December 10, 2022
(Tarntaran)
ਪੰਜਾਬ ਵਿੱਚ ਦੂਜੀ ਵਾਰ RPG ਨਾਲ ਅਟੈਕ ਕਰਕੇ ਪੁਲਿਸ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਵਾਰ ਹਮਲਾ ਤਰਨਤਾਰਨ ਦੇ ਸਰਹਾਲੀ ਵਿੱਚ ਬਣੇ ਪੁਲਿਸ ਸਟੇਸ਼ਨ ‘ਚ ਹੋਇਆ ਹੈ। ਜਾਣਕਾਰੀ ਮੁਤਾਬਕ, ਸ਼ੁੱਕਰਵਾਰ ਰਾਤ ਕਰੀਬ ਇੱਕ ਵਜੇ ਰਾਕੇਟ ਲਾਂਚਰ ਨਾਲ ਹਮਲਾ ਕੀਤਾ ਗਿਆ। ਹਾਲਾਂਕਿ ਇਸ ਹਮਲੇ ਵਿੱਚ ਕੋਈ ਵੱਡਾ ਨੁਕਸਾਨ ਨਹੀਂ ਹੋਇਆ, ਪਰ ਥਾਣਾ ਸਰਹਾਲੀ ਦੀ ਬਿਲਡਿੰਗ ਨੂੰ ਨੁਕਸਾਨ ਪਹੁੰਚਿਆ ਹੈ।
ਰਾਤ ਨੂੰ ਧਮਾਕੇ ਦੀ ਅਵਾਜ਼ ਸੁਣ ਕੇ ਜਦੋਂ ਤੱਕ ਪੁਲਿਸ ਸਰਹਾਲੀ ਥਾਣੇ ਤੋਂ ਬਾਹਰ ਨਿਕਲੀ, ਤਾਂ ਹਮਲਾਵਰ ਫ਼ਰਾਰ ਹੋ ਚੁੱਕੇ ਸਨ। ਥਾਣੇ ਵਿੱਚ ਰਾਤ ਦੇ ਮੁਨਸ਼ੀ, ਡਿਊਟੀ ਅਫ਼ਸਰ ਅਤੇ 2 ਕਾਂਸਟੇਬਲਾਂ ਤੋਂ ਇਲਾਵਾ ਕੋਈ ਨਹੀਂ ਸੀ।
ਮੰਨਿਆ ਜਾ ਰਿਹਾ ਹੈ ਕਿ ਪਹਿਲਾਂ ਇਹ ਕਿਤੇ ਹੋਰ ਡਿੱਿਗਆ ਅਤੇ ਬਾਅਦ ਵਿੱਚ ਡਾਇਵਰਟ ਹੋ ਕੇ ਪੁਲਿਸ ਸਟੇਸ਼ਨ ਵਿੱਚ ਆਇਆ। ਯਾਨੀ ਪਹਿਲਾਂ ਗੇਟ ਜਾਂ ਪਿਲਰ ਨੂੰ ਟਾਰਗੇਟ ਕੀਤਾ ਗਿਆ ਅਤੇ ਉਸ ਤੋਂ ਬਾਅਦ ਇਹ ਬਿਲਡਿੰਗ ਵੱਲ ਆਇਆ। ਇਸ ਅਟੈਕ ਤੋਂ ਬਾਅਦ ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਤਰਨਤਾਰਨ ਵਿੱਚ ਹੀ ਨਾਮੀ ਗੈਂਗਸਟਰ ਹਰਵਿੰਦਰ ਸਿੰਘ ਉਰਫ ਰਿੰਦਾ ਅਤੇ ਲਖਬੀਰ ਸਿੰਘ ਲੰਡਾ ਉਰਫ ਲੰਡਾ ਹਰੀਕੇ ਦਾ ਜੱਦੀ ਘਰ ਹੈ।
ਮੋਹਾਲੀ RPG ਅਟੈਕ ਵਰਗਾ ਹਮਲਾ
ਇੰਟੈਲੀਜੈਂਸ ਏਜੰਸੀਆਂ ਨੇ ਵੀ ਇਸ ਮਾਮਲੇ ਨੂੰ ਕਨਫਰਮ ਕੀਤਾ ਹੈ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਡਾਇਰੈਕਟ ਹਿੱਟ ਨਾ ਹੋਣ ਦੇ ਚਲਦੇ ਇਸਦਾ ਅਸਰ ਘੱਟ ਹੋਇਆ ਹੈ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਮੋਹਾਲੀ ਵਿੱਚ ਪੰਜਾਬ ਇੰਟੈਲੀਜੈਂਸ ਦੇ ਦਫ਼ਤਰ ਵਿੱਚ ਜਿਸ ਤਰ੍ਹਾਂ ਹਮਲਾ ਹੋਇਆ ਸੀ, ਇਹ ਉਸੇ ਤਰ੍ਹਾਂ ਦਾ ਹੀ ਹਮਲਾ ਹੈ। ਅਜੇ ਤੱਕ ਕਿਸੇ ਵੀ ਦਹਿਸ਼ਤਗਰਦੀ ਜਥੇਬੰਦੀ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
SSP ਗੁਰਮੀਤ ਸਿੰਘ ਚੌਹਾਨ ਨੇ ਹਮਲੇ ਦੀ ਪੁਸ਼ਟੀ ਕੀਤੀ ਹੈ। ਉਹਨਾਂ ਕਿਹਾ ਕਿ ਹਮਲੇ ਵਿੱਚ ਥਾਣੇ ਦੇ ਇੱਕ ਹਿੱਸੇ ਵਿੱਚ ਬਣੇ ਸਾਂਝ ਕੇਂਦਰ ਦੇ ਸ਼ੀਸ਼ੇ ਟੁੱਟ ਗਏ। ਜਿਥੋਂ ਸ਼ੀਸ਼ਾ ਟੁੱਟਿਆ ਹੈ, ਉਸ ਥਾਂ ਨੂੰ ਫਾਰੈਂਸਿਕ ਜਾਂਚ ਲਈ ਸੀਲ ਕਰ ਦਿੱਤਾ ਗਿਆ ਹੈ।