December 14, 2022
(Chandigarh)
ਚੰਡੀਗੜ੍ਹ ਦੇ SSP ਅਹੁਦੇ ਤੋਂ ਪੰਜਾਬ ਕੈਡਰ ਦੇ IPS ਅਧਿਕਾਰੀ ਕੁਲਦੀਪ ਚਹਿਲ ਨੂੰ ਹਟਾਏ ਜਾਣ ਦੇ ਮਾਮਲੇ ‘ਚ ਸੀਐੱਮ ਭਗਵੰਤ ਮਾਨ ਦਾ ਦਾਅ ਉਲਟਾ ਪੈਂਦਾ ਨਜ਼ਰ ਆ ਰਿਹਾ ਹੈ। ਸੀਐੱਮ ਵੱਲੋਂ ਰਾਜਪਾਲ ਨੂੰ ਲਿਖੀ ਚਿੱਠੀ ਦਾ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਜਵਾਬ ਦਿੱਤਾ ਹੈ। ਉਹਨਾਂ ਕਿਹਾ ਕਿ ਲੈਟਰ ਦਾ ਕੰਟੈਂਟ ਦਰਸਾਉਂਦਾ ਹੈ ਕਿ ਸੀਐੱਮ ਨੇ ਇਸ ਨੂੰ ਲਿਖਦੇ ਅਤੇ ਭੇਜਦੇ ਵਕਤ ਤੱਥਾਂ ਦੀ ਪੜਤਾਲ ਨਹੀਂ ਕੀਤੀ। ਜੇਕਰ ਕੀਤੀ ਹੁੰਦੀ, ਤਾਂ ਸ਼ਾਇਦ ਲੈਟਰ ਲਿਖਣ ਦੀ ਲੋੜ ਹੀ ਨਾ ਪੈਂਦੀ।
ਰਾਜਪਾਲ ਨੇ ਕਿਹਾ, “SSP ਕੁਲਦੀਪ ਚਹਿਲ ਦੇ ਗਲਤ ਵਤੀਰੇ ਨੂੰ ਲੈ ਕੇ ਗੰਭੀਰ ਇਨਪੁੱਟ ਮਿਲ ਰਹੇ ਸਨ, ਜਿਸਦੀ ਮੈਂ ਭਰੋਸੇਯੋਗ ਸੂਤਰਾਂ ਤੋਂ ਪੜਤਾਲ ਵੀ ਕਰਵਾਈ। ਉਸ ਤੋਂ ਬਾਅਦ ਮੈਂ 28 ਨਵੰਬਰ ਨੂੰ ਪੰਜਾਬ ਦੇ ਮੁੱਖ ਸਕੱਤਰ ਨੂੰ ਫੋਨ ਕਰਕੇ ਸੂਚਿਤ ਕੀਤਾ ਕਿ ਕੁਲਦੀਪ ਚਹਿਲ ਨੂੰ SSP ਦੇ ਅਹੁਦੇ ਤੋਂ ਹਟਾਉਣ ਦਾ ਫ਼ੈਸਲਾ ਲਿਆ ਜਾ ਰਿਹਾ ਹੈ। ਨਾਲ ਹੀ ਮੈਂ ਉਹਨਾਂ ਨੂੰ ਨਵੇਂ SSP ਲਈ IPS ਅਧਿਕਾਰੀਆਂ ਦਾ ਪੈਨਲ ਭੇਜਣ ਲਈ ਵੀ ਕਿਹਾ। ਮੈਂ ਇਹ ਵੀ ਕਿਹਾ ਕਿ DGP ਪ੍ਰਵੀਰ ਰੰਜਨ ਤੁਹਾਨੂੰ ਸਾਰੇ ਮਾਮਲੇ ਦੀ ਜਾਣਕਾਰੀ ਦੇਣਗੇ।”
ਉਹਨਾਂ ਅੱਗੇ ਕਿਹਾ, “ਇਸ ਤੋਂ ਬਾਅਦ 30 ਨਵੰਬਰ ਨੂੰ ਸ਼ਾਮ 4.30 ਵਜੇ ਪ੍ਰਵੀਰ ਰੰਜਨ ਪੰਜਾਬ ਦੇ ਮੁੱਖ ਸਕੱਤਰ ਨੂੰ ਮਿਲੇ ਅਤੇ ਕੇਸ ਬਾਰੇ ਸਾਰੀ ਜਾਣਕਾਰੀ ਦਿੱਤੀ। ਨਾਲ ਹੀ IPS ਅਧਿਕਾਰੀਆਂ ਦਾ ਪੈਨਲ ਭੇਜਣ ਲਈ ਵੀ ਕਿਹਾ। ਉਸੇ ਦਿਨ 30 ਨਵੰਬਰ ਨੂੰ ਯੂਟੀ ਅਡਵਾਈਜ਼ਰ ਨੇ CS ਨਾਲ ਫੋਨ ‘ਤੇ ਵੀ ਗੱਲ ਕੀਤੀ ਅਤੇ ਪੈਨਲ ਭੇਜਣ ਲਈ ਕਿਹਾ। ਮੁੱਖ ਸਕੱਤਰ ਨੇ ਸ਼ਾਮ ਦੇ ਕਰੀਬ 5.30 ਵਜੇ ਮੇਰੇ ਨਾਲ ਮੇਰੇ ਦਫਤਰ ਵਿੱਚ ਮੁਲਾਕਾਤ ਵੀ ਕੀਤੀ। ਉਸ ਵਕਤ ਵੀ ਮੈਂ ਉਹਨਾਂ ਨੂੰ ਜਲਦ ਤੋਂ ਜਲਦ ਪੈਨਲ ਭੇਜਣ ਲਈ ਕਿਹਾ। 30 ਨਵੰਬਰ ਨੂੰ ਹੀ ਕੁਲਦੀਪ ਚਹਿਲ ਨੇ ਵੀ ਮੇਰੇ ਨਾਲ ਗੱਲ ਕੀਤੀ, ਪਰ ਮੈਂ ਉਹਨਾਂ ਨੂੰ ਸਾਫ ਤੌਰ ‘ਤੇ ਕਿਹਾ ਕਿ ਤੁਸੀਂ ਪੰਜਾਬ ਵਾਪਸ ਚਲੇ ਜਾਓ।”
