ਬਿਓਰੋ। 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਪੰਜਾਬ ਕਾਂਗਰਸ ਅੰਦਰ ਉਠਿਆ ਤੂਫਾਨ ਸ਼ਾਂਤ ਹੋਣ ਦਾ ਨਾੰਅ ਨਹੀਂ ਲੈ ਰਿਹਾ। ਕਾਂਗਰਸ ਅੰਦਰ ਨਰਾਜ਼ ਧੜੇ ਵੱਲੋਂ ਕੀਤੀਆਂ ਜਾ ਰਹੀਆਂ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ। ਇਸੇ ਤਹਿਤ ਇੱਕ ਹੋਰ ਮੀਟਿੰਗ ਸੋਮਵਾਰ ਨੂੰ ਵਿਧਾਇਕ ਪਰਗਟ ਸਿੰਘ ਦੀ ਿਰਹਾਇਸ਼ ‘ਤੇ ਕੀਤੀ ਗਈ, ਜਿਸ ‘ਚ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਅਤੇ ਚਰਨਜੀਤ ਚੰਨੀ ਤੋਂ ਇਲਾਵਾ ਕਈ ਵਿਧਾਇਕ ਸ਼ਾਮਲ ਹੋਏ।
ਇਸ ਮੀਟਿੰਗ ਤੋਂ ਬਾਅਦ ਕਾਂਗਰਸ ਵਿਧਾਇਕ ਪਰਗਟ ਸਿੰਘ ਨੇ ਇੱਕ ਵਾਰ ਫਿਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਿਸੰਘ ‘ਤੇ ਵੱਡਾ ਹਮਲਾ ਬੋਲਿਆ। ਵਿਧਾਇਕ ਸੁਰਜੀਤ ਧੀਮਾਨ ਵੱਲੋਂ ਦਿੱਤੇ ਬਿਆਨ ‘ਤੇ ਹਾਮੀ ਭਰਦਿਆਂ ਪਰਗਟ ਸਿੰਘ ਨੇ 2022 ਦੀਆਂ ਚੋਣਾਂ ਕੈਪਟਨ ਦੀ ਅਗਵਾਈ ‘ਚ ਲੜਨ ਦਾ ਵਿਰੋਧ ਕੀਤਾ। ਉਹਨਾਂ ਕਿਹਾ, “ਮੈਂ ਪਹਿਲਾਂ ਵੀ ਕਹਿ ਚੁੱਕਿਆ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਆਪ ਆਪਣਾ ਸਰਵੇਖਣ ਕਰਵਾ ਕੇ ਵੇਖ ਲੈਣ, ਉਹਨਾਂ ਨੂੰ ਸਥਿਤੀ ਦਾ ਪਤਾ ਲੱਗ ਜਾਵੇਗਾ।” ਉਹਨਾਂ ਕਿਹਾ ਕਿ ਸੁਰਜੀਤ ਧੀਮਾਨ ਨੇ ਜੋ ਵੀ ਕਿਹਾ ਹੈ, ਉਹ ਉਸ ਨਾਲ ਪੂਰੀ ਤਰ੍ਹਾਂ ਸਹਿਮਤ ਹਨ। ਦੱਸ ਦਈਏ ਕਿ ਧੀਮਾਨ ਨੇ 2022 ਦੀਆਂ ਚੋਣਾਂ ਕੈਪਟਨ ਹੇਠ ਨਾ ਲੜਨ ਦੀ ਦਲੀਲ ਦਿੱਤੀ ਸੀ।
ਪਰਗਟ ਸਿੰਘ ਨੇ ਇਹ ਵੀ ਕਿਹਾ ਕਿ ਲੀਡਰਸ਼ਿਪ ਵਿਚ ਬਦਲਾਅ ਹਾਈਕਮਾਨ ਨੇ ਕਰਨਾ ਹੈ। ਉਹਨਾਂ ਕਿਹਾ ਕਿ ਪਾਰਟੀ ‘ਚ ਬਹੁਤ ਸਾਰੇ ਯੋਗ ਆਗੂ ਹਨ। ਉਹਨਾਂ ਕਿਹਾ ਕਿ ਮੌਜੂਦਾ ਹਾਲਾਤ ‘ਚ ਉਹ ਲੋਕਾਂ ਕੋਲ ਵੋਟਾਂ ਮੰਗਣ ਲਈ ਨਹੀਂ ਜਾ ਸਕਦੇ।