Home Election 2022 ਲਈ ਸੁਖਬੀਰ ਬਾਦਲ ਨੇ ਕੀਤਾ ਵੱਡਾ ਐਲਾਨ...ਤਾਂ ਕੈਪਟਨ ਬੋਲੇ, "ਜੋ ਅਸੀਂ...

2022 ਲਈ ਸੁਖਬੀਰ ਬਾਦਲ ਨੇ ਕੀਤਾ ਵੱਡਾ ਐਲਾਨ…ਤਾਂ ਕੈਪਟਨ ਬੋਲੇ, “ਜੋ ਅਸੀਂ ਪਹਿਲਾਂ ਹੀ ਕਰ ਚੁੱਕੇ, ਉਹ ਤੁਸੀਂ ਕਿਵੇਂ ਕਰੋਗੇ?”

ਬਿਓਰੋ। 2022 ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਦਾ ਪਾਰਾ High ਹੈ। ਇਸ ਵਿੱਚ ਹੋਰ ਵੀ ਉਬਾਲ ਆ ਗਿਆ, ਜਦੋਂ ਸ਼ੁੱਕਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਲਈ ਵੱਡਾ ਐਲਾਨ ਕਰ ਦਿੱਤਾ।

ਸੁਖਬੀਰ ਬਾਦਲ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਜਾਰੀ ਕਰਕੇ ਐਲਾਨ ਕੀਤਾ ਕਿ ਜੇਕਰ 2022 ‘ਚ ਅਕਾਲੀ ਦਲ-BSP ਦੀ ਸਰਕਾਰ ਸੱਤਾ ‘ਚ ਆਉਂਦੀ ਹੈ, ਤਾਂ ਹਰ ਸ਼ਹੀਦ ਕਿਸਾਨ ਦੇ ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ, ਉਹਨਾਂ ਦੇ ਬੱਚਿਆਂ ਅਤੇ ਪੋਤਿਆਂ ਨੂੰ ਪੋਸਟ-ਗ੍ਰੈਜੁਏਸ਼ਨ ਤੱਕ ਮੁਫਤ ਸਿੱਖਿਆ ਅਤੇ ਪੂਰੇ ਪਰਿਵਾਰ ਨੂੰ ਸਿਹਤ ਬੀਮਾ ਕਵਰ ਦਿੱਤਾ ਜਾਵੇਗਾ।

ਕਿਸਾਨਾਂ ਨੂੰ ਮੂਰਖ ਬਣਾਉਣਾ ਬੰਦ ਕਰੋ- ਕੈਪਟਨ

ਸੁਖਬੀਰ ਬਾਦਲ ਦੇ ਇਸ ਐਲਾਨ ਦਾ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਕੜਿਆਂ ਨਾਲ ਜਵਾਬ ਦਿੱਤਾ। ਸੀਐੱਮ ਦੇ ਮੀਡੀਆ ਸਲਾਹਕਾਰ ਵੱਲੋਂ ਸੀਐੱਮ ਦੇ ਹਵਾਲੇ ਤੋਂ ਇੱਕ ਤੋਂ ਬਾਅਦ ਇੱਕ 4 ਟਵੀਟ ਕਰਕੇ ਸੁਖਬੀਰ ਬਾਦਲ ਦੇ ਹਰ ਐਲਾਨ ਨੂੰ ਅਜਿਹਾ ਐਲਾਨ ਦੱਸਿਆ ਗਿਆ, ਜੋ ਉਹਨਾਂ ਦੀ ਸਰਕਾਰ ਪਹਿਲਾਂ ਹੀ ਕਰ ਚੁੱਕੀ ਹੈ। ਸੀਐੱਮ ਵੱਲੋਂ ਕਿਹਾ ਗਿਆ, “ਸਾਡੇ ਕਿਸਾਨਾਂ ਨੂੰ ਅਜਿਹੇ ਚੋਣ ਵਾਅਦਿਆਂ ਨਾਲ ਮੂਰਖ ਬਣਾਉਣਾ ਬੰਦ ਕਰੋ, ਜੋ ਅਸੀਂ ਬੜੀ ਦੇਰ ਪਹਿਲਾਂ ਲਾਗੂ ਕਰ ਚੁੱਕੇ ਹਾਂ। ਤੁਸੀਂ ਉਹ ਕਿਵੇਂ ਲਾਗੂ ਕਰੋਗੇ, ਜੋ ਅਸੀਂ ਪਹਿਲਾਂ ਹੀ ਕਰ ਚੁੱਕੇ ਹਾਂ।”