ਤੁਸੀਂ ਗੁਜਰਾਤ ਚੋੇਣਾਂ ‘ਚ ਵਿਅਸਤ ਸੀ- ਰਾਜਪਾਲ
ਰਾਜਪਾਲ ਨੇ ਇਸ ਲੈਟਰ ਵਿੱਚ ਸੀਐੱਮ ਵੱਲੋਂ ਗੁਜਰਾਤ ਚੋਣਾਂ ਵਿੱਚ ਕੀਤੇ ਲਗਾਤਾਰ ਪ੍ਰਚਾਰ ‘ਤੇ ਵੀ ਨਿਸ਼ਾਨਾ ਸਾਧਿਆ। ਰਾਜਪਾਲ ਨੇ ਕਿਹਾ ਕਿ ਉਹ ਸੀਐੱਮ ਨਾਲ ਰਾਬਤਾ ਕਾਇਮ ਨਹੀਂ ਕਰ ਸਕੇ, ਕਿਉਂਕਿ ਉਹ ਗੁਜਰਾਤ ਚੋਣਾਂ ਦੇ ਪ੍ਰਚਾਰ ਵਿੱਚ ਮਸ਼ਰੂਫ ਸਨ।
ਬੇਵਜ੍ਹਾ ਪੰਜਾਬ-ਹਰਿਆਣਾ ਦਾ ਮੁੱਦਾ ਛੇੜਿਆ- ਰਾਜਪਾਲ
ਰਾਜਪਾਲ ਨੇ ਕਿਹਾ ਕਿ ਤੁਸੀਂ ਬੇਵਜ੍ਹਾ ਇਸ ਮਾਮਲੇ ਵਿੱਚ ਪੰਜਾਬ-ਹਰਿਆਣਾ ਦਾ ਮੁੱਦਾ ਛੇੜ ਦਿੱਤਾ, ਜਦਕਿ ਇੱਕ ਹਫਤੇ ਜਾਂ 2 ਹਫਤੇ ਲਈ ਕੀਤੀ ਐਡਹਾਕ ਨਿਯੁਕਤੀ ਇਸ ਮੁੱਦੇ ਦਾ ਅਧਾਰ ਹੋ ਹੀ ਨਹੀਂ ਸਕਦੀ। ਚੰਗਾ ਹੁੰਦਾ ਜੇਕਰ ਤੁਸੀਂ ਲੈਟਰ ਲਿਖਣ ਤੋਂ ਪਹਿਲਾਂ ਇਹਨਾਂ ਸਾਰੇ ਪਹਿਲੂਆਂ ‘ਤੇ ਵਿਚਾਰ ਕਰਦੇ।
ਕੀ ਹੈ ਪੂਰਾ ਵਿਵਾਦ..?
ਇਹ ਪੂਰਾ ਵਿਵਾਦ ਚੰਡੀਗੜ੍ਹ ਦੇ SSP ਨੂੰ ਲੈ ਕੇ ਹੈ। ਦਰਅਸਲ, SSP ਕੁਲਦੀਪ ਚਹਿਲ ਨੂੰ ਕਾਰਜਕਾਲ ਖਤਮ ਹੋਣ ਤੋਂ 9 ਮਹੀਨੇ ਪਹਿਲਾਂ ਹੀ ਚੰਡੀਗੜ੍ਹ ਤੋਂ ਰਿਲੀਵ ਕਰਕੇ ਉਹਨਾਂ ਦੇ ਮੂਲ ਕਾਡਰ ਪੰਜਾਬ ਭੇਜ ਦਿੱਤਾ ਗਿਆ। ਪਹਿਲੀ ਵਾਰ ਕਿਸੇ SSP ਨੂੰ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਰਿਲੀਵ ਕੀਤਾ ਗਿਆ ਹੈ। ਗ੍ਰਹਿ ਮੰਤਰਾਲੇ ਨੇ ਪੱਤਰ ਜਾਰੀ ਕਰਕੇ SSP ਨੂੰ ਤਤਕਾਲ ਪ੍ਰਭਾਵ ਨਾਲ ਰਿਲੀਵ ਕਰਨ ਦਾ ਆਦੇਸ਼ ਦਿੱਤਾ। ਜਦੋਂ ਤੱਕ ਬਤੌਰ SSP ਨਵੇਂ ਅਧਿਕਾਰੀ ਦੀ ਚੋਣ ਨਹੀਂ ਹੁੰਦੀ, ਉਦੋਂ ਤੱਕ ਹਰਿਆਣਾ ਕਾਡਰ ਦੇ IPS ਅਧਿਕਾਰੀ ਮਨੀਸ਼ਾ ਚੌਧਰੀ ਨੂੰ ਵਾਧੂ ਕਾਰਜਭਾਰ ਸੌਂਪਿਆ ਗਿਆ ਹੈ।