਰਾਮਦ
DGP ਨੇ ਕਿਹਾ ਕਿ ਮੱਧ ਪ੍ਰਦੇਸ਼ ਵਿੱਚ ਗੈਰ-ਕਾਨੂੰਨੀ ਹਥਿਆਰ ਬਣਾਉਣ ਵਾਲੀਆਂ ਇਕਾਈਆਂ ਦਾ ਪਰਦਾਫਾਸ਼ ਕਰਨ ਤੋਂ ਇਲਾਵਾ, ਪੰਜਾਬ ਪੁਲਿਸ ਦੀਆਂ ਵੱਖ-ਵੱਖ ਇਕਾਈਆਂ ਨੇ ਇਸ ਤੋਂ ਪਹਿਲਾਂ ਸੂਬੇ ‘ਚੋਂ ਮੱਧ ਪ੍ਰਦੇਸ਼ ਦੇ ਬਣੇ ਹੋਏ ਗੈਰ-ਕਾਨੂੰਨੀ ਹਥਿਆਰਾਂ ਦੀਆਂ ਵੱਡੀਆਂ ਖੇਪਾਂ ਬਰਾਮਦ ਕੀਤੀਆਂ ਸਨ। ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਵੱਲੋਂ ਸਤੰਬਰ, 2020 ਤੋਂ ਹੁਣ ਤੱਕ ਮੱਧ ਪ੍ਰਦੇਸ਼ ਦੇ ਬਣੇ ਹੋਏ ਤਕਰੀਬਨ 122 ਗੈਰ-ਕਾਨੂੰਨੀ ਹਥਿਆਰ ਬਰਾਮਦ ਕੀਤੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ DGP ਦਿਨਕਰ ਗੁਪਤਾ ਨੇ ਦੱਸਿਆ ਕਿ ਕਾਉਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ 12 ਜੂਨ 2021 ਨੂੰ ਤਰਨ ਤਾਰਨ ਵਾਸੀ ਹੀਰਾ ਸਿੰਘ ਅਤੇ ਹਰਮਨਦੀਪ ਸਿੰਘ ਨਾਮੀ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਹਨਾਂ ਕੋਲੋਂ ਤਿੰਨ ਦੇਸੀ ਪਿਸਤੌਲ ਅਤੇ ਗੋਲੀ ਸਿੱਕਾ ਬਰਾਮਦ ਕੀਤਾ ਗਿਆ ਸੀ ਅਤੇ ਉਹਨਾਂ ਦੀ ਪੁੱਛ-ਪੜਤਾਲ ਦੌਰਾਨ ਇਹ ਖੁਲਾਸਾ ਹੋਇਆ ਕਿ ਉਹਨਾਂ ਨੇ ਇਹ ਹਥਿਆਰ ਮੱਧ ਪ੍ਰਦੇਸ਼ ਤੋਂ ਖਰੀਦੇ ਸਨ।