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, “ਅਸੀਂ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਲਈ ਮੁਆਵਜ਼ਾ ਤੇ ਨੌਕਰੀ ਦਾ ਐਲਾਨ ਉਦੋਂ ਹੀ ਕਰ ਦਿੱਤਾ ਸੀ, ਜਦੋਂ ਤੁਸੀਂ ਆਪਣੇ ਸਿਆਸੀ ਆਕਾ ਬੀਜੇਪੀ ਨਾਲ ਗਠਜੋੜ ‘ਚ ਰਹਿੰਦਿਆਂ ਸਾਜ਼ਿਸ਼ ਘੜਨ ‘ਚ ਵਿਅਸਤ ਸੀ।”

ਅੰਕੜਿਆਂ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਦੱਸਿਆ, “ਅਸੀਂ 237 ‘ਚੋਂ 191 ਕਿਸਾਨਾਂ ਦੇ ਸ਼ਹੀਦ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਪਹਿਲਾਂ ਹੀ ਦੇ ਚੁੱਕੇ ਹਾਂ ਅਤੇ ਬਾਕੀਆਂ ਨੂੰ ਵੀ ਦੇ ਦਿੱਤੀ ਜਾਵੇਗੀ, ਜਦੋਂ ਤੱਕ ਤੁਸੀਂ 2022 ਦੇ ਚੋਣ ਪ੍ਰਚਾਰ ਲਈ ਆਪਣੇ ਵਾਅਦੇ ਤਿਆਰ ਕਰ ਲਓ। ਨੌਕਰੀਆਂ ਨੂੰ ਵੀ ਅੰਤਿਮ ਰੂਪ ਦੇਣ ਦਾ ਕੰਮ ਐਡਵਾਂਸ ਸਟੇਜ ‘ਤੇ ਹੈ।”

ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਸਿਹਤ ਬੀਮਾ ਕਵਰ ਦੇਣ ਦੇ ਸੁਖਬੀਰ ਬਾਦਲ ਦੇ ਐਲਾਨ ‘ਤੇ ਵੀ ਮੁੱਖ ਮੰਤਰੀ ਨੇ ਹਮਲਾ ਬੋਲਿਆ। ਉਹਨਾਂ ਕਿਹਾ, “ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਲਈ ਸਿਹਤ ਬੀਮਾ ਕਵਰ ਬਾਰੇ ਕੀ ਬਕਵਾਸ ਕਰ ਰਹੇ ਹੋ? ਕੀ ਤੁਹਾਨੂੰ ਇਹ ਪਤਾ ਨਹੀਂ ਕਿ ਅਸੀਂ ਪਹਿਲਾਂ ਹੀ ਸਾਰੇ ਕਿਸਾਨਾਂ ਨੂੰ ਸਰਬੱਤ ਸਿਹਤ ਬੀਮਾ ਯੋਜਨਾ ‘ਚ ਕਵਰ ਕਰ ਚੁੱਕੇ ਹਾਂ। ਤੁਹਾਡਾ ਅਕਾਲੀ ਦਲ ਝੂਠੇ ਵਾਅਦਿਆਂ ਨਾਲ ਜਾਣ-ਬੁੱਝ ਕੇ ਕਿਸਾਨਾਂ ਨੂੰ ਗੁੰਮਰਾਹ ਕਰ ਰਿਹਾ ਹੈ।”

