ਚੰਡੀਗੜ੍ਹ, 17 ਸਤੰਬਰ
ਪੰਜਾਬ ਸ਼ਹਿਰੀ ਯੋਜਨਾਬੰਦੀ ਅਤੇ ਵਿਕਾਸ ਅਥਾਰਟੀ (ਪੁੱਡਾ) ਅਤੇ ਹੋਰ ਖੇਤਰੀ ਵਿਕਾਸ ਅਥਾਰਟੀਆਂ ਨੇ ਵੱਖ-ਵੱਖ ਜਾਇਦਾਦਾਂ ਦੀ ਈ-ਨਿਲਾਮੀ ਰਾਹੀਂ 2954 ਕਰੋੜ ਰੁਪਏ ਕਮਾਏ ਹਨ ਜੋ 16 ਸਤੰਬਰ (ਸੋਮਵਾਰ) ਨੂੰ ਖਤਮ ਹੋਈ। ਇਹ ਈ-ਨਿਲਾਮੀ 6 ਸਤੰਬਰ ਨੂੰ ਸ਼ੁਰੂ ਹੋਈ ਸੀ ਅਤੇ ਇਸ ਵਿੱਚ ਗਰੁੱਪ ਹਾਊਸਿੰਗ, ਮਲਟੀਪਲੈਕਸ, ਵਪਾਰਕ ਥਾਵਾਂ, ਰਿਹਾਇਸ਼ੀ ਪਲਾਟ, ਐਸ.ਸੀ.ਓ, ਬੂਥ, ਦੁਕਾਨਾਂ, ਐਸ.ਸੀ.ਐਫ. ਤੇ ਹੋਰ ਜਾਇਦਾਦਾਂ ਸ਼ਾਮਲ ਸਨ।
ਦੱਸਣਯੋਗ ਹੈ ਕਿ ਪੁੱਡਾ ਨੂੰ ਓ.ਯੂ.ਵੀ.ਜੀ.ਐਲ. ਦੀਆਂ 162 ਜਾਇਦਾਦਾਂ ਦੀ ਨਿਲਾਮੀ ਪ੍ਰਾਪਤ ਹੋਈ। ਗਮਾਡਾ ਨੇ ਸੈਕਟਰ-62 ਵਿੱਚ ਦੋ ਕਮਰਸ਼ੀਅਲ ਥਾਵਾਂ, ਈਕੋ-ਸਿਟੀ-1 ਅਤੇ ਏਅਰੋਸਿਟੀ ਵਿੱਚ ਇਕ-ਇਕ ਰਕਬਾ (ਚੰਕ), ਸੈਕਟਰ-66 ਵਿੱਚ ਤਿੰਨ ਗਰੁੱਪ ਹਾਊਸਿੰਗ ਥਾਵਾਂ, ਐਸ.ਏ.ਐਸ. ਨਗਰ ਦੇ ਵੱਖ-ਵੱਖ ਸੈਕਟਰਾਂ ਵਿੱਚ 16 ਐਸ.ਸੀ.ਓ. ਅਤੇ 12 ਬੂਥਾਂ ਦੀ ਸਫਲ ਨਿਲਾਮੀ ਕਰਵਾਈ। ਇਸੇ ਤਰ੍ਹਾਂ ਗਲਾਡਾ ਨੇ 32 ਜਾਇਦਾਦਾਂ ਦੀ ਨਿਲਾਮੀ ਕਰਵਾਈ। ਬਠਿੰਡਾ ਵਿਕਾਸ ਅਥਾਰਟੀ (ਬੀ.ਡੀ.ਏ.) ਨੇ 23 ਜਾਇਦਾਦਾਂ ਦੀ ਨਿਲਾਮੀ ਕਰਵਾਈ। ਅੰਮ੍ਰਿਤਸਰ ਵਿਕਾਸ ਅਥਾਰਟੀ (ਏ.ਡੀ.ਏ.) ਅਤੇ ਜਲੰਧਰ ਵਿਕਾਸ ਅਥਾਰਟੀ (ਜੇ.ਡੀ.ਏ.) ਨੇ ਕ੍ਰਮਵਾਰ 34 ਅਤੇ 22 ਜਾਇਦਾਦਾਂ ਦੀ ਨਿਲਾਮੀ ਕਰਵਾਈ ਅਤੇ ਪਟਿਆਲਾ ਵਿਕਾਸ ਅਥਾਰਟੀ (ਪੀ.ਡੀ.ਏ.) ਨੇ 17 ਜਾਇਦਾਦਾਂ ਦੀ ਨਿਲਾਮੀ ਕਰਵਾਈ। ਸਫਲ ਬੋਲੀਕਾਰਾਂ ਨੂੰ ਕੁੱਲ ਕੀਮਤ ਦੀ 10 ਫੀਸਦੀ ਰਾਸ਼ੀ ਜਮ੍ਹਾਂ ਕਰਵਾਉਣ ’ਤੇ ਸਬੰਧਤ ਜਗ੍ਹਾ ਅਲਾਟ ਕੀਤੀ ਜਾਵੇਗੀ ਅਤੇ ਕੁੱਲ ਕੀਮਤ ਦੀ 25 ਫੀਸਦੀ ਰਾਸ਼ੀ ਦੀ ਅਦਾਇਗੀ ਕਰਨ ਮਗਰੋਂ ਕਬਜ਼ਾ ਸੌਂਪਿਆ ਜਾਵੇਗਾ।
ਵਿਕਾਸ ਅਥਾਰਟੀਆਂ ਵੱਲੋਂ ਪੈਦਾ ਕੀਤੇ ਮਾਲੀਏ ਦਾ ਵਿਸਥਾਰਤ ਵੇਰਵਾ-
1. ਪੁੱਡਾ 224.11 ਕਰੋੜ
2. ਗਮਾਡਾ 2505.45 ਕਰੋੜ
3. ਗਲਾਡਾ 108.59 ਕਰੋੜ
4. ਬੀ.ਡੀ.ਏ. 46.29 ਕਰੋੜ
5. ਪੀ.ਡੀ.ਏ. 21.39 ਕਰੋੜ
6. ਜੇ.ਡੀ.ਏ. 20.63 ਕਰੋੜ
7. ਏ.ਡੀ.ਏ. 19.25 ਕਰੋੜ