ਜਵਾਬ ‘ਚ ਅਕਾਲੀ ਦਲ ਨੇ ਯਾਦ ਦੁਆ ਦਿੱਤੇ ਚੋਣ ਵਾਅਦੇ

ਵਾਰ-ਪਲਟਵਾਰ ਦਾ ਇਹ ਸਿਲਸਿਲਾ ਇਥੇ ਹੀ ਨਹੀਂ ਰੁਕਿਆ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅੰਕੜਿਆਂ ਦਾ ਸ਼੍ਰੋਮਣੀ ਅਕਾਲੀ ਦਲ ਨੇ ਵੀ ਅੰਕੜਿਆਂ ਨਾਲ ਹੀ ਜਵਾਬ ਦਿੱਤਾ। ਸੁਖਬੀਰ ਬਾਦਲ ਦੇ ਪ੍ਰਿੰਸੀਪਲ ਸਲਾਹਕਾਰ ਹਰਚਰਨ ਬੈਂਸ ਨੇ ਟਵੀਟ ਕਰ ਕਿਹਾ, “ਰਾਤ ਨੂੰ ਕੀਤੇ ਇਕਬਾਲੀਆ ਬਿਆਨ ਲਈ ਧੰਨਵਾਦ। ਜਨਵਰੀ, 2017 ‘ਚ ਤੁਸੀਂ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਲਈ 10-10 ਲੱਖ ਦੀ ਆਰਥਿਕ ਮਦਦ ਅਤੇ ਪਰਿਵਾਰ ਦੇ ਹਰ ਜੀਅ ਲਈ ਨੌਕਰੀ ਦਾ ਐਲਾਨ ਕੀਤਾ ਸੀ। 5 ਸਾਲਾਂ ਬਾਅਦ, ਤੁਸੀਂ ਅਜੇ ਵੀ ਸ਼ੇਖੀ ਮਾਰ ਰਹੇ ਹੋ ਕਿ ਤੁਸੀਂ ਵਾਅਦੇ ਪੂਰੇ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਕਿੰਨਾ ਜਲਦੀ!  10 ਲੱਖ 5 ਲੱਖ ਬਣ ਗਏ। ਦਿੱਲੀ ਅੰਦੋਲਨ ਦੇ ਸ਼ਹੀਦ(ਦੇ ਪਰਿਵਾਰ) ਨੂੰ ਕੋਈ ਨੌਕਰੀ ਨਹੀਂ। ਸੰਯੁਕਤ ਕਿਸਾਨ ਮੋਰਚਾ ਕਹਿੰਦਾ ਹੈ 415 ਸ਼ਹੀਦ, ਤੁਸੀਂ ਕਹਿੰਦੇ ਹੋ 235…ਸੱਚ ਕੀ ਹੈ?”

ਹੁਣ ਤੱਕ 500 ਤੋਂ ਵੱਧ ਕਿਸਾਨਾਂ ਦੀ ਮੌਤ

ਦੱਸਣਯੋਗ ਹੈ ਕਿ ਪਿਛਲੇ ਕਰੀਬ ਸਾਢੇ 7 ਮਹੀਨਿਆਂ ਤੋਂ ਪੰਜਾਬ-ਹਰਿਆਣਾ ਸਣੇ ਦੇਸ਼ ਭਰ ਦੇ ਕਿਸਾਨ ਦਿ਼ੱਲੀ ਦੀਆਂ ਬਰੂਹਾਂ ‘ਤੇ ਬੈਠੇ ਹਨ। ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਅੰਦੋਲਨ ਕਰ ਰਹੇ ਕਿਸਾਨਾਂ ‘ਚੋਂ 500 ਤੋਂ ਵੱਧ ਕਿਸਾਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ।

RELATED ARTICLES

LEAVE A REPLY

Please enter your comment!
Please enter your name here

Most Popular

Recent Comments